ਦਿੱਲੀ ’ਚ ‘ਆਪ’ ਸਰਕਾਰ ਤੋੜਨ ਦੀ ਸਾਜ਼ਿਸ਼ ਰਚ ਰਹੀ ਹੈ ਭਾਜਪਾ: ਕੇਜਰੀਵਾਲ
ਮਨਧੀਰ ਸਿੰਘ ਦਿਓਲ/ਪੀਟੀਆਈ
ਨਵੀਂ ਦਿੱਲੀ, 27 ਜਨਵਰੀ
‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਨੇ ਦਿੱਲੀ ’ਚ ਉਨ੍ਹਾਂ ਦੀ ਸਰਕਾਰ ਤੋੜਨ ਲਈ ਉਨ੍ਹਾਂ ਦੀ ਪਾਰਟੀ ਦੇ 7 ਵਿਧਾਇਕਾਂ ਨੂੰ 25-25 ਕਰੋੜ ’ਚ ਖਰੀਦਣ ਦੀ ਪੇਸ਼ਕਸ਼ ਕੀਤੀ ਹੈ। ਉੱਧਰ ਭਾਜਪਾ ਨੇ ਸਾਰੇ ਦੋਸ਼ ਖਾਰਜ ਕਰ ਦਿੱਤੇ ਹਨ। ਕੇਜਰੀਵਾਲ ਨੇ ਐਕਸ ’ਤੇ ਦੱਸਿਆ, ‘ਹਾਲ ਹੀ ’ਚ ਉਨ੍ਹਾਂ (ਭਾਜਪਾ) ਨੇ ਦਿੱਲੀ ਦੇ ਸਾਡੇ 7 ਵਿਧਾਇਕਾਂ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਅਸੀਂ ਕੁਝ ਦਿਨਾਂ ਬਾਅਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਵਾਂਗੇ। ਉਸ ਤੋਂ ਬਾਅਦ ਅਸੀਂ ਵਿਧਾਇਕਾਂ ਨੂੰ ਤੋੜ ਦੇਵਾਂਗੇ।’ ਉਨ੍ਹਾਂ ਅਨੁਸਾਰ ਫੋਨ ਕਰਨ ਵਾਲੇ ਨੇ ‘ਆਪ’ ਦੇ 21 ਵਿਧਾਇਕਾਂ ਨਾਲ ਗੱਲ ਹੋਣ ਦਾ ਦਾਅਵਾ ਕੀਤਾ ਹੈ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਵਿਧਾਇਕਾਂ ਨੂੰ 25-25 ਕਰੋੜ ਰੁਪਏ ਅਤੇ ਦਿੱਲੀ ਸਰਕਾਰ ਦੇ ਡਿੱਗਣ ਤੋਂ ਬਾਅਦ ਚੋਣ ਲੜਨ ਲਈ ਭਾਜਪਾ ਦੀ ਟਿਕਟ ਦੇਣ ਦਾ ਵਾਅਦਾ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘ਉਨ੍ਹਾਂ (ਭਾਜਪਾ) ਦਾ ਦਾਅਵਾ ਹੈ ਕਿ ਉਨ੍ਹਾਂ ਦੀ 21 ਵਿਧਾਇਕਾਂ ਨਾਲ ਗੱਲਬਾਤ ਹੋ ਚੁੱਕੀ ਹੈ ਪਰ ਸਾਡੀ ਜਾਣਕਾਰੀ ਅਨੁਸਾਰ ਉਨ੍ਹਾਂ ਹੁਣ ਤੱਕ 7 ਵਿਧਾਇਕਾਂ ਨਾਲ ਹੀ ਸੰਪਰਕ ਕੀਤਾ ਹੈ ਤੇ ਸਾਰਿਆਂ ਨੇ ਪੇਸ਼ਕਸ਼ ਠੁਕਰਾ ਦਿੱਤੀ ਹੈ।’
