ਭਰਤੀਆਂ ’ਚ ਐੱਸਸੀਜ਼, ਐੱਸਟੀਜ਼, ਓਬੀਸੀਜ਼ ਨੂੰ ਰਾਖਵੇਂਕਰਨ ਤੋਂ ਦੂਰ ਰੱਖ ਰਹੀ ਹੈ ਭਾਜਪਾ: ਖੜਗੇ
ਨਵੀਂ ਦਿੱਲੀ, 17 ਅਗਸਤ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ਨਿਚਰਵਾਰ ਨੂੰ ਦੋਸ਼ ਲਾਇਆ ਕਿ ਭਾਜਪਾ ਜਾਣਬੁੱਝ ਕੇ ਇਸ ਢੰਗ ਨਾਲ ਭਰਤੀਆਂ ਕਰ ਰਹੀ ਹੈ ਕਿ ਅਨੁਸੂਚਿਤ ਜਾਤੀਆਂ (ਐੱਸਸੀਜ਼), ਅਨੁਸੂਚਿਤ ਜਨਜਾਤੀਆਂ (ਐੱਸਟੀਜ਼) ਤੇ ਹੋਰ ਪੱਛੜੇ ਵਰਗਾਂ (ਓਬੀਸੀਜ਼) ਨੂੰ ਰਾਖਵੇਂਕਰਨ ਤੋਂ ਦੂਰ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸੰਵਿਧਾਨ ਤਹਿਤ ਆਰਥਿਕ, ਸਮਾਜਿਕ ਅਤੇ ਸਿਆਸੀ ਨਿਆਂ ਦੇ ਪ੍ਰਾਵਧਾਨਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਜ਼ਰੂਰੀ ਹੈ, ਇਸੇ ਕਰਕੇ ਕਾਂਗਰਸ ਸਮਾਜਿਕ ਨਿਆਂ ਲਈ ਜਾਤੀਗਤ ਜਨਗਣਨਾ ਦੀ ਮੰਗ ਕਰ ਰਹੀ ਹੈ। ਖੜਗੇ ਨੇ ‘ਐਕਸ’ ’ਤੇ ਕਿਹਾ, ‘‘ਸੰਵਿਧਾਨ ਦੀ ਉਲੰਘਣਾ ਕਰਨ ਵਾਲੀ ਭਾਜਪਾ ਨੇ ਕੀਤਾ ਰਾਖਵੇਂਕਰਨ ’ਤੇ ਦੂਹਰਾ ਵਾਰ। ਪਹਿਲਾ, ਅੱਜ ਮੋਦੀ ਸਰਕਾਰ ਨੇ ਕੇਂਦਰ ’ਚ ਸੰਯੁਕਤ ਸਕੱਤਰ, ਡਾਇਰੈਕਟਰ ਅਤੇ ਡਿਪਟੀ ਸਕੱਤਰ ਦੇ 45 ਅਹੁਦਿਆਂ ਦੀ ਸਿੱਧੀ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਕੀ ਇਨ੍ਹਾਂ ’ਚ ਐੱਸਸੀ, ਐੱਸਟੀ, ਓਬੀਸੀ ਅਤੇ ਈਡਬਲਿਊਐੱਸ ਦਾ ਰਾਖਵਾਂਕਰਨ ਹੈ?’’ ਉਨ੍ਹਾਂ ਦੋਸ਼ ਲਾਇਆ ਕਿ ਸੋਚੀ-ਸਮਝੀ ਸਾਜ਼ਿਸ਼ ਤਹਿਤ ਭਾਜਪਾ ਜਾਣਬੁੱਝ ਕੇ ਨੌਕਰੀਆਂ ’ਚ ਅਜਿਹੀ ਭਰਤੀ ਕਰ ਰਹੀ ਹੈ ਤਾਂ ਜੋ ਰਾਖਵੇਂਕਰਨ ਤੋਂ ਐੱਸਸੀ, ਐੱਸਟੀ, ਓਬੀਸੀ ਵਰਗਾਂ ਨੂੰ ਦੂਰ ਰੱਖਿਆ ਜਾ ਸਕੇ। ਖੜਗੇ ਨੇ ਕਿਹਾ, ‘‘ਦੂਜਾ, ਯੂਪੀ ’ਚ 69 ਹਜ਼ਾਰ ਸਹਾਇਕ ਅਧਿਆਪਕਾਂ ਦੀ ਨਿਯੁਕਤੀ ’ਚ ਰਾਖਵਾਂਕਰਨ ਘੁਟਾਲੇ ਦਾ ਹੁਣ ਹਾਈ ਕੋਰਟ ਦੇ ਫ਼ੈਸਲੇ ਨਾਲ ਪਰਦਾਫਾਸ਼ ਹੋ ਚੁੱਕਿਆ ਹੈ। ਰਾਹੁਲ ਗਾਂਧੀ ਨੇ ਮਾਰਚ ’ਚ ਦਲਿਤ ਅਤੇ ਪੱਛੜੇ ਵਰਗਾਂ ’ਚ ਰਾਖਵਕਾਂਕਰਨ ਘੁਟਾਲੇ ’ਚ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਵਾਂਝੇ ਉਮੀਦਵਾਰਾਂ ਦੀ ਆਵਾਜ਼ ਬੁਲੰਦ ਕੀਤੀ ਸੀ। -ਪੀਟੀਆਈ