ਕਾਂਗਰਸੀਆਂ ਵੱਲੋਂ ਭਾਜਪਾ ਦਫ਼ਤਰ ਦਾ ਘਿਰਾਓ
ਗਗਨ ਅਰੋੜਾ
ਲੁਧਿਆਣਾ, 26 ਸਤੰਬਰ
ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਖਿਲਾਫ਼ ਬਿਆਨ ਦੇਣ ਤੋਂ ਬਾਅਦ ਕਾਂਗਰਸੀ ਆਗੂਆਂ ਤੇ ਕਾਰਕੁਨਾਂ ਵੱਲੋਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖਿਲਾਫ਼ ਲਗਾਤਾਰ ਮੁਜ਼ਾਹਰੇ ਕੀਤੇ ਜਾ ਰਹੇ ਹਨ। ਅੱਜ ਵੀ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਲਈ ਕਾਂਗਰਸੀ ਪਹੁੰਚੇ। ਹਾਲਾਂਕਿ, ਪੁਲੀਸ ਵੱਲੋਂ ਪਹਿਲਾਂ ਤੋਂ ਹੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਾਂਗਰਸੀ ਆਗੂ ਈਸ਼ਵਰਜੋਤ ਸਿੰਘ ਚੀਮਾ ਨੇ ਕੀਤੀ। ਕਦੇ ਬਿੱਟੂ ਦੇ ਨੇੜੇ ਰਹਿਣ ਵਾਲੇ ਚੀਮਾ ਨੇ ਵੀ ਬਿੱਟੂ ਖਿਲਾਫ਼ ਜੰਮ ਕੇ ਭੜਾਸ ਕੱਢੀ। ਕਾਂਗਰਸੀ ਆਗੂ ਈਸ਼ਵਰਜੋਤ ਸਿੰਘ ਚੀਮਾ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਨੇ ਹੱਥਾਂ ’ਚ ਤਖ਼ਤੀਆਂ ਫੜ ਕੇ ਭਾਜਪਾ ਦਫ਼ਤਰ ਦਾ ਘਿਰਾਓ ਕੀਤਾ। ਇਸ ਦੌਰਾਨ ਪੁਲੀਸ ਨੇ ਉਨ੍ਹਾਂ ਨੂੰ ਪਹਿਲਾਂ ਹੀ ਰੋਕ ਲਿਆ ਅਤੇ ਉੱਥੇ ਹੀ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਖ਼ਿਲਾਫ਼ ਨਾਅਰੇਬਾਜ਼ੀ ਕਰਨ ਦੇ ਨਾਲ ਰੋਸ ਮਾਰਚ ਵੀ ਕੱਢਿਆ।
ਸ੍ਰੀ ਚੀਮਾ ਨੇ ਕਿਹਾ ਕਿ ਬੀਤੇ ਦਿਨਾਂ ਤੋਂ ਰਵਨੀਤ ਬਿੱਟੂ, ਰਾਹੁਲ ਗਾਂਧੀ ਖ਼ਿਲਾਫ਼ ਗਲਤ ਬਿਆਨਬਾਜ਼ੀ ਕਰ ਰਹੇ ਹਨ, ਜੋ ਸਰਾਸਰ ਗਲਤ ਹੈ। ਅੱਜ ਰਵਨੀਤ ਬਿੱਟੂ ਇੱਕ ਮੰਤਰੀ ਦੇ ਅਹੁਦੇ ’ਤੇ ਹਨ ਤੇ ਇੱਕ ਜ਼ਿੰਮੇਵਾਰ ਅਹੁਦੇ ’ਤੇ ਬੈਠ ਕੇ ਉਨ੍ਹਾਂ ਨੂੰ ਅਜਿਹੀ ਬਿਆਨਬਾਜ਼ੀ ਕਰਨਾ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਭਾਜਪਾ ਨੂੰ ਖੁਸ਼ ਕਰਨ ਲਈ ਲਗਾਤਾਰ ਰਾਹੁਲ ਗਾਂਧੀ ਖਿਲਾਫ਼ ਬੋਲ ਰਹੇ ਹਨ।