ਉਨ੍ਹਾਂ ਆਪਣੀ ਗ੍ਰਿਫ਼ਤਾਰੀ ਦੇ ਖ਼ਦਸ਼ਿਆਂ ਬਾਰੇ ਕਿਹਾ, ‘ਇਸ ਦਾ ਮਤਲਬ ਹੈ ਕਿ ਮੈਨੂੰ ਕਿਸੇ ਸ਼ਰਾਬ ਘੁਟਾਲੇ ਦੀ ਜਾਂਚ ਲਈ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਸਗੋਂ ਉਹ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਰਚ ਰਹੇ ਹਨ। ਪਿਛਲੇ ਨੌਂ ਸਾਲਾਂ ਵਿੱਚ ਉਨ੍ਹਾਂ ਸਾਡੀ ਸਰਕਾਰ ਨੂੰ ਡੇਗਣ ਲਈ ਕਈ ਸਾਜ਼ਿਸ਼ਾਂ ਰਚੀਆਂ ਪਰ ਉਨ੍ਹਾਂ ਨੂੰ ਕਦੇ ਸਫਲਤਾ ਨਹੀਂ ਮਿਲੀ। ਰੱਬ ਅਤੇ ਲੋਕਾਂ ਨੇ ਹਮੇਸ਼ਾ ਸਾਡਾ ਸਾਥ ਦਿੱਤਾ। ਸਾਡੇ ਸਾਰੇ ਵਿਧਾਇਕ ਵੀ ਮਜ਼ਬੂਤੀ ਨਾਲ ਇਕੱਠੇ ਹਨ। ਇਸ ਵਾਰ ਵੀ ਇਹ ਲੋਕ ਆਪਣੇ ਇਰਾਦਿਆਂ ਵਿੱਚ ਨਾਕਾਮ ਹੋਣਗੇ।’ ਇਸੇ ਦੌਰਾਨ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਾਇਆ ਕਿ ਭਾਜਪਾ ਨੇ ਦਿੱਲੀ ’ਚ ‘ਆਪਰੇਸ਼ਨ ਲੋਟਸ (ਕਮਲ) 2.0’ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ, ‘ਉਨ੍ਹਾਂ ‘ਆਪ’ ਵਿਧਾਇਕਾਂ ਨੂੰ ਪੈਸੇ ਦੀ ਪੇਸ਼ਕਸ਼ ਕਰਕੇ ਆਪਣੇ ਵੱਲ ਕਰਨ ਦੀ ਅਜਿਹੀ ਕੋਸ਼ਿਸ਼ ਪਿਛਲੇ ਸਾਲ ਵੀ ਕੀਤੀ ਸੀ ਪਰ ਉਹ ਨਾਕਾਮ ਰਹੇ।’
ਦੂਜੇ ਪਾਸੇ ਦਿੱਲੀ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਭਾਜਪਾ ਦੀ ਦਿੱਲੀ ਇਕਾਈ ਦੇ ਸਕੱਤਰ ਹਰੀਸ਼ ਖੁਰਾਣਾ ਨੇ ਦਿੱਲੀ ਦੀ ਮੰਤਰੀ ਆਤਿਸ਼ੀ ਨੂੰ ਚੁਣੌਤੀ ਦਿੱਤੀ ਉਹ ਆਪਣੇ ਸੱਤ ਵਿਧਾਇਕਾਂ ਤੇ ਉਨ੍ਹਾਂ ਲੋਕਾਂ ਦੇ ਵੀ ਨਾਂ ਦੱਸਣ ਜੋ ਪੇਸ਼ਕਸ਼ ਲੈ ਕੇ ਉਨ੍ਹਾਂ ਕੋਲ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ‘ਆਪ’ ਸ਼ਰਾਬ ਘੁਟਾਲੇ ਨਾਲ ਸਬੰਧਤ ਕੇਸ ’ਚ ਪੁੱਛ ਪੜਤਾਲ ਲਈ ਈਡੀ ਦੇ ਸੰਮਨ ਦਾ ਪਾਲਣ ਨਾ ਕਰਨ ਵਾਲੇ ਕੇਜਰੀਵਾਲ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਤਹਿਤ ਇਹ ਦੋਸ਼ ਲਗਾ ਰਹੀ ਹੈ।