ਭਾਜਪਾ ਆਗੂ ਬਿਧੂੜੀ ਨੇ ਲੋਕ ਸਭਾਵਿੱਚ ਬਸਪਾ ਮੈਂਬਰ ਦਾਨਿਸ਼ ਅਲੀ ਦੀ ਕੀਤੀ ਤੌਹੀਨ
* ਸਪੀਕਰ ਨੇ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ
* ਭਾਜਪਾ ਨੇ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ
* ਦਾਨਿਸ਼ ਅਲੀ ਨੇ ਕਾਰਵਾਈ ਨਾ ਹੋਣ ’ਤੇ ਲੋਕ ਸਭਾ ਮੈਂਬਰੀ ਛੱਡਣ ਦੀ ਦਿੱਤੀ ਧਮਕੀ
ਨਵੀਂ ਦਿੱਲੀ, 22 ਸਤੰਬਰ
ਭਾਜਪਾ ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ ਨੇ ਲੋਕ ਸਭਾ ’ਚ ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ’ਤੇ ਹੋ ਰਹੀ ਚਰਚਾ ਦੌਰਾਨ ਬਸਪਾ ਮੈਂਬਰ ਕੁੰਵਰ ਦਾਨਿਸ਼ ਅਲੀ ਨੂੰ ਨਿਸ਼ਾਨਾ ਬਣਾ ਕੇ ਇਤਰਾਜ਼ਯੋਗ ਟਿੱਪਣੀਆਂ ਕਰਕੇ ਉਨ੍ਹਾਂ ਦੀ ਤੌਹੀਨ ਕੀਤੀ। ਦਾਨਿਸ਼ ਅਲੀ ਨੇ ਸਪੀਕਰ ਨੂੰ ਇਹ ਮਾਮਲਾ ਮਰਿਆਦਾ ਕਮੇਟੀ ਕੋਲ ਭੇਜਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਬਿਧੂੜੀ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਉਹ ਲੋਕ ਸਭਾ ਮੈਂਬਰੀ ਛੱਡ ਸਕਦੇ ਹਨ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਬਿਧੂੜੀ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਦਾ ਸ਼ੁੱਕਰਵਾਰ ਨੂੰ ਗੰਭੀਰ ਨੋਟਿਸ ਲੈਂਦਿਆਂ ਉਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੇ ਭਵਿੱਖ ’ਚ ਅਜਿਹਾ ਵਤੀਰਾ ਦੁਹਰਾਇਆ ਤਾਂ ਉਸ ਖ਼ਿਲਾਫ਼ ‘ਸਖ਼ਤ ਕਾਰਵਾਈ’ ਹੋਵੇਗੀ। ਉਧਰ ਭਾਜਪਾ ਨੇ ਦੱਖਣੀ ਦਿੱਲੀ ਤੋਂ ਆਪਣੇ ਸੰਸਦ ਮੈਂਬਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਦੇਣ ਲਈ ਕਿਹਾ ਹੈ। ਭਾਜਪਾ ਜਦੋਂ ਮਹਿਲਾ ਰਾਖਵਾਂਕਰਨ ਬਿੱਲ
