For the best experience, open
https://m.punjabitribuneonline.com
on your mobile browser.
Advertisement

ਭਾਜਪਾ ਸਰਕਾਰ ਕਦੇ ਵੀ ਨਹੀਂ ਬਦਲੇਗੀ ਸੰਵਿਧਾਨ: ਰਾਜਨਾਥ

07:58 AM May 06, 2024 IST
ਭਾਜਪਾ ਸਰਕਾਰ ਕਦੇ ਵੀ ਨਹੀਂ ਬਦਲੇਗੀ ਸੰਵਿਧਾਨ  ਰਾਜਨਾਥ
Advertisement

ਨਵੀਂ ਦਿੱਲੀ, 5 ਮਈ
ਰੱਖਿਆ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਜਪਾ ਸਰਕਾਰ ਕਦੇ ਵੀ ਸੰਵਿਧਾਨ ਨਹੀਂ ਬਦਲੇਗੀ ਅਤੇ ਨਾ ਹੀ ਰਾਖਵਾਂਕਰਨ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਕਾਂਗਰਸ ’ਤੇ ਵੋਟ ਬੈਂਕ ਦੀ ਸਿਆਸਤ ਲਈ ਕੂੜ ਪ੍ਰਚਾਰ ਫੈਲਾਉਣ ਅਤੇ ਲੋਕਾਂ ’ਚ ਡਰ ਪੈਦਾ ਕਰਨ ਦੇ ਦੋਸ਼ ਲਾਏ। ਐੱਨਡੀਏ ਦੇ ਚੋਣਾਂ ’ਚ 400 ਤੋਂ ਵਧ ਸੀਟਾਂ ਜਿੱਤਣ ਦਾ ਦਾਅਵਾ ਕਰਦਿਆਂ ਰਾਜਨਾਥ ਨੇ ਕਿਹਾ ਕਿ ਰਾਹੁਲ ਗਾਂਧੀ ’ਚ ਕੋਈ ‘ਜੋਸ਼ ਨਹੀਂ ਹੈ ਪਰ ਕਾਂਗਰਸ ਚੁਣਾਵੀ ਲਾਹੇ ਲਈ ਹਿੰਦੂ-ਮੁਸਲਮਾਨਾਂ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕਰਕੇ ਅੱਗ ਨਾਲ ਖੇਡ ਰਹੀ ਹੈ।’ ਉਨ੍ਹਾਂ ਸੰਕੇਤ ਦਿੱਤੇ ਕਿ ਜੇਕਰ ਪਾਰਟੀ ਲਗਾਤਾਰ ਤੀਜੀ ਵਾਰ ਸੱਤਾ ’ਚ ਆਈ ਤਾਂ ਭਾਜਪਾ ਸਾਂਝਾ ਸਿਵਲ ਕੋਡ ਅਤੇ ਇਕ ਰਾਸ਼ਟਰ, ਇਕ ਚੋਣ ਜਿਹੀਆਂ ਯੋਜਨਾਵਾਂ ਲਾਗੂ ਕਰੇਗੀ। ਖ਼ਬਰ ਏਜੰਸੀ ਨੂੰ ਦਿੱਤੇ ਇੰਟਰਵਿਊ ’ਚ ਰਾਜਨਾਥ ਸਿੰਘ ਨੇ ਕਾਂਗਰਸ ਦੇ ਸੰਵਿਧਾਨ ਬਦਲਣ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਸੰਵਿਧਾਨ ਦੀ ਪ੍ਰਸਤਾਵਨਾ ਬਦਲਣ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ ਹੈ। ਕਾਂਗਰਸ ਸਮੇਤ ਹੋਰ ਵਿਰੋਧੀ ਧਿਰਾਂ ਦੋਸ਼ ਲਾਉਂਦੀਆਂ ਆ ਰਹੀਆਂ ਹਨ ਕਿ ਜੇਕਰ ਮੁੜ ਤੋਂ ਭਾਜਪਾ ਸਰਕਾਰ ਬਣੀ ਤਾਂ ਉਹ ਸੰਵਿਧਾਨ ਦੀ ਪ੍ਰਸਤਾਵਨਾ ’ਚੋਂ ‘ਧਰਮਨਿਰਪੱਖ’ ਸ਼ਬਦ ਨੂੰ ਹਟਾ ਸਕਦੀ ਹੈ। ਭਾਜਪਾ ਆਗੂ ਨੇ ਕਿਹਾ,‘‘ਕਾਂਗਰਸ ਨੇ 80 ਵਾਰ ਸੰਵਿਧਾਨਕ ਸੋਧਾਂ ਲਿਆਂਦੀਆਂ। ਉਨ੍ਹਾਂ ਐਮਰਜੈਂਸੀ ਦੌਰਾਨ ਪ੍ਰਸਤਾਵਨਾ ਬਦਲ ਦਿੱਤੀ ਸੀ। ਭਾਜਪਾ ਕਦੇ ਵੀ ਸੰਵਿਧਾਨ ਨਹੀਂ ਬਦਲੇਗੀ। ਸੰਵਿਧਾਨ ਨਿਰਮਾਤਾਵਾਂ ਨੇ ਕਦੇ ਵੀ ਨਹੀਂ ਸੋਚਿਆ ਸੀ ਕਿ ਪ੍ਰਸਤਾਵਨਾ ’ਚ ਬਦਲਾਅ ਹੋਣਗੇ ਪਰ ਕਾਂਗਰਸ ਨੇ ਸੰਵਿਧਾਨ ਦੇ ਮੂਲ ਵਿਚਾਰ ਨੂੰ ਠੇਸ ਪਹੁੰਚਾਉਣ ਲਈ ਕੰਮ ਕੀਤਾ ਅਤੇ ਹੁਣ ਉਹ ਭਾਜਪਾ ’ਤੇ ਆਧਾਰਹੀਣ ਦੋਸ਼ ਲਗਾ ਰਹੇ ਹਨ।’’ ਉਨ੍ਹਾਂ ਕਿਹਾ ਕਿ ਡਰ ਫੈਲਾ ਕੇ ਨਹੀਂ ਸਗੋਂ ਭਰੋਸਾ ਪੈਦਾ ਕਰਕੇ ਲੋਕਾਂ ਦੀ ਹਮਾਇਤ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਤੱਥਾਂ ’ਤੇ ਆਧਾਰਿਤ ਹੋਣਾ ਚਾਹੀਦਾ ਹੈ। ਰਾਖਵੇਂਕਰਨ ਦੇ ਮੁੱਦੇ ’ਤੇ ਵੀ ਉਨ੍ਹਾਂ ਕਾਂਗਰਸ ’ਤੇ ਦੋਸ਼ ਲਾਇਆ ਕਿ ਉਹ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈ। ‘ਕਾਂਗਰਸ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਰਾਖਵਾਂਕਰਨ ਖ਼ਤਮ ਨਹੀਂ ਹੋਵੇਗਾ। ਉਹ ਸਾਡੇ ’ਤੇ ਝੂਠੇ ਦੋਸ਼ ਲਗਾ ਰਹੇ ਹਨ।’ ਜਾਤ, ਪਾਤ ਅਤੇ ਧਰਮ ਦੇ ਆਧਾਰ ’ਤੇ ਸਿਆਸਤ ਨਾ ਕਰਨ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਨੇ ਸਿਰਫ਼ ਦੇਸ਼ ਨੂੰ ਮਜ਼ਬੂਤ ਬਣਾਉਣ ’ਤੇ ਧਿਆਨ ਕੇਂਦਰਤ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਮਾਜ ’ਚ ਸਦਭਾਵਨਾ ਨੂੰ ਹੱਲਾਸ਼ੇਰੀ ਨਹੀਂ ਦਿੰਦੀ ਹੈ ਕਿਉਂਕਿ ਉਸ ਦੀ ਪਹੁੰਚ ਵੋਟ ਬੈਂਕ ਸਿਆਸਤ ’ਤੇ ਕੇਂਦਰਤ ਹੈ। ਰਾਜਨਾਥ ਨੇ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਹੋਰ ਅਗਾਂਹ ਲਿਜਾਣ ਕਿਉਂਕਿ ਉਨ੍ਹਾਂ ਦੇਸ਼ ਦਾ ਚੌਤਰਫ਼ਾ ਵਿਕਾਸ ਯਕੀਨੀ ਬਣਾਉਣ ਦੇ ਨਾਲ ਨਾਲ ਆਲਮੀ ਪੱਧਰ ’ਤੇ ਵੀ ਉਸ ਦੀ ਦਿਖ ਉਭਾਰੀ ਹੈ। -ਪੀਟੀਆਈ

