ਭਾਜਪਾ ਦਾ ਪੰਜਾਬ ’ਚ ਕੋਈ ਆਧਾਰ ਨਹੀਂ: ਸਿੰਗਲਾ
ਖੇਤਰੀ ਪ੍ਰਤੀਨਿਧ
ਬਰਨਾਲਾ, 6 ਨਵੰਬਰ
ਬਰਨਾਲਾ ਜ਼ਿਮਨੀ ਚੋਣ ਵਿੱਚ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਢਿੱਲੋਂ ਦੇ ਹੱਕ ’ਚ ਪ੍ਰਚਾਰ ਕਰਨ ਲਈ ਪੁੱਜੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਨੇ ਸਥਾਨਕ ਪੱਤੀ ਰੋਡ, ਪਿਆਰਾ ਕਲੋਨੀ ਵਿੱਚ ਇਕੱਠ ਮੌਕੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦਾ ਪੰਜਾਬ ’ਚ ਕੋਈ ਆਧਾਰ ਨਹੀਂ ਹੈ ਅਤੇ ਪੰਜਾਬ ਨਾਲ ਕੀਤੇ ਧੋਖੇ ਤੋਂ ਬਾਅਦ ਤੀਜਾ ਬਦਲ ਵੀ ਪੰਜਾਬੀਆਂ ਦਾ ਵਿਸ਼ਵਾਸ ਗੁਆ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਤੋਂ ਕਾਂਗਰਸ ਮੁਕਤ ਦਾ ਨਾਅਰਾ ਦੇ ਰਹੀ ਹੈ, ਪਰ ਚੰਗਾ ਹੁੰਦਾ ਕਿ ਭਾਜਪਾ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ, ਬੇਰੁਜ਼ਗਾਰੀ ਤੇ ਮਹਿੰਗਾਈ ਤੋਂ ਮੁਕਤ ਕਰਨ ਦੀ ਗੱਲ ਕਰਦੀ। ਉਨ੍ਹਾਂ ਕਿਹਾ ਕਿ ਅਸਲ ’ਚ ਭਾਜਪਾ ਚਾਹੁੰਦੀ ਹੈ ਕਿ ਉਹ ਇਕੱਲੀ ਹੀ ਪੂਰੇ ਦੇਸ਼ ’ਚ ਰਹੇ, ਪਰ ਦੇਸ਼ ਵਾਸੀ ਹੁਣ ਇਸਨੂੰ ਬਾਹਰ ਦਾ ਰਸਤਾ ਦਿਖਾਉਣ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕਿਸਾਨੀ ਸੰਘਰਸ਼ ਸਮੇਂ ਅੰਨਦਾਤਾ ਕਿਸਾਨਾਂ ਨੂੰ ਜਾਣਬੁੱਝ ਕੇ ਹੱਦੋਂ ਵੱਧ ਪ੍ਰੇਸ਼ਾਨ ਕੀਤਾ, ਜਿਸ ਕਰਕੇ ਹੁਣ ਪਿੰਡਾਂ ਦੇ ਲੋਕ ਭਾਜਪਾ ਆਗੂਆਂ ਦਾ ਮੂੰਹ ਵੇਖਣਾ ਵੀ ਪਸੰਦ ਨਹੀਂ ਕਰ ਰਹੇ। ਉਨ੍ਹਾਂ ਕਾਲਾ ਢਿੱਲੋਂ ਲਈ ਵੋਟਾਂ ਦੀ ਮੰਗ ਵੀ ਕੀਤੀ। ਇਸ ਦੌਰਾਨ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਲੋਕਾਂ ਦੀ ਬਾਂਹ ਫੜੀ ਹੈ। ਕਾਂਗਰਸ ਸਰਕਾਰ ਸਮੇਂ ਹੋਏ ਵਿਕਾਸ ਕਾਰਜਾਂ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਉਨ੍ਹਾਂ ਨੂੰ ਜਿਤਾ ਕੇ ਵਿਧਾਨ ਸਭਾ ’ਚ ਭੇਜਦੇ ਹਨ ਤਾਂ ਉਹ ਹਲਕੇ ਦੇ ਲੋਕਾਂ ਦੇ ਹੱਕਾਂ ਦੀ ਪੁਰਜ਼ੋਰ ਆਵਾਜ਼ ਬੁਲੰਦ ਕਰਨਗੇ।
ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਬਲਾਕ ਸ਼ਹਿਰੀ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਸੀਨੀਅਰ ਕਾਂਗਰਸੀ ਆਗੂ ਨਰਿੰਦਰ ਸ਼ਰਮਾ, ਕਿਸਾਨ ਸੈੱਲ ਪੰਜਾਬ ਦੇ ਮੀਤ ਪ੍ਰਧਾਨ ਧੰਨਾ ਸਿੰਘ ਗਰੇਵਾਲ, ਜਸਮੇਲ ਡੇਅਰੀਵਾਲਾ, ਰੋਬਿਨ ਖੀਪਲ ਤੇ ਰਾਕੇਸ਼ ਕੇਸ਼ੀ ਆਗੂ ਹਾਜ਼ਰ ਸਨ।