ਭਾਜਪਾ ਨੇ ਪੰਜਾਬੀ ਅਕੈਡਮੀ ਦਾ ਨੁਕਸਾਨ ਕੀਤਾ: ਵਿਜੈ ਪ੍ਰਤਾਪ
ਕੁਲਵਿੰਦਰ ਕੌਰ
ਫਰੀਦਾਬਾਦ, 30 ਸਤੰਬਰ
ਬੜਖਲ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਿਜੈ ਪ੍ਰਤਾਪ ਸਿੰਘ ਨੇ ਚੋਣ ਪ੍ਰਚਾਰ ਦੌਰਾਨ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ ਹਰਿਆਣਾ ਦੀ ਪੰਜਾਬੀ ਅਕੈਡਮੀ ਦਾ ਬਹੁਤ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਅਕੈਡਮੀ ਕਾਂਗਰਸ ਦੀਆਂ ਸਰਕਾਰਾਂ ਵੇਲੇ ਬਹੁਤ ਸਰਗਰਮ ਸੀ ਤੇ ਅਕੈਡਮੀ ਦੇ ਡਾਇਰੈਕਟਰ ਵੱਜੋਂ ਬੁੱਧੀਜੀਵੀਆਂ ਤੇ ਪੰਜਾਬੀ ਲੇਖਕਾਂ ਨੂੰ ਤਾਇਨਾਤ ਕਰਕੇ ਅਮੀਰ ਪ੍ਰੰਪਰਾ ਕਾਇਮ ਕੀਤੀ ਸੀ ਪਰ ਭਾਜਪਾ ਦੀ ਖੱਟਰ ਅਤੇ ਸੈਣੀ ਸਰਕਾਰ ਨੇ ਇਸ ਅਕੈਡਮੀ ਦੀਆਂ ਸਰਗਰਮੀਆਂ ਸੀਮਤ ਕਰ ਦਿੱਤੀਆਂ। ਇਸ ਦੇ ਮੈਗਜ਼ੀਨ ‘ਸ਼ਬਦ ਬੂੰਦ’ ਦੇ ਮਿਆਰ ਵਿੱਚ ਵੀ ਗਿਰਾਵਟ ਆਈ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਵੱਡੀ ਗਿਣਤੀ ’ਚ ਪੰਜਾਬੀ ਭਾਈਚਾਰਾ ਹੋਣ ਦੇ ਬਾਵਜੂਦ ਪੰਜਾਬੀ ਅਕੈਡਮੀ ਨੂੰ ਅਣਗੌਲਿਆਂ ਕੀਤਾ ਜਾਣਾ ਪੰਜਾਬੀਆਂ ਦਾ ਨਿਰਾਦਰ ਹੈ। ਉਨ੍ਹਾਂ ਵਾਅਦਾ ਕੀਤਾ ਕਿ ਹਰਿਆਣਾ ਦੀ ਪੰਜਾਬੀ ਅਕੈਡਮੀ ਦੀਆਂ ਸਰਗਰਮੀਆਂ ਤੇਜ਼ ਕੀਤੀਆਂ ਜਾਣਗੀਆਂ। ਇਸ ਦੌਰਾਨ ਵਿਜੈ ਪ੍ਰਤਾਪ ਸਿੰਘ ਦੀ ਪਤਨੀ ਵੇਨੂਕਾ ਪ੍ਰਤਾਪ ਖੁੱਲਰ ਵੱਲੋਂ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਗੱਲ ਉਪਰ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਹਰਿਆਣਾ ਨੂੰ ਵਿਕਾਸ ਵੱਲ ਤੇਜ਼ੀ ਨਾਲ ਤੋਰਨ ਲਈ ਸੂਬੇ ਵਿੱਚ ਜੋ ਤਬਦੀਲੀ ਦੀ ਸੁਰ ਤਿੱਖੀ ਤੇ ਤੇਜ਼ ਹੋਈ ਹੈ, ਉਸ ਨੂੰ ਪੰਜਾਬੀ ਭਾਈਚਾਰਾ ਹੋਰ ਰਫ਼ਤਾਰ ਦੇਵੇ। ਉਨ੍ਹਾਂ ਦਾ ਸਿੰਘ ਸਭਾ ਗਾਂਧੀ ਕਲੋਨੀ ਦੇ ਪ੍ਰਬੰਧਕਾਂ ਵੱਲੋਂ ਸਨਮਾਨ ਵੀ ਕੀਤਾ ਗਿਆ।