ਵੋਟਾਂ ਲੈਣ ਲਈ ਵਪਾਰੀਆਂ ਦੇ ਹਾੜੇ ਕੱਢ ਰਹੀ ਹੈ ਭਾਜਪਾ: ਅਰੋੜਾ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 21 ਸਤੰਬਰ
ਥਾਨੇਸਰ ਵਿਧਾਨ ਸਭਾ ਤੋਂ ਕਾਂਗਰਸੀ ਉਮੀਦਵਾਰ ਅਸ਼ੋਕ ਅਰੋੜਾ ਨੇ ਨਵੀਂ ਅਨਾਜ ਮੰਡੀ ਵਿਚ ਇਕ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਪਾਰੀਆਂ ਨੂੰ ਚੋਰ ਦੱਸਣ ਵਾਲੀ ਭਾਜਪਾ ਅੱਜ ਵੋਟਾਂ ਲਈ ਉਨ੍ਹਾਂ ਅੱਗੇ ਹਾੜੇ ਕੱਢ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕਿਸਾਨਾਂ ਤੇ ਵਪਾਰੀਆਂ ਦੇ ਰਿਸ਼ਤੇ ਖਰਾਬ ਕਰਨ ਦਾ ਕੰਮ ਕੀਤਾ ਹੈ ਤੇ ਵਪਾਰੀਆਂ ਦਾ ਕਮਿਸ਼ਨ ਤੱਕ ਖਤਮ ਕਰ ਦਿੱਤਾ ਹੈ। ਅੱਜ ਸੂਬੇ ਵਿਚ ਵਪਾਰੀ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕੋਲੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਕਾਂਗਰਸ ਸਰਕਾਰ ਬਨਣ ’ਤੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਇੱਥੇ ਅੱਜ ਅਨਾਜ ਮੰਡੀ ਵਿੱਚ ਪੁੱਜਣ ’ਤੇ ਵਪਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਸ੍ਰੀ ਬ੍ਰਾਹਮਣ ਤੇ ਤੀਰਥ ਦੁਆਰ ਸਭਾ ਦੇ ਪ੍ਰਧਾਨ ਸ਼ਾਮ ਸੁੰਦਰ ਤਿਵਾੜੀ ਤੇ ਭਾਜਪਾ ਸ਼ਕਤੀ ਕੇਂਦਰ ਦੇ ਮੁਖੀ ਅਮਨ ਅੰਨੀ ਆਪਣੇ ਸਮਰਥਕਾਂ ਸਣੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸ ਤੋਂ ਇਲਾਵਾ ਅਰੋੜਾ ਨੇ ਅੱਜ ਪਿੰਡ ਪ੍ਰਤਾਪਗੜ੍ਹ, ਖੇੜੀ ਮਾਰਕੰਡਾ, ਦਰਾ ਖੇੜਾ, ਸੁਨੇਹੜੀ ਖਾਲਸਾ ਵਿੱਚ ਮੀਟਿੰਗਾਂ ਨੂੰ ਸੰਬੋਧਨ ਕੀਤਾ।
ਕਾਂਗਰਸੀ ਉਮੀਦਵਾਰ ਸ਼ੈਲੀ ਚੌਧਰੀ ਵੱਲੋਂ ਚੋਣ ਮੀਟਿੰਗਾਂ
ਨਰਾਇਣਗੜ੍ਹ (ਫਰਿੰਦਰ ਪਾਲ ਗੁਲਿਆਨੀ): ਅੱਜ ਕਾਂਗਰਸੀ ਉਮੀਦਵਾਰ ਸ਼ੈਲੀ ਚੌਧਰੀ ਅਤੇ ਕਾਰਜਕਾਰੀ ਪ੍ਰਧਾਨ ਰਾਮ ਕ੍ਰਿਸ਼ਨ ਗੁੱਜਰ ਨੇ ਪਿੰਡ ਨੱਗਲ, ਗਡੋਲੀ, ਕੋਡਵਾ ਖੁਰਦ, ਕੋਡਵਾ ਕਲਾਂ, ਗਣੇਸ਼ਪੁਰ, ਸੰਤੋਖੀ, ਕੜਾਸਨ ਧਮੋਲੀ ਉਪਰਲੀ, ਧਮੋਲੀ ਮਾਜਰੀ, ਨੌਗਾਵਾਂ ਤੇ ਸ਼ਹਿਜ਼ਾਦਪੁਰ ਵਿੱਚ ਕਾਂਗਰਸ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਕਾਂਗਰਸੀ ਉਮੀਦਵਾਰ ਨੇ ਕਿਹਾ ਕਿ ਬਸਪਾ ਅਤੇ ਇਨੈਲੋ ਗੱਠਜੋੜ ਭਾਜਪਾ ਦੀ ਬੀ ਟੀਮ ਹੈ। ਕਾਂਗਰਸ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਨੇ ਕਿਹਾ ਕਿ ਸਰਕਾਰ ਬਣਦਿਆਂ ਹੀ ਸੂਬੇ ਵਿੱਚ ਬਦਲਾਅ ਆਵੇਗਾ ਤੇ ਲੋਕਾਂ ਨੂੰ ਖੱਜਲ ਖੁਆਰ ਕਰਨ ਵਾਲੇ ਸਾਰੇ ਪੋਰਟਲ ਬੰਦ ਕਰ ਦਿੱਤੇ ਜਾਣਗੇ। ਸੀਨੀਅਰ ਨਾਗਰਿਕਾਂ ਲਈ ਪ੍ਰਤੀ ਮਹੀਨਾ 6000 ਦੀ ਪੈਨਸ਼ਨ ਦਿੱਤੀ ਜਾਵੇਗੀ, ਗੈਸ ਸਿਲੰਡਰ 500 ਰੁਪਏ ਵਿੱਚ ਦਿੱਤਾ ਜਾਵੇਗਾ, 25 ਲੱਖ ਦਾ ਇਲਾਜ ਮੁਫ਼ਤ ਦਿੱਤਾ ਜਾਵੇਗਾ, 100 ਗਜ਼ ਦਾ ਪਲਾਟ ਅਤੇ 2 ਕਮਰੇ ਬਣਾ ਕੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਤੱਕ ਪਹੁੰਚਣ ਲਈ ਸਿਰਫ਼ ਫ਼ੋਨ ਹੀ ਕਾਫ਼ੀ ਹੈ ਅਤੇ ਫ਼ੋਨ ’ਤੇ ਘਰ ਬੈਠੇ ਹੀ ਸਾਰਿਆਂ ਦਾ ਕੰਮ ਹੋ ਜਾਵੇਗਾ| ਇਸ ਮੌਕੇ ਬੀਰੇਂਦਰ ਸੋਮਾ, ਕਰਨ ਚੌਧਰੀ, ਮਾਮਚੰਦ ਮਕੰਦਪੁਰ, ਕੌਂਸਲਰ ਨਰਿੰਦਰ ਦੇਵ ਸ਼ਰਮਾ ਹਾਜ਼ਰ ਸਨ।