ਭਾਜਪਾ ਨੇ ਸਾਡੇ ਵਿਧਾਇਕਾਂ ਨੂੰ ਖਰੀਦਣ ਲਈ 25-25 ਕਰੋੜ ਰੁਪਏ ਤੇ ਟਿਕਟ ਦੀ ਪੇਸ਼ਕਸ਼ ਕੀਤੀ: ਕੇਜਰੀਵਾਲ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਜਨਵਰੀ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਕਿ ਭਾਜਪਾ ਵੱਲੋਂ ਦਿੱਲੀ ਦੇ ਉਨ੍ਹਾਂ ਦੇ 7 ਵਿਧਾਇਕਾਂ ਨੂੰ 25-25 ਕਰੋੜ ’ਚ ਖਰੀਦਣ ਦੀ ਪੇਸ਼ਕਸ਼ ਕੀਤੀ ਗਈ ਹੈ। ਸ੍ਰੀ ਕੇਜਰੀਵਾਲ ਵੱਲੋਂ ਸੋਸ਼ਲ ਮੰਚ ਐਕਸ ਉਪਰ ਦੱਸਿਆ ਗਿਆ, ‘ਹਾਲ ਹੀ ’ਚ ਭਾਜਪਾ ਨੇ ਦਿੱਲੀ ਦੇ ਸਾਡੇ 7 ਵਿਧਾਇਕਾਂ ਨਾਲ ਸੰਪਰਕ ਕੀਤਾ ਹੈ ਅਤੇ ਕਿਹਾ ਹੈ ਕਿ ਕੁਝ ਦਿਨਾਂ ਬਾਅਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਸ ਤੋਂ ਬਾਅਦ ਵਿਧਾਇਕਾਂ ਨੂੰ ਤੋੜ ਦੇਵਾਂਗੇ। 21 ਵਿਧਾਇਕਾਂ ਨਾਲ ਗੱਲਬਾਤ ਹੋ ਚੁੱਕੀ ਹੈ। ਹੋਰਾਂ ਨਾਲ ਵੀ ਗੱਲ ਚੱਲ ਰਹੀ ਹੈ। ਉਸ ਤੋਂ ਬਾਅਦ ਅਸੀਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਗ ਦੇਵਾਂਗੇ। ਤੁਸੀਂ ਵੀ ਆ ਸਕਦੇ ਹੋ। 25 ਕਰੋੜ ਰੁਪਏ ਦੇਵਾਂਗਾ ਅਤੇ ਭਾਜਪਾ ਦੀ ਟਿਕਟ 'ਤੇ ਚੋਣ ਲੜਾਵਾਂਗੇ।’
ਸ੍ਰੀ ਕੇਜਰੀਵਾਲ ਵੱਲੋਂ ਦੱਸਿਆ ਗਿਆ ਕਿ ਹਾਲਾਂਕਿ ਭਾਜਪਾ ਦਾ ਦਾਅਵਾ ਹੈ ਕਿ ਉਸ ਨੇ 21 ਵਿਧਾਇਕਾਂ ਨਾਲ ਸੰਪਰਕ ਕੀਤਾ ਹੈ ਪਰ ਸਾਡੀ ਜਾਣਕਾਰੀ ਮੁਤਾਬਕ ਹੁਣ ਤੱਕ ਸਿਰਫ 7 ਵਿਧਾਇਕਾਂ ਨਾਲ ਹੀ ਸੰਪਰਕ ਕੀਤਾ ਹੈ ਅਤੇ ਸਾਰਿਆਂ ਨੇ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਆਪਣੀ ਗ੍ਰਿਫਤਾਰੀ ਦੇ ਖ਼ਦਸ਼ਿਆਂ ਬਾਰੇ ਕਿਹਾ, ‘ਇਸ ਦਾ ਮਤਲਬ ਹੈ ਕਿ ਮੈਨੂੰ ਕਿਸੇ ਸ਼ਰਾਬ ਘੁਟਾਲੇ ਦੀ ਜਾਂਚ ਲਈ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ, ਸਗੋਂ ਉਹ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਰਚ ਰਹੇ ਹਨ। ਪਿਛਲੇ ਨੌਂ ਸਾਲਾਂ ਵਿੱਚ ਉਨ੍ਹਾਂ ਨੇ ਸਾਡੀ ਸਰਕਾਰ ਨੂੰ ਡੇਗਣ ਲਈ ਕਈ ਸਾਜ਼ਿਸ਼ਾਂ ਰਚੀਆਂ ਪਰ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ। ਰੱਬ ਅਤੇ ਲੋਕਾਂ ਨੇ ਹਮੇਸ਼ਾ ਸਾਡਾ ਸਾਥ ਦਿੱਤਾ। ਸਾਡੇ ਸਾਰੇ ਵਿਧਾਇਕ ਵੀ ਮਜ਼ਬੂਤੀ ਨਾਲ ਇਕੱਠੇ ਹਨ। ਇਸ ਵਾਰ ਵੀ ਇਹ ਲੋਕ ਆਪਣੇ ਨਾਪਾਕ ਇਰਾਦਿਆਂ ਵਿੱਚ ਨਾਕਾਮ ਹੋਣਗੇ।’ ਉਨ੍ਹਾਂ ਕਿਹਾ ਕਿ ਇਹ ਲੋਕ ਜਾਣਦੇ ਹਨ ਕਿ ਸਾਡੀ ਸਰਕਾਰ ਨੇ ਦਿੱਲੀ ਦੇ ਲੋਕਾਂ ਲਈ ਕਿੰਨਾ ਕੰਮ ਕੀਤਾ ਹੈ। ਉਨ੍ਹਾਂ ਦੁਆਰਾ ਪੈਦਾ ਕੀਤੀਆਂ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਬਹੁਤ ਕੁਝ ਪੂਰਾ ਕੀਤਾ ਹੈ। ਦਿੱਲੀ ਦੇ ਲੋਕ 'ਆਪ' ਨੂੰ ਬੇਹੱਦ ਪਿਆਰ ਕਰਦੇ ਹਨ। ਇਸ ਲਈ ਚੋਣਾਂ ਵਿੱਚ ‘ਆਪ’ ਨੂੰ ਹਰਾਉਣਾ ਉਨ੍ਹਾਂ ਦੇ ਵੱਸ ਵਿੱਚ ਨਹੀਂ ਹੈ। ਇਸ ਲਈ ਉਹ ਫ਼ਰਜ਼ੀ ਸ਼ਰਾਬ ਘਪਲੇ ਦੇ ਬਹਾਨੇ ਗ੍ਰਿਫਤਾਰ ਕਰਕੇ ਸਰਕਾਰ ਨੂੰ ਡੇਗਣਾ ਚਾਹੁੰਦੇ ਹਨ।