ਸੰਸਦ ’ਚੋਂ ਪਾਸ ਹੋਣ ਦਾ ਜਸ਼ਨ ਮਨਾ ਰਹੀ ਹੈ ਤਾਂ ਬਿਧੂੜੀ ਦੀਆਂ ਟਿੱਪਣੀਆਂ ਨੇ ਉਸ ਲਈ ਨਮੋਸ਼ੀ ਪੈਦਾ ਕਰ ਦਿੱਤੀ ਹੈ। ਭਾਜਪਾ ਨੇ ਨੋਟਿਸ ਦਾ ਜਵਾਬ ਦੇਣ ਲਈ ਆਖਦਿਆਂ ਬਿਧੂੜੀ ਨੂੰ ਪੁੱਛਿਆ ਹੈ ਕਿ ਉਸ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਿਉਂ ਨਾ ਕੀਤੀ ਜਾਵੇ। ਬਸਪਾ ਸੰਸਦ ਮੈਂਬਰ ਦਾਨਿਸ਼ ਅਲੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਭਾਜਪਾ ਆਗੂ ਰਮੇਸ਼ ਬਿਧੂੜੀ ਵੱਲੋਂ ਸਦਨ ’ਚ ਉਸ ਖ਼ਿਲਾਫ਼ ਵਰਤੀ ਗਈ ਅਪਮਾਨਜਨਕ ਭਾਸ਼ਾ ਦਾ ਮਾਮਲਾ ਮਰਿਆਦਾ ਕਮੇਟੀ ਹਵਾਲੇ ਕੀਤਾ ਜਾਵੇ। ਅਲੀ ਨੇ ਮਾਮਲੇ ਦੀ ਫੌਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬਿਧੂੜੀ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਉਹ ਲੋਕ ਸਭਾ ਮੈਂਬਰੀ ਛੱਡਣ ਬਾਰੇ ਵੀ ਵਿਚਾਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੰਸਦ ਅੰਦਰ ਨਫ਼ਰਤੀ ਬਿਆਨਬਾਜ਼ੀ ਹੋਈ ਹੈ। ‘ਜਦੋਂ ਇਕ ਸੰਸਦ ਮੈਂਬਰ ਨਾਲ ਸੰਸਦ ਅੰਦਰ ਇੰਜ ਹੋ ਸਕਦਾ ਹੈ ਤਾਂ ਸੋਚੋ ਇਕ ਆਮ ਨਾਗਰਿਕ ਅਤੇ ਇਕ ਮੁਸਲਮਾਨ ਨਾਲ ਕੀ ਹੋ ਰਿਹਾ ਹੋਵੇਗਾ।’ ਉਨ੍ਹਾਂ ਕਿਹਾ ਕਿ ਉਹ ਰਾਤ ਭਰ ਸੌਂ ਨਹੀਂ ਸਕੇ ਹਨ। ਉਨ੍ਹਾਂ ਸਵਾਲ ਕੀਤਾ,‘‘ਕੀ ਅਜਿਹੀ ਅਪਮਾਨਜਨਕ ਭਾਸ਼ਾ ਆਰਐੱਸਐੱਸ ਦੀ ਸ਼ਾਖਾ ’ਚ ਸਿਖਾਈ ਜਾਂਦੀ ਹੈ? ਕੀ ਮੋਦੀ ਜੀ ਦੇ ਨਵੇਂ ਭਾਰਤ ਦੀ ਪ੍ਰਯੋਗਸ਼ਾਲਾ ’ਚ ਇਹ ਸਾਰਾ ਕੁਝ ਸਿਖਾਇਆ ਜਾਂਦਾ ਹੈ?’’ ਅਲੀ ਨੇ ਦਾਅਵਾ ਕੀਤਾ ਕਿ ਜਦੋਂ ਬਿਧੂੜੀ ਅਪਮਾਨਜਨਕ ਟਿੱਪਣੀਆਂ ਕਰ ਰਿਹਾ ਸੀ ਤਾਂ ਉਨ੍ਹਾਂ ਦੇ ਪਿੱਛੇ ਬੈਠੇ ਦੋ ਸਾਬਕਾ ਮੰਤਰੀ ਰਵੀਸ਼ੰਕਰ ਪ੍ਰਸਾਦ ਅਤੇ ਹਰਸ਼ਵਰਧਨ ਹੱਸ ਰਹੇ ਸਨ, ਮੇਜ਼ਾਂ ’ਤੇ ਹੱਥ ਮਾਰ ਰਹੇ ਸਨ...ਨਵੇਂ ਭਾਰਤ ਦੀ ਨਵੀਂ ਸੰਸਦ ’ਚ ਦੁਨੀਆ ਨੇ ਭਾਜਪਾ ਦਾ ਸਲੂਕ ਦੇਖ ਲਿਆ ਹੈ। ਬਿਧੂੜੀ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਾ ਹੋਣ ’ਤੇ ਵਿਰੋਧੀ ਧਿਰਾਂ ਨੇ ਆਪਣਾ ਰੋਸ ਪ੍ਰਗਟਾਇਆ ਹੈ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ,‘‘ਬਿਧੂੜੀ ਦੀਆਂ ਟਿੱਪਣੀਆਂ ਸੰਸਦ ਦੇ ਸਾਰੇ ਮੈਂਬਰਾਂ ਦਾ ਅਪਮਾਨ ਹਨ। ਉਸ ਨੂੰ ਲੋਕ ਸਭਾ ’ਚੋਂ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ।’’ ਸੀਪੀਐੱਮ ਨੇ ਇਕ ਬਿਆਨ ’ਚ ਮੰਗ ਕੀਤੀ ਕਿ ਬਿਧੂੜੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ‘ਸੁਪਰੀਮ ਕੋਰਟ ਨੇ ਅਜਿਹੀਆਂ ਵਿਵਾਦਤ ਟਿੱਪਣੀਆਂ ਨੂੰ ਨਫ਼ਰਤੀ ਭਾਸ਼ਣ ਕਰਾਰ ਦਿੱਤਾ ਹੈ। ਕੋਈ ਵੀ ਸੰਸਦ ਮੈਂਬਰ ਅਜਿਹਾ ਭਾਸ਼ਨ ਨਹੀਂ ਦੇ ਸਕਦਾ ਹੈ। ਉਸ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।’ ਤ੍ਰਿਣਮੂਲ ਕਾਂਗਰਸ ਮੈਂਬਰ ਮਹੂਆ ਮੋਇਤਰਾ ਨੇ ‘ਐਕਸ’ ’ਤੇ ਲਿਖਿਆ ਕਿ ਮੁਸਲਮਾਨਾਂ ਅਤੇ ਓਬੀਸੀਜ਼ ਨੂੰ ਗਾਲ੍ਹਾਂ ਦੇਣਾ ਭਾਜਪਾ ਦੇ ਸੱਭਿਆਚਾਰ ਦਾ ਅਟੁੱਟ ਹਿੱਸਾ ਬਣ ਗਿਆ ਹੈ ਅਤੇ ਉਸ ਦੇ ਜ਼ਿਆਦਾਤਰ ਆਗੂਆਂ ਨੂੰ ਇਸ ’ਚ ਕੁਝ ਵੀ ਗਲਤ ਨਜ਼ਰ ਨਹੀਂ ਆਉਂਦਾ ਹੈ। ਮਹੂਆ ਨੇ ਕਿਹਾ,‘‘ਨਰਿੰਦਰ ਮੋਦੀ ਨੇ ਭਾਰਤੀ ਮੁਸਲਮਾਨਾਂ ਨੂੰ ਆਪਣੇ ਹੀ ਮੁਲਕ ’ਚ ਅਜਿਹੇ ਭੈਅ ਦੇ ਮਾਹੌਲ ’ਚ ਰਹਿਣ ਲਈ ਮਜਬੂਰ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਸਭ ਕੁਝ ਸਹਿਣਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਅਤੇ ਲੋਕ ਸਭਾ ਸਪੀਕਰ ਬਿਧੂੜੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ।’’ ਸ਼ਿਵ ਸੈਨਾ (ਯੂਬੀਟੀ) ਦੀ ਰਾਜ ਸਭਾ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ ਕਿ ਕੀ ਸਪੀਕਰ ਇਸ ਘਟਨਾ ਦਾ ਨੋਟਿਸ ਲੈ ਕੇ ਕੋਈ ਕਾਰਵਾਈ ਕਰਨਗੇ। ‘ਆਪ’ ਆਗੂ ਸੰਜੈ ਸਿੰਘ ਨੇ ਕਿਹਾ ਕਿ ਬਿਧੂੜੀ ਦੀ ਬੋਲੀ ਆਰਐੱਸਐੱਸ ਵੱਲੋਂ ਸਿਖਾਈਆਂ ਗਈਆਂ ਕਦਰਾਂ-ਕੀਮਤਾਂ ਦਾ ਨਤੀਜਾ ਹੈ। ਉਨ੍ਹਾਂ ‘ਐਕਸ’ ’ਤੇ ਕਿਹਾ,‘‘ਜਦੋਂ ਮੈਂ ਮਨੀਪੁਰ ’ਚ ਹਿੱਸਾ ਦਾ ਮੁੱਦਾ ਚੁੱਕਿਆ ਸੀ ਤਾਂ ਮੈਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਹੁਣ ਇਸ ਲੋਕ ਸਭਾ ਮੈਂਬਰ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਵੇਗੀ ਜਿਸ ਨੇ ਦਾਨਿਸ਼ ਅਲੀ ਦਾ ਅਪਮਾਨ ਕੀਤਾ ਹੈ।’’ ਐੱਨਸੀਪੀ ਤਰਜਮਾਨ ਕਲਾਈਡ ਕ੍ਰਾਸਟੋ ਨੇ ਕਿਹਾ ਕਿ ਭਾਜਪਾ ਮੈਂਬਰ ਰਮੇਸ਼ ਬਿਧੂੜੀ ਨੂੰ ਅਜੇ ਤੱਕ ਮੁਅੱਤਲ ਕਿਉਂ ਨਹੀਂ ਕੀਤਾ ਗਿਆ ਹੈ। ਇਸੇ ਦੌਰਾਨ ਏਆਈਐੱਮਆਈਐੱਮ ਦੇ ਆਗੂ ਅਸਦੂਦੀਨ ਓਵਾਇਸੀ ਨੇ ਟਵੀਟ ਕੀਤਾ ਕਿ ਭਾਜਪਾ ਇੱਕ ਡੂੰਘੀ ਖਾਈ ਹੈ, ਜੋ ਨਿੱਤ ਦਿਨ ਡੂੰਘੀ ਹੁੰਦੀ ਜਾ ਰਹੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਟਵੀਟ ਟੈਗ ਕਰਦਿਆਂ ਲਿਖਿਆ, ‘‘ਮੇਰਾ ਸੁਝਾਅ ਹੈ ਜਲਦੀ ਹੀ ਇਸ ਵੀਡੀਓ ਨੂੰ ਅਰਬੀ ਵਿੱਚ ਡੱਬ ਕਰ ਕੇ ਅੱਗੇ ਆਪਣੇ ਹਬੀਬੀਆਂ ਨੂੰ ਭੇਜਿਆ ਜਾਵੇ।’’ -ਪੀਟੀਆਈ
ਬਿਧੂੜੀ ਖ਼ਿਲਾਫ਼ ਢੁੱਕਵੀਂ ਕਾਰਵਾਈ ਹੋਵੇ: ਮਾਇਆਵਤੀ
