ਹਰਿਆਣਾ ਵਿੱਚ ਤੀਜੀ ਵਾਰ ਬਣੇਗੀ ਭਾਜਪਾ ਦੀ ਸਰਕਾਰ: ਬੜੋਲੀ
ਮਹਾਂਵੀਰ ਮਿੱਤਲ
ਜੀਂਦ, 1 ਸਤੰਬਰ
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਦਰਮਿਆਨ ਅੱਜ ਭਾਜਪਾ ਨੇ ਇੱਥੇ ਏਕਲਵਯ ਸਟੇਡੀਅਮ ਵਿੱਚ ਹੋਈ ਜਨ ਆਸ਼ੀਰਵਾਦ ਰੈਲੀ ਵਿੱਚ ਪਾਰਟੀ ਦੀਆਂ ਨੀਤੀਆਂ ਬਾਰੇ ਜਾਣਕਾਰੀ ਦਿੱਤੀ । ਇਸ ਦੌਰਾਨ ਭਾਜਪਾ ਆਗੂਆਂ ਨੇ ਜਿੱਥੇ ਆਪਣੀ ਪਾਰਟੀ ਦੇ ਸੋਅਲੇ ਗਾਏ ਉਥੇ ਕਾਂਗਰਸ ਦੀ ਵੀ ਆਲੋਚਨਾ ਕੀਤੀ। ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦੇ ਸੂਬਾਈ ਪ੍ਰਧਾਨ ਮੋਹਨ ਲਾਲ ਬੜੋਲੀ ਨੇ ਕਿਹਾ ਕਿ ਅੱਜ ਦੀ ਰੈਲੀ ਵਿੱਚ ਅਮਿਤ ਸ਼ਾਹ ਨੂੰ ਲੈ ਕੇ ਕਈ ਲੋਕਾਂ ਨੇ ਅਫ਼ਵਾਹ ਫੈਲਾਈ ਸੀ ਪਰ ਪਾਰਟੀ ਨੇ ਕਦੀ ਨਹੀਂ ਕਿਹਾ ਕਿ ਅਮਿਤ ਸ਼ਾਹ ਆ ਰਹੇ ਹਨ। ਇਹ ਵਿਰੋਧੀ ਧਿਰ ਦੀ ਚਾਲ ਹੈ। ਉਨ੍ਹਾਂ ਿਕਹਾ ਕਿ ਭਾਜਪਾ ਕੇਂਦਰ ਵਾਂਗ ਤੀਜੀ ਵਾਰ ਹਰਿਆਣਾ ਵਿੱਚ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਤੁਸੀਂ ਅਜੇ ਨਾਇਬ ਸਿੰਘ ਸੈਣੀ ਦਾ ਛੋਟਾ ਜਿਹਾ ਟਰੇਲਰ ਹੀ ਵੇਖਿਆ ਹੈ ਫ਼ਿਲਮ ਆਉਣੀ ਹਾਲੇ ਬਾਕੀ ਹੈ। ਸੈਣੀ ਦੀ ਸੋਚ ਹੀ ਹਰਿਆਣਾ ਸੂਬੇ ਨੂੰ ਨੰਬਰ ਵਨ ਬਣਾਵੇਗੀ। ਭਾਜਪਾ ਵਿੱਚ ਸ਼ਾਮਲ ਹੋਏ ਰਾਮ ਕੁਮਾਰ ਗੌਤਮ ਨੇ ਵੀ ਸੰਬੋਧਨ ਕੀਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਨ੍ਹਾਂ ਦਾ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ ਤੇ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਬਣਦਾ ਸਨਮਾਨ ਮਿਲੇਗਾ। ਸ਼ਕਤੀ ਰਾਣੀ ਸ਼ਰਮਾ ਹਰਿਆਣਾ ਜਨ ਚੇਤਨਾ ਪਾਰਟੀ ਦੇ ਮੁਖੀ ਵਿਨੋਦ ਸ਼ਰਮਾ ਦੀ ਪਤਨੀ ਹਨ ਅਤੇ ਇਨ੍ਹਾਂ ਦੀ ਇੰਦਰੀ ਵਿੱਚ ਸ਼ੂਗਰ ਮਿੱਲ ਵੀ ਹੈ। ਇਨ੍ਹਾਂ ਨੂੰ ਕਾਲਕਾ ਅਤੇ ਇੰਦਰੀ ਤੋਂ ਟਿਕਟ ਵੀ ਮਿਲ ਸਕਦੀ ਹੈ। ਰੈਲੀ ਵਿੱਚ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਹੀਂ ਆਏ ਜਦੋਂਕਿ ਅਮਿਤ ਸ਼ਾਹ ਦਾ ਪ੍ਰੋਗਰਾਮ ਕੱਲ੍ਹ ਹੀ ਰੱਦ ਹੋ ਗਿਆ ਸੀ।