ਭਾਜਪਾ ਨੇ ‘ਡਾਇਨ’ ਨੂੰ ‘ਮਹਿਬੂਬਾ’ ਬਣਾਇਆ: ਤੇਜਸਵੀ
ਚਤਰਾ/ਹਜ਼ਾਰੀਬਾਗ਼, 15 ਮਈ
ਰਾਸ਼ਟਰੀ ਜਨਤਾ ਦਲ (ਆਰਜੇਡੀ) ਆਗੂ ਤੇਜਸਵੀ ਯਾਦਵ ਨੇ ਵਧ ਰਹੀਆਂ ਕੀਮਤਾਂ ਦੇ ਮਾਮਲੇ ’ਤੇ ਅੱਜ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜਾਪਦਾ ਹੈ, ਯੂਪੀਏ ਦੇ ਕਾਰਜਕਾਲ ਦੌਰਾਨ ਭਗਵਾਂ ਪਾਰਟੀ ਲਈ ਸਭ ਤੋਂ ਵੱਡਾ ਮੁੱਦਾ ਰਹੀ ਮਹਿੰਗਾਈ, ਹੁਣ ਉਸ ਲਈ ਖਾਸ ਲਗਾਅ ਵਾਲੀ ਚੀਜ਼ ਬਣ ਗਈ ਹੈ। ਤੇਜਸਵੀ ਨੇ ਵਿਅੰਗ ਕੱਸਦਿਆਂ ਕਿਹਾ ਕਿ ਜਿਹੜੀ ਮਹਿੰਗਾਈ ਭਾਜਪਾ ਲਈ ਇੱਕ ਸਮੇਂ ‘ਡਾਇਨ’ ਸੀ, ਉਹ ਹੁਣ ‘ਮਹਿਬੂਬਾ’ ਬਣ ਗਈ ਕਿਉਂਕਿ ਐੱਲਪੀਜੀ ਸਿਲੰਡਰ ਦੀ ਕੀਮਤ 1200 ਰੁਪਏ ਤੋਂ ਪਾਰ ਹੋ ਗਈ ਹੈ। ਉਨ੍ਹਾਂ ਭਾਜਪਾ ’ਤੇ ਨਫ਼ਰਤ ਫੈਲਾਉਣ ਅਤੇ ਹਿੰਦੂ-ਮੁਸਲਿਮ ਦੇ ਨਾਮ ’ਤੇ ਸਿਆਸਤ ਕਰਨ ਦਾ ਦੋਸ਼ ਲਾਇਆ। ਝਾਰਖੰਡ ਦੇ ਚਤਰਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਤੇਜਸਵੀ ਨੇ ਕਿਹਾ, ‘‘ਯੂਪੀਏ ਦੇ ਕਾਰਜਕਾਲ ਦੌਰਾਨ ਜਦੋਂ ਐੱਲਪੀਜੀ ਸਿਲੰਡਰ 400 ਰੁਪਏ ਸੀ ਤਾਂ ਭਾਜਪਾ ਉਸ ਸਮੇਂ ਮਹਿੰਗਾਈ ਨੂੰ ‘ਡਾਇਨ’ ਆਖਦੀ ਸੀ। ਪਰ ਹੁਣ ਜਦੋਂ ਸਿਲੰਡਰ ਦੀ ਕੀਮਤ 1200 ਰੁਪਏ ਨੂੰ ਪਾਰ ਕਰ ਗਈ ਹੈ ਤਾਂ ਉਸ ਲਈ ‘ਮਹਿਬੂਬਾ’ ਬਣ ਗਈ ਹੈ।’’ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ਼ ਹਿੰਦੂ-ਮੁਸਲਿਮ, ਮੰਦਰ-ਮਸਜਿਦ, ਸਨਾਤਨ-ਇਸਲਾਮ ਬਾਰੇ ਗੱਲ ਕਰਦੇ ਹਨ, ਪਰ ਮਹਿੰਗਾਈ, ਬੇਰੁਜ਼ਗਾਰੀ ਅਤੇ ਗ਼ਰੀਬੀ ਵਰਗੇ ਦੇਸ਼ ਦੇ ਵੱਡੇ ਮੁੱਦਿਆਂ ’ਤੇ ਚੁੱਪ ਧਾਰੀ ਹੋਈ ਹੈ।’’ -ਪੀਟੀਆਈ