ਭਾਜਪਾ ਵਿਧਾਇਕਾਂ ਵੱਲੋਂ ਸਪੀਕਰ ਦੇ ਚੈਂਬਰ ’ਚ ਧਰਨਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜਨਵਰੀ
ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਵਿਜੇਂਦਰ ਗੁਪਤਾ ਦੀ ਅਗਵਾਈ ਹੇਠ ਭਾਜਪਾ ਵਿਧਾਇਕ ਦਲ ਨੇ ਅੱਜ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਦੇ ਦਫ਼ਤਰ ਵਿੱਚ ਧਰਨਾ ਦਿੱਤਾ। ਇਸ ਦੌਰਾਨ ਉਨ੍ਹਾਂ 14 ਕੈਗ ਦੀਆਂ ਰਿਪੋਰਟਾਂ ਨੂੰ ਪੇਸ਼ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕੀਤੀ।
ਧਰਨੇ ਦੌਰਾਨ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਸਪੀਕਰ ਨੂੰ ਮੰਗ ਪੱਤਰ ਸੌਂਪਿਆ ਅਤੇ ਮੰਗ ਕੀਤੀ ਕਿ ਉਹ ਇਸ ਸਬੰਧੀ ਸਰਕਾਰ ਨੂੰ ਨਿਰਦੇਸ਼ ਦੇਣ ਕਿ ਕੈਗ ਦੀਆਂ ਸਾਰੀਆਂ 14 ਰਿਪੋਰਟਾਂ ਤੁਰੰਤ ਸਦਨ ਦੇ ਮੇਜ਼ ’ਤੇ ਪੇਸ਼ ਕੀਤੀਆਂ ਜਾਣ। ਵਿਧਾਨ ਸਭਾ ਸਪੀਕਰ ਨੇ ਇਸ ਮੁੱਦੇ ’ਤੇ ਭਾਜਪਾ ਵਿਧਾਇਕਾਂ ਨਾਲ ਬਹਿਸ ਵੀ ਕੀਤੀ ਪਰ ਵਿਧਾਇਕ ਉਨ੍ਹਾਂ ਦੀ ਦਲੀਲ ਤੋਂ ਸੰਤੁਸ਼ਟ ਨਹੀਂ ਹੋਏ। ਧਰਨੇ ਮਗਰੋਂ ਮੀਡੀਆ ਨਾਲ ਮੁਲਾਕਾਤ ਕਰਨ ਵੇਲੇ ਵਿਜੇਂਦਰ ਗੁਪਤਾ ਨੇ ਕਿਹਾ ਕਿ ਸਰਕਾਰ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਅਤੇ ਹਰ ਪਾਸਿਓਂ ਦਬਾਅ ਪਾਉਣ ਦੇ ਬਾਵਜੂਦ ਉਹ ਜਾਣਬੁੱਝ ਕੇ 14 ਕੈਗ ਦੀਆਂ ਰਿਪੋਰਟਾਂ ਨੂੰ ਵਿਧਾਨ ਸਭਾ ਦੇ ਸਦਨ ਵਿੱਚ ਪੇਸ਼ ਕਰਨ ਵਿੱਚ ਦੇਰੀ ਕਰ ਰਹੇ ਹਨ ਤਾਂ ਜੋ ਸਰਕਾਰ ਵੱਲੋਂ ਕਿਸੇ ਤਰ੍ਹਾਂ ਆਪਣਾ ਕਾਰਜਕਾਲ ਪੂਰਾ ਕੀਤਾ ਜਾਵੇ ਅਤੇ ਇਨ੍ਹਾਂ ਰਿਪੋਰਟਾਂ ਵਿੱਚ ਛੁਪੀ ਹੋਈ ਆਮ ਆਦਮੀ ਪਾਰਟੀ ਦੇ ਭ੍ਰਿਸ਼ਟਾਚਾਰ ਦੀ ਕਹਾਣੀ ਲੋਕਾਂ ਦੇ ਸਾਹਮਣੇ ਨਾ ਆਵੇ। ਵਿਧਾਨ ਸਭਾ ਸਪੀਕਰ ਨਾਲ ਮੁਲਾਕਾਤ ਕਰਨ ਵਾਲਿਆਂ ਵਿੱਚ ਵਿਰੋਧੀ ਧਿਰ ਦੇ ਆਗੂ ਵਿਜੇਂਦਰ ਗੁਪਤਾ ਦੇ ਨਾਲ ਭਾਜਪਾ ਵਿਧਾਇਕ ਮੋਹਨ ਸਿੰਘ ਬਿਸ਼ਟ, ਓਮ ਪ੍ਰਕਾਸ਼ ਸ਼ਰਮਾ, ਅਭੈ ਵਰਮਾ, ਅਜੈ ਮਹਾਵਰ, ਅਨਿਲ ਬਾਜਪਾਈ ਅਤੇ ਜਤਿੰਦਰ ਮਹਾਜਨ ਸ਼ਾਮਲ ਸਨ।
ਗੁਪਤਾ ਨੇ ਕਿਹਾ ਕਿ ਭਾਜਪਾ ਵਿਧਾਇਕ ਦਲ ਨੇ 19 ਦਸੰਬਰ ਨੂੰ ਸਪੀਕਰ ਨਾਲ ਮੁਲਾਕਾਤ ਕਰਕੇ ਇਸ ਸਬੰਧੀ ਉਨ੍ਹਾਂ ਨੂੰ ਮੰਗ ਪੱਤਰ ਵੀ ਸੌਂਪਿਆ ਸੀ। ਅੱਜ ਫਿਰ ਵਿਰੋਧੀ ਧਿਰ ਨੇ ਉਨ੍ਹਾਂ ਨੂੰ ਦੂਜਾ ਮੰਗ ਪੱਤਰ ਸੌਂਪ ਕੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਅਪੀਲ ਕੀਤੀ ਹੈ।
ਮੈਮੋਰੰਡਮ ਵਿੱਚ ਕਿਹਾ ਗਿਆ ਹੈ ਕਿ ਕੈਗ ਸਰਕਾਰ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ, ਇਸ ਦੀ ਵਿੱਤੀ ਸਥਿਤੀ ਅਤੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਦਾ ਮੁਲਾਂਕਣ ਕਰਨ ਲਈ ਸਰਕਾਰੀ ਵਿਭਾਗਾਂ ਦਾ ਨਿਯਮਿਤ ਤੌਰ ‘ਤੇ ਆਡਿਟ ਕਰਦਾ ਹੈ। ਇਸ ਦੌਰਾਨ ਸਪੀਕਰ ਅਤੇ ਆਮ ਆਦਮੀ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।