ਭਾਜਪਾ ਵੱਲੋਂ ਕੇਜਰੀਵਾਲ ਦੀ ਰਿਹਾਇਸ਼ ਤੱਕ ਮਾਰਚ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਜਨਵਰੀ
ਭਾਜਪਾ ਵਰਕਰਾਂ ਨੇ ਪੂਰਵਾਂਚਲ ਦੇ ਲੋਕਾਂ ਖ਼ਿਲਾਫ਼ ਕੀਤੀ ਕਥਿਤ ਟਿੱਪਣੀ ਦੇ ਵਿਰੋਧ ਵਿੱਚ ਅੱਜ ਅਸ਼ੋਕਾ ਰੋਡ ਤੋਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਤੱਕ ‘ਪੂਰਵਾਂਚਲ ਸਨਮਾਨ ਮਾਰਚ’ ਕੱਢਿਆ। ਜਦੋਂ ਪ੍ਰਦਰਸ਼ਨਕਾਰੀਆਂ ਨੇ ਫਿਰੋਜ਼ਸ਼ਾਹ ਰੋਡ ਸਥਿਤ ਕੇਜਰੀਵਾਲ ਦੀ ਰਿਹਾਇਸ਼ ਨੇੜੇ ਲਗਾਏ ਬੈਰੀਕੇਡਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਜਲ ਤੋਪਾਂ ਦੀ ਵਰਤੋਂ ਕੀਤੀ। ਪੁਲੀਸ ਨੇ ਕਈ ਭਾਜਪਾ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਭਾਜਪਾ ਨੇ ਕੇਜਰੀਵਾਲ ‘ਤੇ ਯੂਪੀ, ਬਿਹਾਰ, ਝਾਰਖੰਡ ਦੇ ਲੋਕਾਂ ਦਾ ਨਿਰਾਦਰ ਕਰਨ ਦਾ ਦੋਸ਼ ਲਾਇਆ।
ਭਾਜਪਾ ਲੋਕ ਸਭਾ ਮੈਂਬਰ ਮਨੋਜ ਤਿਵਾੜੀ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ‘ਆਪ’ ਦਾ ਯੂਪੀ, ਬਿਹਾਰ, ਝਾਰਖੰਡ ਦੇ ਲੋਕਾਂ ਦਾ ਨਿਰਾਦਰ ਕਰਨ ਦਾ ਇਤਿਹਾਸ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਹਾਲ ਹੀ ਵਿੱਚ ਯੂਪੀ ਅਤੇ ਬਿਹਾਰ ਦੇ ਲੋਕਾਂ ਨੂੰ ‘ਫਰਜ਼ੀ’ ਕਿਹਾ ਹੈ ਅਤੇ ਉਨ੍ਹਾਂ ’ਤੇ ਦਿੱਲੀ ਵਿੱਚ ‘ਜਾਅਲੀ ਵੋਟਰ ਪਛਾਣ ਪੱਤਰ ਬਣਾਉਣ’ ਦਾ ਦੋਸ਼ ਲਗਾਇਆ ਹੈ।
ਉਧਰ, ਇਸ ਦਾ ਜਵਾਬ ਦਿੰਦਿਆਂ ‘ਆਪ’ ਵਿਧਾਇਕ ਸੌਰਭ ਭਾਰਦਵਾਜ ਨੇ ਕਿਹਾ ਕਿ ਉਹ ਦਿੱਲੀ ਦੇ ਪੂਰਵਾਂਚਲੀ ਆਗੂਆਂ ਨੂੰ ਪੁੱਛਣਾ ਚਾਹੁੰਦਾ ਹਾਂ, ਜਦੋਂ ਜੇਪੀ ਨੱਡਾ ਨੇ ਪੂਰਵਾਂਚਲੀ ਨੂੰ ਘੁਸਪੈਠੀਏ ਕਿਹਾ ਸੀ ਤਾਂ ਮਨੋਜ ਤਿਵਾੜੀ ਕਿੱਥੇ ਸਨ। ਪੂਰਵਾਂਚਲ ਮੋਰਚਾ ਕਿੱਥੇ ਸੀ। ਮਨੋਜ ਤਿਵਾੜੀ ਕਿੱਥੇ ਸਨ ਜਦੋਂ ਮੇਰੇ ਹਲਕੇ ਵਿੱਚ ‘ਛੱਠ ਘਾਟ’ ਢਾਹਿਆ ਗਿਆ ਸੀ। ਅਸੀਂ ਇਹ ਦੱਸਣ ਲਈ ਅੱਜ ਪ੍ਰੈਸ ਕਾਨਫਰੰਸ ਕੀਤੀ ਕਿ ਦਿੱਲੀ ਵਿੱਚ ਪੂਰਵਾਂਚਲ ਦੇ ਲੋਕਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਹਨ, ਕਿਉਂਕਿ ਉਹ ‘ਆਪ’ ਨੂੰ ਵੋਟ ਦਿੰਦੇ ਹਨ।
ਕੇਜਰੀਵਾਲ ਦਾ ਬਿਹਾਰ ਤੇ ਯੂਪੀ ਵਾਸੀਆਂ ਪ੍ਰਤੀ ਰਵੱਈਆ ਨਿੰਦਣਯੋਗ: ਚੌਧਰੀ
ਨਵੀਂ ਦਿੱਲੀ (ਪੱਤਰ ਪ੍ਰੇਰਕ):
