ਭਾਜਪਾ ਆਗੂ ਟਿੱਕਾ ਵੱਲੋਂ ਵਲਟੋਹਾ ਦੇ ਬਿਆਨਾਂ ਦੀ ਆਲੋਚਨਾ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਅਕਤੂਬਰ
ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਨੇ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਹੈ ਕਿ ਛੇਵੇਂ ਪਾਤਸ਼ਾਹ ਵੱਲੋਂ ਸਥਾਪਿਤ ਅਕਾਲ ਤਖ਼ਤ ਸਾਹਿਬ ਨੂੰ ਚੈਲੰਜ ਕਰਨ ਵਾਲੇ ਵਿਰਸਾ ਸਿੰਘ ਵਲਟੋਹਾ ਨੂੰ ਤੁਰੰਤ ਪੰਥ ’ਚੋਂ ਛੇਕਿਆ ਜਾਵੇ।
ਅੱਜ ਇੱਥੇ ਗੱਲਬਾਤ ਦੌਰਾਨ ਸ੍ਰੀ ਟਿੱਕਾ ਨੇ ਕਿਹਾ ਕਿ ਸਿੱਖ ਇਤਿਹਾਸ ਵਿੱਚ ਅੱਜ ਤੱਕ ਕਿਸੇ ਵੀ ਅਕਾਲੀ ਆਗੂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੂੰ ਚੈਲੰਜ ਕਰਦਿਆਂ ਮੰਦੀ ਸ਼ਬਦਾਵਲੀ ਦੀ ਵਰਤੋਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਆਗੂ ਨੇ ਜਥੇਦਾਰ ਸਾਹਿਬਾਨ ਨਾਲ ਨਾ ਬਿਹਸ ਕੀਤੀ, ਸਗੋਂ ਮਾੜੀ ਸ਼ਬਦਾਵਲੀ ਵੀ ਬੋਲੀ। ਉਨ੍ਹਾਂ ਸਾਰੇ ਘਟਨਾਕ੍ਰਮ ਨੂੰ ਮੰਦਭਾਗਾ ਕਰਾਰ ਦਿੰਦਿਆਂ ਵਲਟੋਹਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਜਥੇਦਾਰ ਸਾਹਿਬਾਨ ਦੇ ਸਟੈਂਡ ਦੀ ਪੁਰਜੋਰ ਸ਼ਲਾਘਾ ਕੀਤੀ। ਉਨ੍ਹਾਂ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਕਿ ਇਸ ਨਿੰਦਕ ਨੂੰ ਪੰਥ ’ਚੋਂ ਬਿਨਾ ਦੇਰੀ ਛੇਕਿਆ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਹੋਰ ਛੇਵੇਂ ਪਾਤਸ਼ਾਹ ਦੇ ਸਥਾਪਿਤ ਤਖ਼ਤ ਨੂੰ ਚੈਲੰਜ ਨਾ ਕਰ ਸਕੇ।
ਤਖ਼ਤ ਸਾਹਿਬਾਨ ’ਤੇ ਕਿਸੇ ਦਾ ਗਲਬਾ ਬਰਦਾਸ਼ਤ ਨਹੀਂ: ਸੰਤ ਬਲਜਿੰਦਰ ਸਿੰਘ
ਪਾਇਲ (ਪੱਤਰ ਪ੍ਰੇਰਕ): ਰਾੜਾ ਸਾਹਿਬ ਸੰਸਥਾ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਨੇ ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਖ਼ਤ ਸਾਹਿਬਾਨ ਦੇ ਜਥੇਦਾਰ ਕਿਸੇ ਦੇ ਗਲਬੇ ਹੇਠ ਨਹੀਂ ਹੋਣੇ ਚਾਹੀਦੇ। ਉਨ੍ਹਾਂ ਕਿਹਾ ਕਿ ਧਰਮ ਤੋਂ ਸੇਧ ਲੈ ਕੇ ਸਿਆਸਤ ਹੋਣੀ ਚਾਹੀਦੀ ਹੈ ਤੇ ਪੁਰਾਤਨ ਰਹੁ ਰੀਤਾਂ ਨੂੰ ਛਿੱਕੇ ਨਹੀਂ ਟੰਗ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਹਾਲਾਤ ’ਚ ਜਥੇਦਾਰ ਹਰਪ੍ਰੀਤ ਸਿੰਘ ਨੇ ਅਸਤੀਫਾ ਦਿੱਤਾ ਉਨ੍ਹਾਂ ਦੀ ਪੜਚੋਲ ਹੋਣੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਤਖ਼ਤ ਸਾਹਿਬਾਨਾਂ ਦੀ ਸਰਵਉਚੱਤਾ, ਗੌਰਵ, ਮਰਿਆਦਾ, ਪ੍ਰਭੂਸੱਤਾ ’ਤੇ ਹੋ ਰਹੇ ਬਾਹਰੀ ਜਾਂ ਅੰਦਰੂਨੀ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਪੰਥ ਦੀ ਸੇਵਾ ਦੀ ਜ਼ਿੰਮੇਵਾਰੀ ਉਹ ਪਹਿਲਾਂ ਵਾਂਗ ਹੀ ਜਾਰੀ ਰੱਖਣ।