ਲੋਕਾਂ ਨੂੰ ਫਿਰਕੂ ਫਾਸ਼ੀਵਾਦੀ ਤਰੀਕਿਆਂ ਨਾਲ ਵੰਡ ਰਹੀ ਹੈ ਭਾਜਪਾ: ਗਿਰੀ
ਮਹਿੰਦਰ ਸਿੰਘ ਰੱਤੀਆਂ
ਮੋਗਾ 21 ਅਕਤੂਬਰ
ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਪੰਜਾਬ (ਏਟਕ) ਵੱਲੋਂ ਆਪਣੇ ਮਹਿਬੂਬ ਆਗੂ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 36ਵੀਂ ਬਰਸੀ ਮੋਗਾ ਸ਼ਹਿਰ ਇਨਕਲਾਬੀ ਰੰਗ ਵਿਚ ਰੰਗਿਆ ਦਿਖਾਈ ਦਿੱਤਾ। ਏਟਕ ਦੇ ਕੌਮੀ ਸਕੱਤਰ ਵਿੱਦਿਆ ਸਾਗਰ ਗਿਰੀ ਨੇ ਕਾਮਰੇਡ ਧਾਲੀਵਾਲ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕਾਲੇ ਦਿਨਾਂ ਦੌਰਾਨ ਅੱਜ ਦਾ ਦਿਨ ਕਾਮੇ ਵਰਗ ਲਈ ਅਤਿ ਦੁੱਖਦਾਈ ਸੀ। ਕਾਮਰੇਡ ਧਾਲੀਵਾਲ ਦਾ ਬਲੀਦਾਨ ਦੇਸ਼ ਵਿੱਚ ਫਿਰਕੂ ਤੇ ਫੁੱਟਪਾਊ ਸ਼ਕਤੀਆਂ ਖ਼ਿਲਾਫ਼, ਕਿਰਤੀਆਂ ਦੀ ਦੇਸ਼ਿਵਆਪੀ ਲਹਿਰ ਨੂੰ ਇੱਕਜੁੱਟ ਕਰ ਕੇ ਮੁਕਤੀ ਹਾਸਲ ਕਰਨ ਦੇ ਮਾਰਗ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਲੋਕਾਂ ਨੂੰ ਫਿਰਕੂ ਫਾਸ਼ੀਵਾਦੀ ਤਰੀਕਿਆਂ ਨਾਲ ਵੰਡ ਰਹੀ ਹੈ। ਪਬਲਿਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਹੱਥ ਵੇਚ ਰਹੀ ਹੈ। ਪੂੰਜੀਵਾਦੀ ਘਰਾਣਿਆਂ ਨੂੰ ਬੇਹਿਸਾਬੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ‘ਰੁਜ਼ਗਾਰ ਪ੍ਰਾਪਤੀ ਮੁਹਿੰਮ’ ਦੇ ਸਲਾਹਕਾਰ ਜਗਰੂਪ ਅਤੇ ਏਟਕ ਦੇ ਸੁਖਦੇਵ ਸ਼ਰਮਾ ਨੇ ਕਿਹਾ ਕਾਮਰੇਡ ਧਾਲੀਵਾਲ ਕਿਰਤੀ ਵਰਗ ਦਾ ਚੇਤਨ ਆਗੂ ਸਨ। ਉਨ੍ਹਾਂ ਕਿਰਤੀ ਵਰਗ ਲਈ ਆਪਣਾ ਜੀਵਨ ਸਮਰਪਿਤ ਕੀਤਾ ਅੱਜ ਉਸ ਵਰਗ ਅੱਗੇ ਵਰਤਮਾਨ ਅਤੇ ਭਵਿੱਖ ਚੁਣੌਤੀਆਂ ਭਰਿਆ ਹੈ। ਹਰ ਵਰਗ ਦੇ ਲੋਕਾਂ ਲਈ ਰੁਜ਼ਗਾਰ ਦਾ ਸਵਾਲ ਪ੍ਰਮੁੱਖ ਹੈ। ਸਾਡਾ ਸਮਾਜਕ ਪ੍ਰਬੰਧ ਪੂੰਜੀਵਾਦੀ ਘਰਾਣਿਆਂ ਦੀ ਦੌਲਤ ਵਿੱਚ ਤਾਂ ਧੜਾਧੜ ਵਾਧਾ ਕਰ ਰਿਹਾ ਹੈ, ਪਰ ਨੌਜਵਾਨ ਪੀੜ੍ਹੀ ਲਈ ਆਮਦਨ ਦੇ ਸਰੋਤ ਰੁਜ਼ਗਾਰ ਲਈ ਕੋਈ ਯੋਜਨਾ, ਕੋਈ ਕਾਨੂੰਨ ਨਹੀਂ ਹੈ। ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਸਰਪ੍ਰਸਤ ਗੁਰਦੀਪ ਸਿੰਘ ਮੋਤੀ, ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ, ਪ੍ਰਧਾਨ ਗੁਰਜੀਤ ਸਿੰਘ ਘੋੜੇਵਾਹ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਤੱਕ ਇੱਕ ਵੀ ਨਵੀਂ ਬੱਸ ਨਹੀਂ ਪਾਈ।
ਕੇਂਦਰ ਸਰਕਾਰ ਸੂਬੇ ’ਚ ਖੇਤੀ ਕਿੱਤੇ ਨੂੰ ਤਬਾਹ ਕਰਨ ’ਤੇ ਤੁਲੀ: ਕਾਮਰੇਡ ਬੰਤ ਬਰਾੜ
ਪੰਜਾਬ ਏਟਕ ਦੇ ਪ੍ਰਧਾਨ ਸਕੱਤਰ ਬੰਤ ਬਰਾੜ ਅਤੇ ਨਿਰਮਲ ਧਾਲੀਵਾਲ ਨੇ ਕਿਹਾ ਸੂਬਾ ਸਰਕਾਰ ਖ਼ਜ਼ਾਨੇ ਵਿੱਚੋਂ ਕਰੋੜਾਂ ਰੁਪਿਆ ਇਸ਼ਤਿਹਾਰਬਾਜ਼ੀ ਅਤੇ ਦੂਜੇ ਸੂਬਿਆਂ ਅਤੇ ਵਿਦੇਸ਼ੀ ਦੌਰਿਆਂ ਉੱਤੇ ਪਾਣੀ ਵਾਂਗ ਰੋੜ ਰਹੀ ਹੈ। ਸਰਕਾਰ ਵਾਅਦੇ ਪੂਰੇ ਕਰਨ ਦੀ ਬਿਜਾਏ ਸੰਘਰਸ਼ੀ ਲੋਕਾਂ ਨੂੰ ਹੀ ਸੜਕਾਂ ਉੱਤੇ ਘੜੀਸਿਆ ਜਾ ਰਿਹਾ ਹੈ। ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਵਿਤਕਰਾ ਕਰਦੇ ਹੋਏ ਖੇਤੀ ਕਿੱਤੇ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ।