For the best experience, open
https://m.punjabitribuneonline.com
on your mobile browser.
Advertisement

ਭਾਜਪਾ ਆਗੂਆਂ ਦਾ ‘ਚੰਡੀਗੜ੍ਹ ਪੇਂਡੂ ਵਿਕਾਸ ਮੰਚ’ ਵਿਵਾਦਾਂ ’ਚ ਘਿਰਿਆ

07:13 AM Apr 09, 2024 IST
ਭਾਜਪਾ ਆਗੂਆਂ ਦਾ ‘ਚੰਡੀਗੜ੍ਹ ਪੇਂਡੂ ਵਿਕਾਸ ਮੰਚ’ ਵਿਵਾਦਾਂ ’ਚ ਘਿਰਿਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਕੁਲਦੀਪ ਸਿੰਘ
ਚੰਡੀਗੜ੍ਹ, 8 ਅਪਰੈਲ
ਦੋ ਦਿਨ ਪਹਿਲਾਂ ਹੋਂਦ ਵਿੱਚ ਆਇਆ ‘ਚੰਡੀਗੜ੍ਹ ਪੇਂਡੂ ਵਿਕਾਸ ਮੰਚ’ ਵਿਵਾਦਾਂ ਵਿੱਚ ਘਿਰ ਗਿਆ ਹੈ। ਭਾਵੇਂ ਇਸ ਦੇ ਅਹੁਦੇਦਾਰਾਂ ਨੇ ਬਕਾਇਦਾ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਇਸ ਨੂੰ ਪਿੰਡਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਯਤਨਸ਼ੀਲ ਮੰਚ ਦੱਸਿਆ ਸੀ ਪਰ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਅਹੁਦੇਦਾਰਾਂ ਨੇ ਇਸ ਮੰਚ ਨੂੰ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਆਗੂਆਂ ਵੱਲੋਂ ਰਚਿਆ ਗਿਆ ਮਹਿਜ਼ ਇੱਕ ਸਿਆਸੀ ਚੱਕਰਵਿਊ ਦੱਸਿਆ ਹੈ।
ਸੰਘਰਸ਼ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਪਲਸੌਰਾ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ ਅਤੇ ਕੌਂਸਲਰ ਜਸਵਿੰਦਰ ਕੌਰ ਨੇ ਕਿਹਾ ਕਿ ‘ਚੰਡੀਗੜ੍ਹ ਪੇਂਡੂ ਵਿਕਾਸ ਮੰਚ’ ਚੋਣਾਂ ਤੋਂ ਪਹਿਲਾਂ ਪਿੰਡਾਂ ਵਾਲੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਬਣਾਇਆ ਗਿਆ ਹੈ। ਸ਼ਹਿਰ ਵਿੱਚ ਭਾਜਪਾ ਨੇ ਪੇਂਡੂ ਵਿਕਾਸ ਮੰਚ ਦੇ ਨਾਮ ’ਤੇ ਆਪਣੀ ਬੀ ਟੀਮ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੰਚ ਦੇ ਅਹੁਦੇਦਾਰ ਆਪਣੀ ਭਾਜਪਾ ਸਰਕਾਰ ਦੇ ਹੁੰਦਿਆਂ ਹੋਇਆ ਚੰਡੀਗੜ੍ਹ ਵਿਚਲੇ ਪਿੰਡਾਂ ਦੇ ਮਸਲੇ ਹੱਲ ਨਹੀਂ ਕਰਵਾ ਸਕੇ ਅਤੇ ਹੁਣ ਖ਼ੁਦ ਨੂੰ ਮੋਹਰੀ ਨਾਗਰਿਕ ਦੱਸ ਕੇ ਪੇਂਡੂ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਜੁਟ ਗਏ ਹਨ। ਉਨ੍ਹਾਂ ਕਿਹਾ ਕਿ ਭਾਵੇਂ ਇਸ ਨਵੇਂ ਮੰਚ ਦੇ ਅਹੁਦੇਦਾਰ ਮੀਡੀਆ ਵਿੱਚ ਖ਼ੁਦ ਨੂੰ ਮੋਹਰੀ ਨਾਗਰਿਕ ਦੱਸ ਚੁੱਕੇ ਹਨ ਪਰ ਹਕੀਕਤ ਇਹ ਹੈ ਕਿ ਇਸ ਮੰਚ ਦੇ ਅਹੁਦੇਦਾਰ ਸਿੱਧੇ ਰੂਪ ਵਿੱਚ ਭਾਜਪਾ ਦੇ ਅਹੁਦੇਦਾਰ ਹਨ। ਇਸ ਮੰਚ ਦਾ ਪ੍ਰਧਾਨ ਸਤਿੰਦਰ ਸਿੰਘ ਭਾਜਪਾ ਵੱਲੋਂ ਨਗਰ ਨਿਗਮ ਵਿੱਚ ਨਾਮਜ਼ਦ ਕੌਂਸਲਰ, ਕੁਲਜੀਤ ਸਿੰਘ ਭਾਜਪਾ ਤੋਂ ਸੀਨੀਅਰ ਡਿਪਟੀ ਮੇਅਰ ਜਦਕਿ ਤਜਿੰਦਰ ਸਿੰਘ ਸਰਾਂ ਭਾਜਪਾ ਚੰਡੀਗੜ੍ਹ ਦਾ ਸਟੇਟ ਸਕੱਤਰ ਹੈ। ਇਸ ਤੋਂ ਇਲਾਵਾ ਜੀਤ ਸਿੰਘ ਬਹਿਲਾਣਾ, ਦਵਿੰਦਰ ਸਿੰਘ ਲੁਬਾਣਾ, ਅਨੰਦ ਸਿੰਘ ਕਜਹੇੜੀ ਵੀ ਪਿਛਲੇ ਦਿਨੀਂ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਪਿੰਡਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੀ ਹੈ ਕਿ ਭਾਜਪਾ ਦੇ ਇਸ ਪੇਂਡੂ ਵਿਕਾਸ ਮੰਚ ਉੱਤੇ ਅੱਖਾਂ ਬੰਦ ਕਰਕੇ ਭਰੋਸਾ ਨਾ ਕਰਨ ਕਿਉਂਕਿ ਇਹ ਮੰਚ ਅਸਿੱਧੇ ਢੰਗ ਨਾਲ ਪਿੰਡਾਂ ਵਿੱਚ ਪਹੁੰਚ ਕਰਕੇ ਭਾਜਪਾ ਦਾ ਪ੍ਰਚਾਰ ਕਰਨ ਲਈ ਬਣਾਇਆ ਗਿਆ ਹੈ।

