ਜੇਪੀਸੀ ਬੈਠਕ ਵਿਚ ‘ਨੈਸ਼ਨਲ ਹੈਰਾਲਡ ਦੀ ਲੁੱਟ’ ਲਿਖਿਆ ਬੈਗ ਲੈ ਕੇ ਪਹੁੰਚੀ ਭਾਜਪਾ ਐੱਮਪੀ ਬਾਂਸੁਰੀ ਸਵਰਾਜ
ਨਵੀਂ ਦਿੱਲੀ, 22 ਅਪਰੈਲ
ਭਾਜਪਾ ਸੰਸਦ ਮੈਂਬਰ ਬਾਂਸੁਰੀ ਸਵਰਾਜ ‘ਇਕੋ ਵੇਲੇ ਚੋਣਾਂ ਕਰਵਾਉਣ’ ਦੀ ਤਜਵੀਜ਼ ਨਾਲ ਸਬੰਧਤ ਬਿਲਾਂ ’ਤੇ ਚਰਚਾ ਲਈ ਮੰਗਲਵਾਰ ਨੂੰ ਸੱਦੀ ਸਾਂਝੀ ਸੰਸਦੀ ਕਮੇਟੀ (JPC) ਦੀ ਬੈਠਕ ਵਿਚ ਇਕ ਬੈਗ ਲੈ ਕੇ ਪੁੱਜੇ। ਇਸ ਕਾਲੇ ਰੰਗ ਦੇ ਬੈਗ ’ਤੇ ਲਾਲ ਰੰਗ ਵਿਚ ‘ਨੈਸ਼ਨਲ ਹੈਰਾਲਡ ਦੀ ਲੁੱਟ’ ਦਾ ਸੁਨੇਹਾ ਲਿਖਿਆ ਸੀ।
ਕਾਬਿਲੇਗੌਰ ਹੈ ਕਿ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਕਾਂਗਰਸ ਆਗੂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਮੁਲਜ਼ਮ ਹਨ ਤੇ ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਉਨ੍ਹਾਂ ’ਤੇ ਮਨੀ ਲਾਂਡਰਿੰਗ ਦਾ ਦੋਸ਼ ਲਗਾਇਆ ਹੈ। ਕਾਂਗਰਸ ਨੇ ਹਾਲਾਂਕਿ ਸੱਤਾਧਾਰੀ ਭਾਜਪਾ ਵੱਲੋਂ ਆਪਣੇ ਸਿਖਰਲੇ ਆਗੂਆਂ ਵਿਰੁੱਧ ਲਾਏ ਦੋਸ਼ਾਂ ਨੂੰ ‘ਬਦਲਾਖੋਰੀ ਦੀ ਸਿਆਸਤ’ ਦੱਸ ਕੇ ਖਾਰਜ ਕਰ ਦਿੱਤਾ ਹੈ।
ਸੁਪਰੀਮ ਕੋਰਟ ਦੇ ਸਾਬਕਾ ਜੱਜ ਹੇਮੰਤ ਗੁਪਤਾ, ਭਾਰਤੀ ਕਾਨੂੰਨ ਕਮਿਸ਼ਨ ਦੇ ਸਾਬਕਾ ਚੇਅਰਮੈਨ ਬੀ.ਐਸ. ਚੌਹਾਨ ਅਤੇ ਪ੍ਰਸਿੱਧ ਵਕੀਲ ਅਤੇ ਕਾਂਗਰਸ ਸੰਸਦ ਮੈਂਬਰ ਅਭਿਸ਼ੇਕ ਮਨੂ ਸਿੰਘਵੀ ‘ਇੱਕੋ ਸਮੇਂ ਚੋਣਾਂ’ ਦੇ ਮੁੱਦੇ ’ਤੇ ਸੰਸਦ ਦੀ ਸਾਂਝੀ ਕਮੇਟੀ ਅੱਗੇ ਆਪਣੇ ਵਿਚਾਰ ਰੱਖਣਗੇ। ਕਮੇਟੀ ਦੀ ਅਗਵਾਈ ਭਾਜਪਾ ਸੰਸਦ ਮੈਂਬਰ ਪੀ.ਪੀ. ਚੌਧਰੀ ਕਰ ਰਹੇ ਹਨ। -ਪੀਟੀਆਈ