ਮਜਬੂਰੀ ’ਚ ਅਕਾਲੀ ਦਲ ਨਾਲ ਮੁੜ ਗੱਠਜੋੜ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ: ਉਮਰ
ਸ੍ਰੀਨਗਰ, 11 ਜੁਲਾਈ
ਨੈਸ਼ਨਲ ਕਾਨਫਰੰਸ (ਐੱਨਸੀ) ਦੇ ਆਗੂ ਉਮਰ ਅਬਦੁੱਲਾ ਨੇ ਅੱਜ ਇੱਥੇ ਕਿਹਾ ਕਿ ਭਾਜਪਾ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਐੱਨਡੀਏ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਚੋਣਾਂ ਜਿੱਤਣਾ ਓਨਾ ਸੌਖਾ ਨਹੀਂ ਹੋਵੇਗਾ ਜਿੰਨਾ ਉਹ ਦਿਖਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਆਂਧਰਾ ਪ੍ਰਦੇਸ਼ ਵਿੱਚ ਭਾਜਪਾ ਚੰਦਰਬਾਬੂ ਨਾਇਡੂ ਦੀ ਟੀਡੀਪੀ ਨਾਲ ਗੱਲਬਾਤ ਕਰ ਰਹੀ ਹੈ ਅਤੇ ਪੰਜਾਬ ਵਿੱਚ ਅਕਾਲੀ ਦਲ ਨਾਲ ਵਾਪਸ ਗੱਠਜੋੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੁੱਝ ਸਾਲਾਂ ’ਚ ਭਾਜਪਾ ਨੇ ਕਿਤੇ ਵੀ ਗੱਠਜੋੜ ਵਿੱਚ ‘ਦੋਸਤੀ ਦਾ ਸਨਮਾਨ’ ਨਹੀਂ ਕੀਤਾ ਪਰ ਹੁਣ ਮਜਬੂਰੀ ’ਚ ਸੁਲਹ ਕਰਨ ਦੀ ਕੋਸ਼ਿਸ ਕਰ ਰਹੀ ਹੈ। ਸਾਂਝੇ ਸਿਵਲ ਕੋਡ ਦੇ ਮੁੱਦੇ ’ਤੇ ਅਬਦੁੱਲਾ ਨੇ ਕਿਹਾ ਕਿ ਭਾਜਪਾ ਨੂੰ ਆਪਣਾ ਏਜੰਡਾ ਤੈਅ ਕਰਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਕਾਨਫਰੰਸ ਭਾਜਪਾ ਦੇ ਏਜੰਡੇ ਦੀ ਹਮਾਇਤ ਨਹੀਂ ਕਰਦੀ ਪਰ ਜੇ ਅਜਿਹਾ ਕਾਨੂੰਨ ਬਣਾਇਆ ਜਾਂਦਾ ਹੈ ਤਾਂ ਕਿਸੇ ਵੀ ਭਾਈਚਾਰੇ ਨੂੰ ਛੋਟ ਨਹੀਂ ਦਿੱਤੀ ਜਾਣੀ ਚਾਹੀਦੀ, ਇੱਥੋਂ ਤੱਕ ਕਿ ਆਦਿਵਾਸੀਆਂ ਨੂੰ ਵੀ ਨਹੀਂ। ਉਨ੍ਹਾਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਸਾਡਾ ਧਿਆਨ ਇਸ ਗੱਲ ’ਤੇ ਹੋਣਾ ਚਾਹੀਦਾ ਹੈ ਕਿ ਭਾਜਪਾ ਕਿਵੇਂ ਐਨਡੀਏ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਭਾਜਪਾ ਨੂੰ ਲੱਗ ਰਿਹਾ ਹੈ ਕਿ ਹਵਾ ਉਸ ਦੇ ਹੱਕ ਵਿਚ ਨਹੀਂ ਚੱਲ ਰਹੀ।” ਅਬਦੁੱਲਾ ਨੇ ਕਿਹਾ, “ਇੱਕ-ਇੱਕ ਕਰ ਕੇ ਉਸ ਦੇ ਦੋਸਤ ਚਲੇ ਗਏ। ਸ਼ਿਵ ਸੈਨਾ ਤੇ ਅਕਾਲੀ ਦਲ ਵਰਗੇ ਉਸ ਦੇ ਦੋਸਤ ਵੀ ਉਸ ਨੂੰ ਛੱਡ ਗਏ। ਇਸ ਲਈ ਭਾਜਪਾ ਹੁਣ ਮਜਬੂਰੀ ਵੱਸ ਦੋਸਤੀ ਦਾ ਹੱਥ ਵਧਾ ਰਹੀ ਹੈ।’’ -ਪੀਟੀਆਈ