ਬਸਪਾ ਪ੍ਰਧਾਨ ਮਾਇਆਵਤੀ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਭਾਜਪਾ ਨੇ ਆਪਣੇ ਆਗੂ ਖ਼ਿਲਾਫ਼ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਹੈ। ਬਿਧੂੜੀ ਦੀਆਂ ਟਿੱਪਣੀਆਂ ਨੂੰ ਸੰਸਦੀ ਰਿਕਾਰਡ ’ਚੋਂ ਕੱਢਵਾ ਦਿੱਤਾ ਗਿਆ ਹੈ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਦਨ ’ਚ ਬਿਧੂੜੀ ਦੇ ਰਵੱਈਏ ’ਤੇ ਅਫ਼ਸੋਸ ਜਤਾਇਆ ਹੈ। ਕਾਂਗਰਸ ਦੇ ਲੋਕ ਸਭਾ ’ਚ ਆਗੂ ਅਧੀਰ ਰੰਜਨ ਚੌਧਰੀ, ਟੀਐੱਮਸੀ ਦੀ ਅਪਾਰੂਪ ਪੋਦਾਰ, ਡੀਐੱਮਕੇ ਦੀ ਕਨੀਮੋਈ ਅਤੇ ਐੱਨਸੀਪੀ ਆਗੂ ਸੁਪ੍ਰਿਯਾ ਸੂਲੇ ਨੇ ਬਿਰਲਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਮਰਿਆਦਾ ਕਮੇਟੀ ਹਵਾਲੇ ਕੀਤਾ ਜਾਵੇ।
ਪ੍ਰਸਾਦ ਤੇ ਹਰਸ਼ਵਰਧਨ ਨੇ ਖ਼ੁਦ ਨੂੰ ਮਾਮਲੇ ਤੋਂ ਵੱਖ ਕੀਤਾ
ਭਾਜਪਾ ਸੰਸਦ ਮੈਂਬਰਾਂ ਰਵੀ ਸ਼ੰਕਰ ਪ੍ਰਸਾਦ ਅਤੇ ਹਰਸ਼ਵਰਧਨ ਨੇ ਆਪਣੇ ਆਪ ਨੂੰ ਇਸ ਮਾਮਲੇ ਤੋਂ ਵੱਖ ਕਰ ਲਿਆ ਹੈ। ਦੋਵੇਂ ਆਗੂਆਂ ’ਤੇ ਦੋਸ਼ ਲੱਗਾ ਹੈ ਕਿ ਘਟਨਾ ਸਮੇਂ ਉਹ ਲੋਕ ਸਭਾ ’ਚ ਹੱਸ ਰਹੇ ਸਨ।
ਰਾਹੁਲ ਨੇ ਦਾਨਿਸ਼ ਅਲੀ ਨੂੰ ਮਿਲ ਕੇ ਦਿੱਤੀ ਹਮਾਇਤ
ਨਵੀਂ ਦਿੱਲੀ: ਕਾਂਗਰਸ ਆਗੂਆਂ ਰਾਹੁਲ ਗਾਂਧੀ ਅਤੇ ਕੇਸੀ ਵੇਣੂਗੋਪਾਲ ਨੇ ਸ਼ੁੱਕਰਵਾਰ ਸ਼ਾਮ ਬਸਪਾ ਲੋਕ ਸਭਾ ਮੈਂਬਰ ਕੁੰਵਰ ਦਾਨਿਸ਼ ਅਲੀ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕਰਕੇ ਉਨ੍ਹਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਹਮਾਇਤ ਦਿੱਤੀ। ਦਿੱਲੀ ਦੇ ਪੰਡਾਰਾ ਰੋਡ ਇਲਾਕੇ ’ਚ ਸਥਿਤ ਦਾਨਿਸ਼ ਦੀ ਰਿਹਾਇਸ਼ ’ਤੇ ਉਨ੍ਹਾਂ ਨਾਲ ਮਿਲਣ ਦੀਆਂ ਰਾਹੁਲ ਦੀਆਂ ਤਸਵੀਰਾਂ ਨਸ਼ਰ ਹੋਈਆਂ ਹਨ। ਰਾਹੁਲ ਨੇ ਬਾਅਦ ’ਚ ਦਾਨਿਸ਼ ਅਲੀ ਨਾਲ ਮਿਲਣ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘ਨਫ਼ਰਤ ਕੇ ਬਾਜ਼ਾਰ ਮੇਂ ਮੁਹੱਬਤ ਕੀ ਦੁਕਾਨ।’’ -ਪੀਟੀਆਈ