ਭਾਜਪਾ ਨੇ ਕਦੇ ਮੇਰੀ ਰਾਇ ਨਹੀਂ ਲਈ: ਕੈਪਟਨ
ਰੁਚਿਕਾ ਐੱਮ ਖੰਨਾ
ਚੰਡੀਗੜ੍ਹ, 26 ਅਕਤੂਬਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਭਾਜਪਾ ਨੂੰ ਪੰਜਾਬ ਦੀ ਸਿਆਸਤ ਜਾਂ ਕਿਸਾਨੀ ਮੁੱਦੇ ’ਤੇ ਉਦੋਂ ਤੱਕ ਸਲਾਹ ਨਹੀਂ ਦੇਣਗੇ, ਜਦੋਂ ਤੱਕ ‘ਪਾਰਟੀ ਇਸ ਬਾਰੇ ਨਹੀਂ ਕਹੇਗੀ।’ ਸਾਬਕਾ ਮੁੱਖ ਮੰਤਰੀ ਸਤੰਬਰ, 2022 ਵਿੱਚ ਭਾਜਪਾ ’ਚ ਸ਼ਾਮਲ ਹੋ ਗਏ ਸੀ।
‘ਦਿ ਟ੍ਰਿਬਿਊਨ’ ਨੂੰ ਦਿੱਤੀ ਇੰਟਰਵਿਊ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਉਨ੍ਹਾਂ ਨੇ ਮੇਰੀ ਰਾਇ ਨਹੀਂ ਮੰਗੀ। ਮੈਂ ਭਾਜਪਾ ਤੋਂ ਨਿਰਾਸ਼ ਨਹੀਂ ਪਰ ਯਕੀਨਨ ਸੋਚਦਾ ਹਾਂ ਕਿ ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਡੇ ਵਿੱਚੋਂ ਬਹੁਤੇ (ਸਾਬਕਾ ਕਾਂਗਰਸੀ ਨੇਤਾ) ਮਜ਼ੇ ਲਈ ਪਾਰਟੀ ਵਿੱਚ ਸ਼ਾਮਲ ਨਹੀਂ ਹੋਏ ਸਨ। ਅਸੀਂ ਉਨ੍ਹਾਂ ਨਾਲ ਇਸ ਲਈ ਸ਼ਾਮਲ ਹੋਏ ਕਿਉਂਕਿ ਅਸੀਂ ਸਾਰੇ ਗੰਭੀਰ ਅਤੇ ਤਜਰਬੇਕਾਰ ਸਿਆਸਤਦਾਨ ਹਾਂ। ਕੀ ਪੰਜਾਬ ਦੇ ਸੰਕਟ ਬਾਰੇ ਉਨ੍ਹਾਂ ਨੂੰ ਸਾਡੇ ਤੋਂ ਵਧੀਆ ਕੋਈ ਹੋਰ ਸਲਾਹ ਦੇ ਸਕਦਾ ਹੈ?’’ ਉਨ੍ਹਾਂ ਕਿਹਾ, ‘‘ਮੈਂ 1967 ਤੋਂ ਸਿਆਸਤ ਵਿੱਚ ਹਾਂ। ਮੈਂ ਦੋ ਵਾਰ ਮੁੱਖ ਮੰਤਰੀ, ਇੱਕ ਵਾਰ ਮੰਤਰੀ, ਦੋ ਵਾਰ ਸੰਸਦ ਮੈਂਬਰ ਅਤੇ ਸੱਤ ਵਾਰ ਵਿਧਾਇਕ ਰਿਹਾ ਹਾਂ। ਉਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਵੀ ਮੇਰੀ ਰਾਇ ਨਹੀਂ ਪੁੱਛੀ। ਪਟਿਆਲਾ, ਸੰਗਰੂਰ, ਮਾਨਸਾ ਜਾਂ ਕਿਸੇ ਵੀ ਹੋਰ ਸੀਟ ਬਾਰੇ ਫ਼ੈਸਲਾ ਲੈਣ ਤੋਂ ਪਹਿਲਾਂ ਮੈਨੂੰ ਪੁੱਛਣਾ ਚਾਹੀਦਾ ਸੀ। ਸ਼ੇਖਾਵਤ (ਗਜੇਂਦਰ ਸ਼ੇਖਾਵਤ) ਨਾਲ ਪੰਜਾਬ ਵਿੱਚ ਕੰਮ ਕਰਨ ਵਾਲੀ ਇੱਕ ਟੀਮ ਮੈਨੂੰ ਮਿਲਣ ਆਈ ਸੀ, ਪਰ ਕਿਸੇ ਨੇ ਕਦੇ ਵੀ ਕਿਸੇ ਸੀਟ ਬਾਰੇ ਮੇਰੀ ਰਾਇ ਨਹੀਂ ਪੁੱਛੀ।’’ ਡੇਰਾ ਬਾਬਾ ਨਾਨਕ, ਚੱਬੇਵਾਲ, ਬਰਨਾਲਾ ਅਤੇ ਗਿੱਦੜਬਾਹਾ ਵਿੱਚ 13 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਸਬੰਧੀ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ, “ਜੇ ਉਹ ਮੈਨੂੰ ਸਟਾਰ ਪ੍ਰਚਾਰਕਾਂ ਵਿੱਚੋਂ ਇੱਕ ਵਜੋਂ ਸੂਚੀਬੱਧ ਕਰਦੇ ਹਨ ਅਤੇ ਜੇਕਰ ਉਮੀਦਵਾਰ ਚਾਹੁੰਦੇ ਹਨ ਕਿ ਮੈਂ ਉਨ੍ਹਾਂ ਲਈ ਪ੍ਰਚਾਰ ਕਰਾਂ ਤਾਂ ਮੈਂ ਭਾਜਪਾ ਲਈ ਚੋਣ ਪ੍ਰਚਾਰ ਕਰਾਂਗਾ।’’