Advertisement

‘ਚੀਨ ਨਾਲ ਵਧੀਆ ਹੋ ਰਹੀ ਹੈ ਵਾਰਤਾ’

ਨਵੀਂ ਦਿੱਲੀ: ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਭਾਰਤ ਅਤੇ ਚੀਨ ਵਿਚਕਾਰ ਚੱਲ ਰਹੇ ਤਣਾਅ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਦੋਵੇਂ ਮੁਲਕਾਂ ਵਿਚਕਾਰ ਵਾਰਤਾ ਵਧੀਆ ਢੰਗ ਨਾਲ ਹੋ ਰਹੀ ਹੈ। ਉਨ੍ਹਾਂ ਵਿਵਾਦ ਦੇ ਨਿਬੇੜੇ ਦੀ ਆਸ ਜਤਾਈ। ਵਾਰਤਾ ਪ੍ਰਕਿਰਿਆ ਦੀ ਹੋਰ ਜਾਣਕਾਰੀ ਦੇਣ ਤੋਂ ਨਾਂਹ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ, ਚੀਨ ਨਾਲ ਲਗਦੀ ਸਰਹੱਦ ’ਤੇ ਤੇਜ਼ੀ ਨਾਲ ਬੁਨਿਆਦੀ ਢਾਂਚਾ ਵਿਕਸਤ ਕਰ ਰਿਹਾ ਹੈ ਤਾਂ ਜੋ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਰਹਿਣ। ਪਿਛਲੇ ਕਰੀਬ ਚਾਰ ਸਾਲਾਂ ਤੋਂ ਦੋਵੇਂ ਮੁਲਕਾਂ ਦੀਆਂ ਫ਼ੌਜ ਵਿਚਾਲੇ ਚੱਲ ਰਹੇ ਟਕਰਾਅ ਦੇ ਖ਼ਾਤਮੇ ਬਾਰੇ ਆਸਵੰਦ ਹੋਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ,‘‘ਜੇਕਰ ਕੋਈ ਆਸ ਨਾ ਹੁੰਦੀ ਤਾਂ ਫਿਰ ਵਾਰਤਾ ਕਿਉਂ ਹੁੰਦੀ। ਚੀਨ ਨੂੰ ਵੀ ਆਸ ਹੈ ਅਤੇ ਇਸੇ ਕਾਰਨ ਉਹ ਵਾਰਤਾ ਕਰ ਰਿਹਾ ਹੈ।’’ ਪੂਰਬੀ ਲੱਦਾਖ ’ਚ ਤਣਾਅ ਲਈ ਸਰਕਾਰ ਨੂੰ ਲਗਾਤਾਰ ਘੇਰਨ ’ਤੇ ਕਾਂਗਰਸ ਉਪਰ ਸ਼ਬਦੀ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਭਾਰਤੀ ਫ਼ੌਜੀਆਂ ਦੀ ਬਹਾਦਰੀ ’ਤੇ ਸਵਾਲ ਚੁੱਕ ਰਹੇ ਹਨ। ਉਨ੍ਹਾਂ ਕਾਂਗਰਸ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ ਕਿਸ ਦਾ ਮਨੋਬਲ ਡੇਗ ਰਹੇ ਹਨ ਅਤੇ ਉਹ ਵੀ 1962 ਦੀ ਗੱਲ ਕਰ ਸਕਦੇ ਹਨ। -ਪੀਟੀਆਈ

