ਪੰਜਾਬ ਨੂੰ ਉਸਾਰੂ ਲੀਹ ’ਤੇ ਲਿਜਾਣ ਲਈ ਭਾਜਪਾ ਵਚਨਬੱਧ: ਬਿੱਟੂ
ਗੁਰਿੰਦਰ ਸਿੰਘ
ਲੁਧਿਆਣਾ, 29 ਮਈ
ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਹਲਕਾ ਦੱਖਣੀ ਦੇ ਵੱਖ-ਵੱਖ ਇਲਾਕਿਆਂ ਵਿੱਚ ਰੋਡ ਸ਼ੋਅ ਕੀਤਾ ਗਿਆ, ਜਿੱਥੇ ਲੋਕਾਂ ਨੇ ਬਿੱਟੂ ਦਾ ਜ਼ੋਰਦਾਰ ਸਵਾਗਤ ਕਰਦਿਆਂ ਉਸ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਦਾ ਭਰੋਸਾ ਦਿੱਤਾ। ਰੋਡ ਸ਼ੋਅ ਗਿਆਸਪੁਰਾ ਪਾਰਕ ਤੋਂ ਸ਼ੁਰੂ ਹੋ ਕੇ ਪਿੱਪਲ ਚੌਕ, ਬਾਪੂ ਮਾਰਕੀਟ, ਸਟਾਰ ਰੋਡ, ਲੁਹਾਰਾ ਰੋਡ, ਡਾਬਾ ਰੋਡ, ਜੈਨ ਦਾ ਠੇਕਾ, ਨਿਰਮਲ ਪੈਲੇਸ ਤੋਂ ਹੁੰਦਾ ਹੋਇਆ ਜੀਟੀ ਰੋਡ ’ਤੇ ਸਮਾਪਤ ਹੋਇਆ। ਇਸ ਮੌਕੇ ਹਲਕਾ ਦੱਖਣੀ ਤੋਂ ਇਲਾਵਾ ਸ਼ਹਿਰ ਦੇ ਕਈ ਸੀਨੀਅਰ ਆਗੂ ਵੀ ਹਾਜ਼ਰ ਸਨ। ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਪੰਜਾਬ ’ਚ ਭਾਜਪਾ ਇਕੱਲੇ ਚੋਣ ਲੜ ਰਹੀ ਹੈ, ਜਿਸ ਦਾ ਸਿੱਧਾ ਮਕਸਦ ਭਾਜਪਾ ਦੀ ਅਗਵਾਈ ਵਿੱਚ ਪੰਜਾਬ ਨੂੰ ਉਸਾਰੂ ਲੀਹ ’ਤੇ ਲਿਜਾਉਣਾ ਹੈ। ਉਨ੍ਹਾਂ ਨੇ ਲੋਕਾਂ ਨੂੰ ਭਾਜਪਾ ਦੇ ਵਿਕਾਸ ਤੇ ਉਨਤੀ ਦੇ ਮਾਡਲ ਨੂੰ ਵੇਖਦਿਆਂ ਕਮਲ ਦੇ ਫੁੱਲ ਨੂੰ ਕਾਮਯਾਬ ਕਰ ਕੇ ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਲਈ ਜੋ ਕਰਕੇ ਦਿਖਾਇਆ ਹੈ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸ੍ਰੀ ਰਾਮ ਜੀ ਦਾ ਮੰਦਿਰ ਬਹੁਤ ਪਹਿਲਾਂ ਬਣ ਜਾਣਾ ਚਾਹੀਦਾ ਸੀ ਪਰ ਪਹਿਲਾਂ ਕਿਸੇ ਨੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਅਤੇ ਇਹ ਸੇਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਿੱਸੇ ਆਈ। ਇਸ ਮੌਕੇ ਸੁਰਿੰਦਰ ਕੌਸ਼ਲ, ਕੇਵਲ ਗਰਗ, ਸੰਜੈ ਮਿੱਤਲ, ਵਿਵੇਕ ਯਾਦਵ, ਸੁਨੀਲ ਸ਼ੁਕਲਾ, ਅਮਨ ਸੈਣੀ, ਗੁਰਦੀਪ ਸਿੰਘ ਗੋਸ਼ਾ, ਨਿਰਮਲ ਸਿੰਘ ਐੱਸਐੱਸ, ਗੋਇਲ, ਰਾਜੇਸ਼ ਮਿਸ਼ਰਾ, ਹਰਜਿੰਦਰ ਸਿੰਘ, ਅਰੁਣ ਅਗਰਵਾਲ ਆਦਿ ਵੀ ਹਾਜ਼ਰ ਸਨ।
ਅਨੁਪਮਾ ਬਿੱਟੂ ਵੱਲੋਂ ਘਰ-ਘਰ ਚੋਣ ਪ੍ਰਚਾਰ
ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਪਤਨੀ ਅਨੁਪਮਾ ਬਿੱਟੂ ਵੱਲੋਂ ਅੱਜ ਨੂਰਵਾਲਾ ਰੋਡ ਆਜ਼ਾਦ ਨਗਰ, ਬਸੰਤ ਵੈਲੀ, ਰੜੀ ਮੁਹੱਲਾ ਨੇੜੇ ਸੁਭਾਨੀ ਬਿਲਡਿੰਗ, ਲਾਜਪਤ ਨਗਰ ਅਤੇ ਹਰਚਰਨ ਨਗਰ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਦਿਆਂ ਰਵਨੀਤ ਬਿੱਟੂ ਲਈ ਵੋਟਾਂ ਮੰਗੀਆਂ ਹਨ। ਇਸ ਮੌਕੇ ਅਨੁਪਮਾ ਨੇ ਕਿਹਾ ਕਿ ਸ਼ਹਿਰ ਵਿੱਚ ਅਕਾਲੀ ਦਲ, ‘ਆਪ’ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਲੋਕਾਂ ਦੀ ਭਲਾਈ ਲਈ ਕੋਈ ਕਾਰਜ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਉਕਤ ਰਵਾਇਤੀ ਪਾਰਟੀਆਂ ਦੀ ਬਦੌਲਤ ਪੰਜਾਬ ’ਤੇ ਕਰੀਬ 3 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਗਿਆ ਹੈ ਪਰ ਪੰਜਾਬ ਦੇ ਹਾਲਾਤ ਜਿਉਂ ਦੇ ਤਿਉਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿੱਚ ਹੀ ਪੰਜਾਬ ਆਪਣੇ ਪੈਰਾਂ ’ਤੇ ਖੜ੍ਹਾ ਹੋਵੇਗਾ ਅਤੇ ਪੰਜਾਬ ਨੂੰ ਕਰਜ਼ਾ ਤੇ ਨਸ਼ਾਮੁਕਤ ਕਰਨਾ ਭਾਜਪਾ ਦੀ ਪਹਿਲਕਦਮੀ ਹੋਵੇਗੀ। ਉਨ੍ਹਾਂ ਕਿਹਾ ਕਿ ਇੱਕ ਜੂਨ ਨੂੰ ਲੋਕ ਭਾਜਪਾ ਦੇ ਹੱਕ ਵਿੱਚ ਆਪਣਾ ਯੋਗਦਾਨ ਪਾਉਣਗੇ।