ਇਹ ਪੁੱਛੇ ਜਾਣ ’ਤੇ ਕਿ ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਲਈ ਝੋਨੇ ਦੀ ਖਰੀਦ ਚੁਣੌਤੀਪੂਰਨ ਮੁੱਦਾ ਕਿਉਂ ਬਣ ਗਈ ਹੈ, ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਸਮੱਸਿਆ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੇ ਕੈਬਨਿਟ ਸਾਥੀਆਂ ਦੇ ਤਜਰਬੇ ਦੀ ਘਾਟ ਅਤੇ ਸੂਬਾ ਸਰਕਾਰ ਦੇ ਕੇਂਦਰ ਨਾਲ ਤਾਲਮੇਲ ਦੀ ਘਾਟ ਹੈ।
ਉਨ੍ਹਾਂ ਕਿਹਾ, ‘‘ਇਹ ਕਹਿਣਾ ਗਲਤ ਹੈ ਕਿ ਪੰਜਾਬ ਵਿੱਚ ਵਿਰੋਧੀ ਪਾਰਟੀ ਦਾ ਰਾਜ ਹੈ, ਇਸ ਲਈ ਭਾਜਪਾ ਇਸ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਮੁੱਖ ਮੰਤਰੀ ਵਜੋਂ ਮੇਰੇ ਕਾਰਜਕਾਲ (2002-07 ਅਤੇ 2017-21) ਦੌਰਾਨ, ਭਾਜਪਾ ਕੇਂਦਰ ਵਿੱਚ ਸੱਤਾ ’ਚ ਸੀ। ਕਿਸੇ ਵੀ ਸਮੱਸਿਆ ਦੇ ਮਾਮਲੇ ਵਿੱਚ, ਭਾਵੇਂ ਉਹ ਅਨਾਜ ਉਤਪਾਦਨ, ਖਰੀਦ, ਅਨਾਜ ਦੀ ਢੋਆ-ਢੁਆਈ ਜਾਂ ਇੱਥੋਂ ਤੱਕ ਕਿ ਕਾਨੂੰਨ ਅਤੇ ਵਿਵਸਥਾ ਜਿਵੇਂ ਕਿ ਨਸ਼ਿਆਂ ਅਤੇ ਹਥਿਆਰਾਂ ਦੀ ਸਰਹੱਦ ਪਾਰ ਤੋਂ ਤਸਕਰੀ ਦਾ ਮੁੱਦਾ ਸੀ, ਮੈਂ ਪ੍ਰਧਾਨ ਮੰਤਰੀ ਅਤੇ ਕੇਂਦਰੀ ਮੰਤਰੀਆਂ ਨੂੰ ਮਿਲਿਆ ਅਤੇ ਮੇਰੀ ਹਮੇਸ਼ਾ ਸੁਣੀ ਗਈ ਅਤੇ ਸਮੱਸਿਆਵਾਂ ਹੱਲ ਕੀਤੀਆਂ ਗਈਆਂ।’’
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੋ ਸਕਦਾ ਹੈ ਕਿ ਭਗਵੰਤ ਮਾਨ ਕੇਂਦਰ ਕੋਲ ਸੂਬੇ ਦੀ ਸਥਿਤੀ ਸਪੱਸ਼ਟ ਕਰਨ ਦੇ ਯੋਗ ਨਹੀਂ ਸੀ। ਕੈਪਟਨ ਨੇ ਕਿਹਾ, ‘‘ਜਦੋਂ ਅਕਾਲੀਆਂ ਦੀ ਸਰਕਾਰ ਸੀ, ਉਦੋਂ ਵੀ ਕੇਂਦਰ ਦੀ ਉਸ ਵੇਲੇ ਦੀ ਕਾਂਗਰਸ ਸਰਕਾਰ ਮਸਲਿਆਂ ਨੂੰ ਸੁਲਝਾਉਂਦੀ ਸੀ। ਸਰਕਾਰਾਂ ਵਿਚਾਲੇ ਗੱਲਬਾਤ ਹੋਣੀ ਚਾਹੀਦੀ ਹੈ। ਖੰਨਾ ਦੀ ਮੇਰੀ ਫੇਰੀ ਦੌਰਾਨ, ਨੌਜਵਾਨ ਕਿਸਾਨਾਂ ਨੇ ਮੈਨੂੰ ਕੇਂਦਰ ਕੋਲ ਮੁੱਦਾ (ਝੋਨੇ ਦੀ ਖਰੀਦ ਸਬੰਧੀ) ਉਠਾਉਣ ਦੀ ਅਪੀਲ ਕੀਤੀ।