ਭਾਜਪਾ ਪਿਛਲੇ ਦਰਵਾਜ਼ੇ ਰਾਹੀਂ ਦਿੱਲੀ ’ਤੇ ਕਬਜ਼ਾ ਕਰਨ ਦੀ ਤਾਕ ਵਿੱਚ: ਸੌਰਭ ਭਾਰਦਵਾਜ
ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਸਤੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਦਿੱਲੀ ਦੇ ਐੱਲਜੀ ਵੀਕੇ ਸਕਸੈਨਾ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਬੋਰਡਾਂ ਤੇ ਪੈਨਲਾਂ ਦੇ ਗਠਨ ਤੇ ਮੈਂਬਰਾਂ ਦੀ ਨਿਯੁਕਤੀ ਕਰਨ ਦਾ ਅਧਿਕਾਰ ਦੇਣ ਤੋਂ ਬਾਅਦ ‘ਆਪ’ ਨੇਤਾ ਸੌਰਭ ਭਾਰਦਵਾਜ ਨੇ ਦੋਸ਼ ਲਗਾਇਆ ਕਿ ਭਾਜਪਾ ਪਿਛਲੇ ਦਰਵਾਜ਼ੇ ਰਾਹੀਂ ਦਿੱਲੀ ‘ਤੇ ਕਬਜ਼ਾ ਕਰਨਾ ਚਾਹੁੰਦੀ ਹੈ। ‘ਆਪ’ ਆਗੂ ਨੇ ਕਿਹਾ ਕਿ ਐੱਲਜੀ ਸਕਸੈਨਾ ਵੱਧ ਤੋਂ ਵੱਧ ਸੱਤਾ ਹਾਸਲ ਕਰ ਰਹੇ ਹਨ ਪਰ ਜਦੋਂ ਜ਼ਿੰਮੇਵਾਰੀ ਅਤੇ ਜਵਾਬਦੇਹੀ ਦਾ ਮਸਲਾ ਆਉਂਦਾ ਹੈ ਤਾਂ ਉਹ ਕੰਮ ਨਹੀਂ ਕਰਦੇ। ਹਜ਼ਾਰਾਂ ਡਾਕਟਰਾਂ ਦੀ ਭਰਤੀ ਕਰਨੀ ਬਕਾਇਆ ਪਈ ਹੈ। ਹਸਪਤਾਲਾਂ ਵਿੱਚ ਅਸਾਮੀਆਂ ਬਣਾਉਣੀਆਂ ਪੈਣਗੀਆਂ। ਹਜ਼ਾਰਾਂ ਗਰੀਬ ਬੱਸ ਮਾਰਸ਼ਲ ਬੇਰੁਜ਼ਗਾਰ ਹੋ ਗਏ ਹਨ। ਐੱਲਜੀ ਅਨੇ ਇਹ ਸਭ ਬੰਦ ਕਰ ਦਿੱਤਾ ਹੈ ਤੇ ਉਹ ਵੱਧ ਤੋਂ ਵੱਧ ਸ਼ਕਤੀਆਂ ਲੈ ਰਹੇ ਹਨ ਤਾਂ ਜੋ ਉਹ ਸ਼ਕਤੀਆਂ ਦੀ ਦੁਰਵਰਤੋਂ ਕਰ ਸਕਣ। ਭਾਰਦਵਾਜ ਨੇ ਕਿਹਾ ਕਿ ਜਿੱਥੋਂ ਤੱਕ ਕੇਂਦਰ ਸਰਕਾਰ ਦਾ ਸਬੰਧ ਹੈ, ਉਹ ਚਾਹੁੰਦੇ ਹਨ ਕਿ ਪੂਰੀ ਦਿੱਲੀ ਨੂੰ ਐੱਲਜੀ ਵੱਲੋਂ ਚਲਾਇਆ ਜਾਵੇ, ਕਿਉਂਕਿ ਭਾਜਪਾ ਚੋਣਾਂ ਜਿੱਤਣ ਦੇ ਯੋਗ ਨਹੀਂ ਹੈ। ਇਸ ਲਈ ਭਾਜਪਾ ਪਿਛਲੇ ਦਰਵਾਜ਼ੇ ਰਾਹੀਂ ਦਿੱਲੀ ’ਤੇ ਕਬਜ਼ਾ ਕਰਨਾ ਚਾਹੁੰਦੀ ਹੈ ਪਰ ਅਜਿਹਾ ਨਹੀਂ ਹੋਵੇਗਾ। ਉਹ ਸੋਸ਼ਲ ਮੀਡੀਆ ਪ੍ਰਭਾਵਕਾਂ ਰਾਹੀਂ ਮਸ਼ਹੂਰ ਹੋਣ ਲਈ ਇੱਕ ਸੋਸ਼ਲ ਮੀਡੀਆ ਕੰਪਨੀ ਨੂੰ 1.5 ਕਰੋੜ ਰੁਪਏ ਸਾਲਾਨਾ ਵਿੱਚ ਹਾਇਰ ਕਰ ਰਹੇ ਹਨ । ਚੁਣੀ ਹੋਈ ਸਰਕਾਰ ਦੀਆਂ ਸ਼ਕਤੀਆਂ ਖੋਹੀਆਂ ਜਾ ਰਹੀਆਂ ਹਨ ਅਤੇ ਨਿਯੁਕਤ ਲੋਕਾਂ ਨੂੰ ਸ਼ਕਤੀਆਂ ਦਿੱਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਨੇ ਉਪ ਰਾਜਪਾਲ ਨੂੰ ਸੰਸਦ ਵੱਲੋਂ ਬਣਾਏ ਗਏ ਕਾਨੂੰਨ ਤਹਿਤ ਕਿਸੇ ਵੀ ਅਥਾਰਿਟੀ, ਬੋਰਡ ਗਠਿਤ ਕਰਨ ਅਤੇ ਦੇ ਮੈਂਬਰ ਨਿਯੁਕਤ ਕਰਨ ਦੀਆਂ ਸ਼ਕਤੀਆਂ ਦਿੱਤੀਆਂ ਹਨ।