ਭਾਜਪਾ ਨੇ ਅਕਾਲੀ ਦਲ ਨਾਲ ਸਮਝੌਤਾ ਕਰਨ ਤੋਂ ਖੁਦ ਜਵਾਬ ਦਿੱਤਾ: ਬੁੱਧਰਾਮ
ਪੱਤਰ ਪ੍ਰੇਰਕ
ਮਾਨਸਾ, 27 ਮਾਰਚ
ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਸਮਝੌਤਾ ਅਸੂਲਾਂ ਦੀ ਰਾਜਨੀਤੀ ਕਰਕੇ ਨਹੀਂ ਟੁੱਟਿਆ ਸਗੋਂ ਅਕਾਲੀ ਦਲ ਨੂੰ ਭਾਜਪਾ ਨੇ ਸਮਝੌਤਾ ਨਾ ਕਰਨ ਲਈ ਟਕੇ ਵਰਗਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਭਾਜਪਾ ਨਾਲ ਲੰਬਾ ਸਮਾਂ ਸਾਂਝ-ਪਿਆਲੀ ਪਾ ਕੇ ਪੰਜਾਬ ਦੇ ਹੱਕਾਂ ਤੋਂ ਦੂਰੀ ਬਣਾ ਲਈ ਸੀ ਅਤੇ ਹਮੇਸ਼ਾ ਘੱਟ ਗਿਣਤੀਆਂ ਨਾਲ ਖੜ੍ਹਨ ਦਾ ਦਾਅਵਾ ਕਰਨ ਵਾਲੇ ਅਕਾਲੀ ਦਲ ਨੇ ਫੈਂਡਰਲ ਢਾਂਚੇ ਤੋਂ ਸੱਤਾ ਦੀ ਲਾਲਸਾ ਕਾਰਨ ਚੁੱਪ ਵੱਟੀ ਰੱਖੀ ਸੀ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਬੁੱਧਰਾਮ ਨੇ ਕਿਹਾ ਕਿ ਸੰਸਦ ਵਿੱਚ ਜਦੋਂ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਮਤਾ ਪਾਸ ਕੀਤਾ ਗਿਆ ਸੀ ਤਾਂ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਵਜ਼ੀਰ ਹਰਸਿਮਰਤ ਕੌਰ ਬਾਦਲ ਪਾਰਲੀਮੈਂਟ ਵਿੱਚ ਬੈਠੇ ਸਨ ਪਰ ਜਦੋਂ ਕਿਸਾਨ ਜਥੇਬੰਦੀਆਂ ਅਕਾਲੀ ਦਲ ਦੀ ਚੁੱਪ ਖਿਲਾਫ਼ ਮੈਦਾਨ ਵਿੱਚ ਉਤਰੀਆਂ ਤਾਂ ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਖੇਤੀ ਕਾਨੂੰਨਾਂ ਲਈ ਯੂ-ਟਰਨ ਲੈ ਲਿਆ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਲੰਬਾ ਸਮਾਂ ਭਾਜਪਾ ਨਾਲ ਸਾਂਝ-ਪਿਆਲੀ ਪਾ ਕੇ ਪੰਜਾਬ ਦੇ ਚਿਰਾਂ ਤੋਂ ਲਟਕਦੇ ਆ ਰਹੇ ਮਸਲਿਆਂ ’ਚੋਂ ਕਿਸੇ ਨੂੰ ਹੱਲ ਨਹੀਂ ਸੀ ਕਰਵਾਇਆ। ਉਨ੍ਹਾਂ ਕਿਹਾ ਕਿ ਜਿਵੇਂ ਬਾਦਲਾਂ ਨੇ ਚੌਟਾਲਿਆਂ ਨਾਲ ਦੋਸਤੀ ਨਿਭਾਉਂਦਿਆਂ ਦੋਹਾਂ ਵੱਲੋਂ 5-5 ਵਾਰ ਮੁੱਖ ਮੰਤਰੀ ਬਣਕੇ ਵੀ ਪੰਜਾਬ ਅਤੇ ਹਰਿਆਣਾ ਦੇ ਮਸਲਿਆਂ ਨੂੰ ਲਟਕਾਈ ਰੱਖਿਆ, ਉਸੇ ਤਰ੍ਹਾਂ ਭਾਜਪਾ ਨਾਲ ਕੇਂਦਰ ਵਿੱਚ ਵਜ਼ੀਰੀ ਦੀ ਸਾਂਝੀ ਪਾਕੇ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਨੇ ਲੰਬੇ ਸਮੇਂ ਤੋਂ ਲਟਕੇ ਹੋਏ ਪੰਜਾਬ ਦੇ ਮਸਲਿਆਂ ਨੂੰ ਕੇਂਦਰ ਤੋਂ ਹੱਲ ਕਰਵਾਉਣ ਲਈ ਕੋਈ ਸਟੈਂਡ ਨਹੀਂ ਲਿਆ। ‘ਆਪ’ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਹੁਣ ਜਦੋਂ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਮਝੌਤਾ ਨਾ ਕਰਨ ਦਾ ਕੋਰਾ ਜਵਾਬ ਦਿੰਦਿਆਂ ਰਾਜ ਵਿੱਚ 13 ਸੀਟਾਂ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ ਤਾਂ ਇਨ੍ਹਾਂ ਵੱਲੋਂ ਪੰਜਾਬ ਦੇ ਹਿੱਤਾਂ ਦਾ ਰਾਗ ਅਲਾਪ ਕਰਕੇ ਵੋਟਾਂ ਮੰਗਣੀਆਂ ਆਰੰਭ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਅਪਰੇਸ਼ਨ ਲੋਟਸ ਵਾਂਗ ਜਦੋਂ ਵੱਡੀ ਪੱਧਰ ’ਤੇ ਪੰਜਾਬ ਦੇ ਸਿਆਸੀ ਨੇਤਾਵਾਂ ਅਤੇ ਸੰਸਦੀ ਮੈਂਬਰਾਂ ਨੂੰ ਵੱਡੇ-ਵੱਡੇ ਲਾਲਚ ਦੇਕੇ ਖਰੀਦਣ ਉਤੇ ਉਤਰੀ ਹੋਈ ਹੈ, ਉਸ ਵੇਲੇ ਭਾਜਪਾ ਦਾ ਅਕਾਲੀ ਦਲ ਨੂੰ ਇਕੱਠਿਆਂ ਚੋਣਾਂ ਲੜਨ ਤੋਂ ਜਵਾਬ ਦੇਣਾ ਅਕਾਲੀ ਦਲ ਲਈ ਸਿਰੇ ਦੀ ਨਾਮੋਸ਼ੀ ਵਾਲੀ ਗੱਲ ਹੈ ਪਰ ਹੁਣ ਸ੍ਰੋਮਣੀ ਅਕਾਲੀ ਦਲ ਇਸ ਨੂੰ ਆਪਣੀ ਪ੍ਰਾਪਤੀ ਦੱਸ ਕੇ ਲੋਕਾਂ ਤੋਂ ਵੋਟਾਂ ਮੰਗਣ ਦੀ ਡਰਾਮੇਬਾਜ਼ੀ ਕਰਨ ਲੱਗਿਆ ਹੈ, ਜਦੋਂ ਕਿ ਪੰਜਾਬ ਦੇ ਲੋਕ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਚਾਲ ਨੂੰ ਸਮਝਦੇ ਹੋਏ ਇਨ੍ਹਾਂ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਗੇ।