ਭਾਜਪਾ ਵੱਲੋਂ ਪੰਜਾਬ ਵਿੱਚ ‘ਇੱਕ ਰਾਸ਼ਟਰ, ਇੱਕ ਚੋਣ’ ਮੁਹਿੰਮ ਦਾ ਆਗਾਜ਼
ਆਤਿਸ਼ ਗੁਪਤਾ
ਚੰਡੀਗੜ੍ਹ, 16 ਅਪਰੈਲ
ਪੰਜਾਬ ਭਾਜਪਾ ਨੇ ਦੇਸ਼ ਵਿੱਚ ‘ਇੱਕ ਰਾਸ਼ਟਰ, ਇੱਕ ਚੋਣ’ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਉਂਦਿਆਂ ਅੱਜ ਸੂਬੇ ਵਿੱਚ ਵੀ ਇਸ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਚੰਡੀਗੜ੍ਹ ਸਥਿਤ ਭਾਜਪਾ ਦਫਤਰ ਵਿੱਚ ਮੁਹਿੰਮ ਦੇ ਕਨਵੀਨਰ ਐਸਐਸ ਚੰਨੀ ਅਤੇ ਕੋ-ਕਨਵੀਨਰ ਪਰਮਪਾਲ ਕੌਰ ਨੇ ਇਸ ਮੁਹਿੰਮ ਦੇ ਗੀਤ ਨੂੰ ਰਿਲੀਜ਼ ਕੀਤਾ।
ਇਸ ਮੌਕੇ ਐਸਐਸ ਚੰਨੀ ਨੇ ਕਿਹਾ ਕਿ ਦੇਸ਼ ਵਿੱਚ ਵੱਖ-ਵੱਖ ਸਮੇਂ ’ਤੇ ਚੋਣਾਂ ਹੋਣ ਨਾਲ ਸਰਕਾਰੀ ਪੈਸੇ ਅਤੇ ਸਰਕਾਰੀ ਤੰਤਰ ਦੀ ਵਧੇਰੇ ਦੁਰਵਰਤੋਂ ਹੁੰਦੀ ਹੈ ਜੇਕਰ ਦੇਸ਼ ਵਿੱਚ ‘ਇੱਕ ਰਾਸ਼ਟਰ, ਇੱਕ ਚੋਣ’ ਮੁਹਿਮ ਸ਼ੁਰੂ ਹੋ ਜਾਂਦੀ ਹੈ ਤਾਂ ਸਰਕਾਰ ਦੇ ਰੁਪਏ ਅਤੇ ਤੰਤਰ ਦੀ ਬੱਚਤ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਇੱਕੋ ਸਮੇਂ ਸਾਰੀਆਂ ਚੋਣਾਂ ਹੁੰਦੀਆਂ ਸਨ, ਪਰ ਸਾਲ 1967 ਤੋਂ ਬਾਅਦ ਸਮੀਕਰਨ ਵਿਗੜ ਗਏ ਅਤੇ ਇਹ ਚੋਣਾਂ ਅੱਗੇ ਪਿੱਛੇ ਹੋਣ ਲੱਗੀਆਂ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹੁਣ ਮੁੜ ਤੋਂ ‘ਇੱਕ ਰਾਸ਼ਟਰ, ਇੱਕ ਚੋਣ’ ਮੁਹਿੰਮ ਸ਼ੁਰੂ ਕੀਤਾ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤਰੀ ਪਾਰਟੀਆਂ ਵੱਲੋਂ ਇਸ ਮੁਹਿੰਮ ਨੂੰ ਲੈ ਕੇ ਉੱਠ ਰਹੇ ਖਦਸ਼ੇ ਬਿਲਕੁਲ ਗਲਤ ਹਨ ਜਦੋਂ ਕਿ ਇਹ ਫੈਸਲਾ ਦੇਸ਼ ਦੀ ਭਲਾਈ ਲਈ ਲਿਆ ਜਾ ਰਿਹਾ ਹੈ।