ਭਾਜਪਾ ਆਗੂ ਹਰਿੰਦਰ ਕੋਹਲੀ ਸਾਥੀਆਂ ਸਣੇ ‘ਆਪ’ ਵਿੱਚ ਸ਼ਾਮਲ
ਪੱਤਰ ਪ੍ਰੇਰਕ
ਪਟਿਆਲਾ 9 ਜੁਲਾਈ
ਭਾਜਪਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਜ਼ਿਲ੍ਹਾ ਪਟਿਆਲਾ ਦੇ ਭਾਜਪਾ ਦੇ ਸ਼ਹਿਰੀ ਦੋ ਵਾਰ ਪ੍ਰਧਾਨ ਰਹਿ ਚੁੱਕੇ ਸਾਬਕਾ ਡਿਪਟੀ ਮੇਅਰ ਅਤੇ ਲੁਧਿਆਣਾ ਭਾਜਪਾ ਦੇ ਮੌਜੂਦਾ ਇੰਚਾਰਜ ਹਰਿੰਦਰ ਕੋਹਲੀ ਐਤਵਾਰ ਨੂੰ ਭਾਜਪਾ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਅਤੇ ਮੁੱਖ ਮੰਤਰੀ ਦੇ ਮੀਡੀਆ ਨਿਰਦੇਸ਼ਕ ਬਲਤੇਜ ਪੰਨੂ ਨੇ ਫੈਕਟਰੀ ਏਰੀਆ ਸਥਿਤ ਸੁਸ਼ੀਲ ਪੈਲੇਸ ਵਿੱਚ ਹੋਏ ਸਮਾਗਮ ਦੌਰਾਨ ਉਨ੍ਹਾਂ ਨੂੰ ਰਸਮੀ ਤੌਰ ’ਤੇ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਭਾਜਪਾ ਦੇ ਕਈ ਮੌਜੂਦਾ ਅਹੁਦੇਦਾਰ, ਸਾਬਕਾ ਅਹੁਦੇਦਾਰਾਂ ਸਣੇ ਕਈ ਮੁਹੱਲਾ ਸੁਧਾਰ ਕਮੇਟੀਆਂ ਦੇ ਅਹੁਦੇਦਾਰ ਵੀ ‘ਆਪ’ ਵਿੱਚ ਸ਼ਾਮਲ ਹੋ ਗਏ ਹਨ। ਡਾ. ਬਲਬੀਰ ਸਿੰਘ ਨੇ ਭਰੋਸਾ ਦਿੱਤਾ ਕਿ ਹਰਿੰਦਰ ਕੋਹਲੀ ਅਤੇ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਹਰਿੰਦਰ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੇ ਲੰਬਾ ਸਮਾਂ ਭਾਜਪਾ ਵਿੱਚ ਰਹਿ ਕੇ ਸਮਾਜ ਸੇਵਾ ਕੀਤੀ ਹੈ। ਉਹ ‘ਆਪ’ ਤੋਂ ਬਹੁਤ ਪ੍ਰਭਾਵਿਤ ਹਨ, ਇਸ ਲਈ ਉਨ੍ਹਾਂ ਨੇ ਭਾਜਪਾ ਨੂੰ ਅਲਵਿਦਾ ਕਹਿ ਕੇ ‘ਆਪ’ ਵਿੱਚ ਰਹਿ ਕੇ ਲੋਕ ਸੇਵਾ ਕਰਨ ਦਾ ਫ਼ੈਸਲਾ ਕੀਤਾ ਹੈ। ਹਰਿੰਦਰ ਕੋਹਲੀ ਨੇ ਦੋਸ਼ ਲਾਇਆ ਕਿ ਹੁਣ ਭਾਜਪਾ ਦਾ ਕਾਂਗਰਸੀਕਰਨ ਹੋ ਗਿਆ ਹੈ।
ਇਸ ਮੌਕੇ ਬਲਤੇਜ ਪੰਨੂ ਨੇ ਹਰਿੰਦਰ ਕੋਹਲੀ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਨਾ ਸਿਰਫ਼ ਪਟਿਆਲਾ ਸ਼ਹਿਰ ਅਤੇ ਦਿਹਾਤੀ ਹਲਕਿਆਂ ਵਿੱਚ ਸਗੋਂ ਜ਼ਿਲ੍ਹੇ ਦੀਆਂ ਹੋਰ ਸੀਟਾਂ ‘ਤੇ ਵੀ ਆਮ ਆਦਮੀ ਪਾਰਟੀ ਨੂੰ ਫ਼ਾਇਦਾ ਹੋਵੇਗਾ।