ਬਿਹਾਰ ਦੇ ਮੰਤਰੀ ਅਸ਼ੋਕ ਚੌਧਰੀ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਨਿਰਾਸ਼ਾ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਪ੍ਰਤੀ ਕੇਜਰੀਵਾਲ ਦਾ ਰਵੱਈਆ ਸ਼ੁਰੂ ਤੋਂ ਹੀ ਚੰਗਾ ਨਹੀਂ ਰਿਹਾ ਹੈ। ਦਿੱਲੀ ਦੇ ਲੋਕ ਹਮੇਸ਼ਾ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਬਾਰੇ ਸਖ਼ਤ ਟਿੱਪਣੀਆਂ ਕਰਦੇ ਹਨ ਜੋ ਕਿ ਗਲਤ ਹੈ। ਪੂਰੇ ਭਾਰਤ ਵਿੱਚ ਅਸੀਂ ਕਿਤੇ ਵੀ ਜਾ ਸਕਦੇ ਹਾਂ, ਕਿਤੇ ਵੀ ਰਹਿ ਸਕਦੇ ਹਾਂ ਅਤੇ ਕਿਤੇ ਵੀ ਕੰਮ ਕਰ ਸਕਦੇ ਹਾਂ, ਜੇ ਤੁਸੀਂ ਪਿਛਲੇ ਪੰਜ ਸਾਲਾਂ ਦੇ ਰਿਕਾਰਡ ਨੂੰ ਵੇਖਦੇ ਹੋ ਤਾਂ ਭਾਰਤ ਵਿੱਚ ਜ਼ਿਆਦਾਤਰ ਇੰਜੀਨੀਅਰ ਬਿਹਾਰ ਦੇ ਹਨ, ਬਹੁਤ ਸਾਰੇ ਆਈਏਐੱਸ, ਡਾਕਟਰ ਬਿਹਾਰ ਤੋਂ ਹਨ। ਉਨ੍ਹਾਂ ਕਿਹਾ ਅਰਵਿੰਦ ਕੇਜਰੀਵਾਲ ਦਾ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਪ੍ਰਤੀ ਰਵੱਈਆ ਨਿੰਦਣਯੋਗ ਹੈ। ਉਧਰ, ਭਾਜਪਾ ਦੇ ਉਮੀਦਵਾਰ ਦੁਸ਼ਯੰਤ ਗੌਤਮ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਦਿੱਲੀ ਨੂੰ ਨਰਕ ਬਣਾ ਦਿੱਤਾ ਹੈ। ਕਰੋਲ ਬਾਗ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ, ਦੁਸ਼ਯੰਤ ਗੌਤਮ ਦਾ ਕਹਿਣਾ ਹੈ ਕਿ ਦਿੱਲੀ ਦੇ ਲੋਕ ਚੋਣਾਂ ਲਈ ਭਾਜਪਾ ਨਾਲੋਂ ਜ਼ਿਆਦਾ ਉਤਸੁਕ ਹਨ ਇਸ ਲਈ ਉਹ ਭਾਜਪਾ ਨੂੰ ਸੱਤਾ ਵਿੱਚ ਲਿਆ ਸਕਦੇ ਹਨ ਕਿਉਂਕਿ ਉਹ ਬਦਲਾਅ ਚਾਹੁੰਦੇ ਹਨ।
ਮੁੱਖ ਮੰਤਰੀ ਦੇ ਚਿਹਰੇ ’ਤੇ ਆਤਿਸ਼ੀ ਨੇ ਭਾਜਪਾ ਨੂੰ ਘੇਰਿਆ
ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪੂਰੀ ਦਿੱਲੀ ਭਗਵਾਂ ਪਾਰਟੀ ਤੋਂ ਪੁੱਛ ਰਹੀ ਹੈ ਕਿ ਉਸ ਦਾ ਮੁੱਖ ਮੰਤਰੀ ਚਿਹਰਾ ਕੌਣ ਹੈ। ਦਿੱਲੀ ਦੇ ਲੋਕ ਜਾਣਦੇ ਹਨ ਕਿ ‘ਆਪ’ ਨੂੰ ਵੋਟ ਦੇ ਕੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣਨਗੇ। ਉਨ੍ਹਾਂ ਤੋਂ ਪੁੱਛ ਰਹੇ ਹਨ ਕਿ ਭਾਜਪਾ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ। ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ਚੱਲ ਰਹੀ ਹੈ ਅਤੇ ਅੱਜ ਸ਼ਾਮ ਨੂੰ ਉਹ ਆਪਣੇ ਸੰਸਦੀ ਬੋਰਡ ਦੀ ਮੀਟਿੰਗ ਕਰਨਗੇ ‘ਗੱਲੀ-ਗਲੋਚ’ ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਉਸ ਦਾ ਮੁੱਖ ਮੰਤਰੀ ਚਿਹਰਾ ਸਭ ਤੋਂ ਵੱਧ ਗਾਲ੍ਹਾਂ ਕੱਢਣ ਵਾਲਾ ਆਗੂ ਹੋਵੇਗਾ, ਜੋ ਰਮੇਸ਼ ਬਿਧੂੜੀ ਹੈ।