ਧਾਰਮਿਕ ਮਾਮਲਿਆਂ ’ਚ ਦਖਲਅੰਦਾਜ਼ੀ ਕਰ ਰਹੀ ਹੈ ਭਾਜਪਾ: ਮਜੀਠੀਆ
ਗੁਰਿੰਦਰ ਸਿੰਘ
ਲੁਧਿਆਣਾ, 26 ਮਈ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਸਿਰਫ਼ ਪੰਜਾਬ ਦਾ ਹਰ ਪੱਖੋਂ ਨੁਕਸਾਨ ਹੀ ਨਹੀਂ ਕੀਤਾ ਜਾ ਰਿਹਾ ਸਗੋਂ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿੱਚ ਵੀ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਤਾਂ ਕਿ ਇਸ ਸੂਬੇ ਨੂੰ ਕਮਜ਼ੋਰ ਕੀਤਾ ਜਾ ਸਕੇ। ਉਨ੍ਹਾਂ ਅੱਜ ਅਕਾਲੀ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਪਾਕਿਸਤਾਨ ਨਾਲ ਵਪਾਰ ਦੇ ਸਾਰੇ ਰਸਤੇ ਬੰਦ ਕਰਕੇ ਗੁਜਰਾਤ ਰਾਹੀਂ ਵਪਾਰ ਕੀਤਾ ਜਾ ਰਿਹਾ ਹੈ ਤਾਂ ਕਿ ਪੰਜਾਬ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕੀਤਾ ਜਾ ਸਕੇ। ਇਸੇ ਤਰ੍ਹਾਂ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਕਰਕੇ ਆਪਣੇ ਚਹੇਤਿਆਂ ਨੂੰ ਅੱਗੇ ਲਿਆਂਦਾ ਦੂਜਾ ਰਿਹਾ ਹੈ ਜਿਨ੍ਹਾਂ ਨੂੰ ਨਾ ਤਾਂ ਇਤਿਹਾਸ ਬਾਰੇ ਜਾਣਕਾਰੀ ਹੈ ਅਤੇ ਨਾ ਹੀ ਉਹ ਸਿੱਖ ਪ੍ਰੰਪਰਾ ਦੇ ਵਾਕਫ਼ ਹਨ।
ਉਨ੍ਹਾਂ ਨਰਿੰਦਰ ਮੋਦੀ ’ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਉਹ ਪੰਜਾਬ ਵਿੱਚ ਆਉਣ ਸਮੇਂ ਦਸਤਾਰ ਸਜਾ ਲੈਂਦੇ ਹਨ ਪਰ ਦਿੱਲੀ ਵਿੱਚ ਉਹ ਦਸਤਾਰਧਾਰੀਆਂ ਦਾ ਸਵਾਗਤ ਗੋਲੀਆਂ, ਡਾਂਗਾਂ ਅਤੇ ਪਾਣੀ ਦੀਆਂ ਬੁਛਾਰਾਂ ਨਾਲ ਕਰਦੇ ਹਨ। ਮੋਦੀ ਜੁਮਲੇਬਾਜ਼ ਹਨ ਪਰ ਪੰਜਾਬ ਦੇ ਲੋਕ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ। ਕਿਸਾਨ ਜਿੱਥੇ ਦੇਸ਼ ਨੂੰ ਅਨਾਜ ਸੁਰੱਖਿਆ ਦੇ ਰਿਹਾ ਹੈ ਉੱਥੇ ਉਸ ਦੇ ਬੱਚੇ ਦੇਸ਼ ਦੀਆਂ ਸਰਹੱਦਾਂ ’ਤੇ ਵੀ ਸੁਰੱਖਿਆ ਦੇ ਰਹੇ ਹਨ ਕਿਉਂਕਿ ਹਰ ਕਿਸਾਨ ਘਰ ਦਾ ਕੋਈ ਨਾ ਕੋਈ ਜੀਅ ਫੌਜ ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਹਿਫ਼ਾਜ਼ਤ ਕਰ ਰਿਹਾ ਹੈ।