Advertisement

ਕਿਸਾਨ ਜਥੇਬੰਦੀਆਂ ਦੇ ਵਿਰੋਧ ਤੋਂ ਬਚਣ ਲਈ ਬਣਾਇਆ ਮੰਚ: ਸੋਮਲ

ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ ਨੇ ਕਿਹਾ ਕਿ ਚੋਣਾਂ ਤੋਂ ਠੀਕ ਪਹਿਲਾਂ ਮੰਚ ਬਣਾਉਣ ਦਾ ਕਾਰਨ ਇਹ ਹੈ ਕਿ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਚੋਣ ਮੈਨੀਫੈਸਟੋ ਵਿੱਚ ਦਰਜ ਕਰਵਾਉਣ ਵਰਗੇ ਬਿਆਨਬਾਜ਼ੀ ਕਰਕੇ ਭਾਜਪਾ ਦੇ ਆਗੂ ਪਿੰਡਾਂ ਦੇ ਲੋਕਾਂ ਵਿੱਚ ਵਿਚਰਨਾ ਚਾਹੁੰਦੇ ਹਨ ਕਿਉਂਕਿ ਕਿਸਾਨ ਜਥੇਬੰਦੀਆਂ ਦੇ ਵਿਰੋਧ ਕਰਕੇ ਭਾਜਪਾ ਦੇ ਲੀਡਰ ਪਿੰਡਾਂ ਵਿੱਚ ਲੋਕਾਂ ਦਾ ਸਾਹਮਣਾ ਕਰਨ ਤੋਂ ਕਤਰਾਉਂਦੇ ਸਨ।

Advertisement
Author Image

Advertisement
Advertisement
×