ਭਾਜਪਾ ਨੇ ਅਧੂਰੇ ਰਾਮ ਮੰਦਰ ਦਾ ਉਦਘਾਟਨ ਕੀਤਾ: ਰਾਜੀਵ ਸ਼ੁਕਲਾ
ਆਤਿਸ਼ ਗੁਪਤਾ
ਚੰਡੀਗੜ੍ਹ, 22 ਮਈ
ਚੰਡੀਗੜ੍ਹ ਕਾਂਗਰਸ ਦੇ ਇੰਚਾਰਜ ਰਾਜੀਵ ਸ਼ੁਕਲਾ ਨੇ ਅੱਜ ਚੰਡੀਗੜ੍ਹ ਦੇ ਸੈਕਟਰ-35 ਵਿੱਚ ਸਥਿਤ ਕਾਂਗਰਸ ਭਵਨ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਜਪਾ ’ਤੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਵਿੱਚ ਰਾਮ ਮੰਦਰ ਦੇ ਨਾਂ ’ਤੇ ਸਿਆਸਤ ਕਰਨ ਲੱਗੀ ਹੋਈ ਹੈ ਜਦੋਂਕਿ ਭਾਜਪਾ ਨੇ ਰਾਮ ਮੰਦਰ ਦਾ ਸਿਆਸੀ ਲਾਹਾ ਲੈਣ ਵਾਸਤੇ ਅਧੂਰੇ ਮੰਦਰ ਦਾ ਹੀ ਉਦਘਾਟਨ ਕਰ ਦਿੱਤਾ ਹੈ। ਸ੍ਰੀ ਸ਼ੁਕਲਾ ਨੇ ਐਲਾਨ ਕੀਤਾ ਕਿ ਜੇ ਦੇਸ਼ ਵਿੱਚ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਦੀ ਹੈ ਤਾਂ ਰਾਮ ਮੰਦਰ ਪੂਰਾ ਕੀਤਾ ਜਾਵੇਗਾ ਅਤੇ ਸ਼ਾਸਤਰਾਂ ਅਨੁਸਾਰ ਪੂਜਾ ਪਾਠ ਕਰਵਾਇਆ ਜਾਵੇਗਾ। ਉਨ੍ਹਾਂ ਨੇ ਭਾਜਪਾ ਨੂੰ ਘੇਰਦਿਆਂ ਕਿਹਾ ਕਿ ਭਾਜਪਾਈ ਮੰਦਰ ਜਾਣ ਲੱਗੇ ਵੀ ਕੈਮਰਾਮੈਨ ਨਾਲ ਲਿਜਾਂਦੇ ਹਨ ਤਾਂ ਜੋ ਦਿਖਾਵਾ ਕੀਤਾ ਜਾ ਸਕੇ। ਸ੍ਰੀ ਸ਼ੁਕਲਾ ਨੇ ਕਿਹਾ ਕਿ ਚੰਡੀਗੜ੍ਹ ਤੋਂ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਲੋਕ ਹਿੱਤ ਵਿੱਚ ਕੰਮ ਕੀਤੇ ਜਾ ਰਹੇ ਹਨ।
ਸ੍ਰੀ ਸ਼ੁਕਲਾ ਨੇ ਕਿਹਾ ਕਿ ਭਾਜਪਾ ਪਿਛਲੇ 10 ਸਾਲਾਂ ਤੋਂ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕਰਨ ਲੱਗੀ ਹੋਈ ਹੈ। ਭਾਜਪਾ ਨੇ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਸਣੇ ਕਈ ਵਾਅਦੇ ਕੀਤੇ ਸਨ, ਜੋ ਕਿ ਪੂਰੇ ਨਹੀਂ ਹੋ ਸਕੇ। ਇਸ ਤੋਂ ਇਲਾਵਾ ਦੇਸ਼ ਵਿੱਚ ਮਹਿੰਗਾਈ ਤੇ ਬੇਰੁਜ਼ਗਾਰੀ ਲਗਾਤਾਰ ਵਧਦੀ ਜਾ ਰਹੀ ਹੈ, ਉਸ ਬਾਰੇ ਵੀ ਕੋਈ ਨਹੀਂ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਭਾਜਪਾ ਲੋਕਾਂ ਨੂੰ ਪੀਓਕੇ ’ਤੇ ਕਬਜ਼ਾ ਕਰਨ ਦੇ ਨਾਮ ’ਤੇ ਗੁਮਰਾਹ ਕਰ ਰਹੀ ਹੈ। ਦੇਸ਼ ਵਿੱਚ ਭਾਜਪਾ ਪਿਛਲੇ 10 ਸਾਲਾਂ ਤੋਂ ਸਪਸ਼ਟ ਬਹੁਮਤ ਨਾਲ ਕਾਬਜ਼ ਸੀ, ਪਰ ਉਹ ਕੁਝ ਨਾ ਕਰ ਸਕੀ।
ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਤੇ ਬੁਲਾਰੇ ਐਡਵੋਕੇਟ ਰਾਜੀਵ ਸ਼ਰਮਾ ਸਣੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਰਹੇ।
‘ਪਵਨ ਬਾਂਸਲ ਕਾਂਗਰਸ ਪਾਰਟੀ ਤੋਂ ਬਾਹਰ ਨਹੀਂ ਜਾ ਸਕਦੇ’
ਚੰਡੀਗੜ੍ਹ ਕਾਂਗਰਸ ਦੇ ਇੰਚਾਰਜ ਰਾਜੀਵ ਸ਼ੁਕਲਾ ਨੇ ਕਿਹਾ ਕਿ ਉਹ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨਾਲ ਮੁਲਾਕਾਤ ਕਰ ਕੇ ਆਏ ਸਨ। ਸ੍ਰੀ ਬਾਂਸਲ ਕਾਂਗਰਸ ਪਾਰਟੀ ਲਈ ਹੀ ਕੰਮ ਕਰ ਰਹੇ ਹਨ। ਉਹ ਕਾਂਗਰਸ ਤੋਂ ਬਾਹਰ ਨਹੀਂ ਜਾ ਸਕਦੇ ਹਨ।