ਸ੍ਰੀ ਮਜੀਠੀਆ ਨੇ ਸਿਕੰਦਰ ਸਿੰਘ ਮਲੂਕਾ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪਰਿਵਾਰਕ ਕਾਰਨਾਂ ਕਰਕੇ ਮਲੂਕਾ ਦੀ ਅਕਾਲੀ ਦਲ ਲਈ ਪ੍ਰਚਾਰ ਨਾ ਕਰਨ ਦੀ ਮਜਬੂਰੀ ਬਣੀ ਹੋਈ ਹੈ ਕਿਉਂਕਿ ਉਨ੍ਹਾਂ ਦੀ ਨੂੰਹ ਚੋਣ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਮਲੂਕਾ ਨੂੰ ਮਾਣ ਸਨਮਾਨ ਦਿੱਤਾ ਹੈ। ਉਨ੍ਹਾਂ ਕਾਂਗਰਸ, ਭਾਜਪਾ ਅਤੇ ਆਪ ਉਮੀਦਵਾਰਾਂ ਦੀ ਡੱਟ ਕੇ ਵਿਰੋਧਤਾ ਕਰਦਿਆਂ ਕਿਹਾ ਕਿ ਇਹ ਸਾਰੇ ਉਮੀਦਵਾਰ ਮਜਬੂਰੀ ਵੱਸ ਚੋਣ ਲੜ ਰਹੇ ਹਨ।
ਭਾਜਪਾ ਆਗੂਆਂ ਵਿੱਚ ਸਾਬਕਾ ਕਾਂਗਰਸੀਆਂ ਦੀ ਗਿਣਤੀ ਵੱਧ: ਅਕਾਲੀ ਦਲ
ਸ੍ਰੀ ਮਜੀਠੀਆ ਨੇ ਕਿਹਾ ਕਿ ਇਸ ਵੇਲੇ ਅੱਧੀ ਕਾਂਗਰਸ ਪਾਰਟੀ ਤਾਂ ਭਾਜਪਾ ਵਿੱਚ ਬੈਠੀ ਹੈ। ਇੰਦਰਾ ਗਾਂਧੀ ਨੂੰ ਆਪਣਾ ਆਗੂ ਕਹਿਣ ਵਾਲੇ ਲੋਕ ਅੱਜ ਨਰਿੰਦਰ ਮੋਦੀ ਨੂੰ ਸਰਵੋਤਮ ਕਹਿ ਰਹੇ ਹਨ। ਭਾਜਪਾ ਦੀ ਰੈਲੀ ਵਿਚ ਜੇਕਰ ਕਮਲ ਦਾ ਫੁੱਲ ਕੱਢ ਦਿਓ ਤਾਂ ਕਾਂਗਰਸ ਦੀ ਰੈਲੀ ਲੱਗੇਗੀ ਕਿਉਂਕਿ ਸਟੇਜ ਉਪਰ ਸਾਰੇ ਕਾਂਗਰਸੀ ਚਿਹਰੇ ਹੀ ਨਜ਼ਰ ਆਉਣਗੇ ਜਿਨ੍ਹਾਂ ਵਿੱਚ ਸੁਨੀਲ ਜਾਖੜ, ਰਵਨੀਤ ਸਿੰਘ ਬਿੱਟ, ਸੁਸ਼ੀਲ ਰਿੰਕੂ, ਰਾਣਾ ਗੁਰਮੀਤ ਸਿੰਘ ਸੋਢੀ ਆਦਿ ਸ਼ਾਮਲ ਹਨ। ਇਸ ਮੌਕੇ ਰਣਜੀਤ ਸਿੰਘ ਢਿੱਲੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਜਗਬੀਰ ਸਿੰਘ ਸੋਖੀ, ਭੁਪਿੰਦਰ ਸਿੰਘ ਭਿੰਦਾ ਅਤੇ ਬੀਬੀ ਸੁਰਿੰਦਰ ਕੌਰ ਦਿਆਲ ਹਾਜ਼ਰ ਸਨ।