‘ਪੀਓਕੇ ’ਤੇ ਜਬਰੀ ਕਬਜ਼ੇ ਦੀ ਲੋੜ ਨਹੀਂ, ਲੋਕ ਖੁਦ ਭਾਰਤ ’ਚ ਸ਼ਾਮਲ ਹੋਣਗੇ’

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਮਕਬੂਜ਼ਾ ਕਸ਼ਮੀਰ (ਪੀਓਕੇ) ’ਤੇ ਆਪਣੇ ਦਾਅਵੇ ਨੂੰ ਕਦੇ ਵੀ ਨਹੀਂ ਛੱਡੇਗਾ ਪਰ ਉਸ ’ਤੇ ਜਬਰੀ ਕਬਜ਼ੇ ਦੀ ਲੋੜ ਨਹੀਂ ਹੈ ਕਿਉਂਕਿ ਉਥੋਂ ਦੇ ਲੋਕ ਕਸ਼ਮੀਰ ਦੇ ਵਿਕਾਸ ਨੂੰ ਦੇਖ ਕੇ ਖੁਦ ਹੀ ਭਾਰਤ ’ਚ ਸ਼ਾਮਲ ਹੋ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਜੰਮੂ ਕਸ਼ਮੀਰ ਦੇ ਹਾਲਾਤ ’ਚ ਬਹੁਤ ਜ਼ਿਆਦਾ ਸੁਧਾਰ ਆਇਆ ਹੈ ਅਤੇ ਛੇਤੀ ਹੀ ਸਮਾਂ ਆਵੇਗਾ ਜਦੋਂ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਅਫ਼ਸਪਾ ਲਾਉਣ ਦੀ ਲੋੜ ਨਹੀਂ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੰਮੂ ਕਸ਼ਮੀਰ ’ਚ ਚੋਣਾਂ ਜ਼ਰੂਰ ਹੋਣਗੀਆਂ ਪਰ ਇਸ ਦੇ ਸਮੇਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਰੱਖਿਆ ਮੰਤਰੀ ਨੇ ਕਿਹਾ,‘‘ਪੀਓਕੇ ਸਾਡਾ ਸੀ, ਸਾਡਾ ਹੈ ਅਤੇ ਹਮੇਸ਼ਾ ਸਾਡਾ ਰਹੇਗਾ। ਜੰਮੂ ਕਸ਼ਮੀਰ ’ਚ ਆਰਥਿਕ ਤਰੱਕੀ ਅਤੇ ਸ਼ਾਂਤੀ ਪਰਤਣ ਕਰਕੇ ਪੀਓਕੇ ਦੇ ਲੋਕ ਖੁਦ ਹੀ ਮੰਗ ਕਰਨਗੇ ਕਿ ਉਹ ਭਾਰਤ ’ਚ ਸ਼ਾਮਲ ਹੋਣਾ ਚਾਹੁੰਦੇ ਹਨ।’’ ਜੰਮੂ ਕਸ਼ਮੀਰ ’ਚ ਪਾਕਿਸਤਾਨ ਵੱਲੋਂ ਛੇੜੀ ਗਈ ਅਸਿੱਧੀ ਜੰਗ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸਲਾਮਾਬਾਦ ਨੂੰ ਸਰਹੱਦ ਪਾਰੋਂ ਅਤਿਵਾਦ ਰੋਕਣਾ ਚਾਹੀਦਾ ਹੈ। ਉਹ ਭਾਰਤ ਨੂੰ ਅਸਥਿਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਅਸੀਂ ਇਹ ਨਹੀਂ ਹੋਣ ਦੇਵਾਂਗੇ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×