ਲੋਕਾਂ ਦਾ ਧਿਆਨ ਭਟਕਾ ਰਹੀ ਹੈ ਭਾਜਪਾ: ਪ੍ਰਿਯੰਕਾ
ਰਾਏ ਬਰੇਲੀ, 15 ਮਈ
ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੇ ਭਾਜਪਾ ’ਤੇ ਚੋਣਾਂ ਦੌਰਾਨ ਲੋਕਾਂ ਦਾ ਧਿਆਨ ਭਟਕਾਉਣ ਅਤੇ ਧਰਮ ਦੇ ਨਾਮ ’ਤੇ ਵੋਟਾਂ ਮੰਗਣ ਦਾ ਦੋਸ਼ ਲਾਇਆ। ਪ੍ਰਿਯੰਕਾ ਨੇ ਕਿਹਾ ਕਿ ਇਸ ‘ਧਰਮ ਦੀ ਸਿਆਸਤ’ ਕਾਰਨ ਸਰਕਾਰ ਪਿਛਲੇ 10 ਸਾਲਾਂ ਵਿੱਚ ਲੋਕਾਂ ਪ੍ਰਤੀ ਜਵਾਬਦੇਹ ਨਹੀਂ ਰਹੀ। ਉਨ੍ਹਾਂ ਕਿਹਾ, ‘‘ਭਾਜਪਾ ਆਗੂਆਂ ਨੂੰ ਅਹਿਸਾਸ ਹੋ ਗਿਆ ਹੈ ਕਿ ਉਹ ਧਰਮ ਦੇ ਨਾਂ ’ਤੇ ਤੁਹਾਨੂੰ ਧੋਖਾ ਦੇ ਕੇ ਹੀ ਸੱਤਾ ਵਿੱਚ ਆ ਸਕਦੇ ਹਨ।’’ ਉਹ ਲੋਕ ਸਭਾ ਹਲਕਾ ਰਾਏ ਬਰੇਲੀ ਤੋਂ ਕਾਂਗਰਸ ਉਮੀਦਵਾਰ ਅਤੇ ਆਪਣੇ ਭਰਾ ਰਾਹੁਲ ਗਾਂਧੀ ਲਈ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਪ੍ਰਿਯੰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਰਾਏ ਬਰੇਲੀ ਤੋਂ ਭਾਜਪਾ ਉਮੀਦਵਾਰ ਤੱਕ ਸਾਰੇ ਭਾਜਪਾ ਆਗੂ ਸੋਚਦੇ ਹਨ ਕਿ ਲੋਕਾਂ ਲਈ ਕੰਮ ਕਰਨ ਦੀ ਕੋਈ ਲੋੜ ਨਹੀਂ ਹੈ ਅਤੇ ਚੋਣਾਂ ਦੌਰਾਨ ‘ਧਰਮ ਦੇ ਨਾਂ ’ਤੇ ਤੁਹਾਡਾ ਧਿਆਨ ਭਟਕਾ ਰਹੇ ਹਨ।’ ਭਾਜਪਾ ਨੇ ਰਾਏ ਬਰੇਲੀ ਤੋਂ ਰਾਹੁਲ ਖ਼ਿਲਾਫ਼ ਦਿਨੇਸ਼ ਪ੍ਰਤਾਪ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਕਾਂਗਰਸ ਆਗੂ ਨੇ ਕਿਹਾ ਕਿ ਦੇਸ਼ ਵਿੱਚ ਦੋ ਤਰ੍ਹਾਂ ਦੀ ਸਿਆਸਤ ਚੱਲ ਰਹੀ ਹੈ. ਪਹਿਲੀ ਸੱਚਾਈ, ਵੋਟਰਾਂ ਪ੍ਰਤੀ ਸਮਰਪਣ ਅਤੇ ਉਨ੍ਹਾਂ ਲਈ ਕੰਮ ਕਰਨ ਦੀ ਇੱਛਾ ਦੀ ਸਿਆਸਤ ਹੈ ਜਦਕਿ ਦੂਸਰੀ ਭਾਜਪਾ ਦੀ ਸਿਆਸਤ ਹੈ ਜਿਸ ਤਹਿਤ ਉਹ ਵੋਟਾਂ ਲੈਣ ਲਈ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹਨ, ਧਰਮ ਦੇ ਨਾਂ ’ਤੇ ਵੋਟਾਂ ਮੰਗਦੇ ਹਨ ਅਤੇ ਵੋਟਰਾਂ ਦੀ ਪਰਵਾਹ ਕੀਤੇ ਬਿਨਾਂ ਸੱਤਾ ਵਿੱਚ ਰਹਿੰਦੇ ਹਨ। -ਪੀਟੀਆਈ