BJP got Rs 2,604 cr as donations: ਭਾਜਪਾ ਨੂੰ 2023-24 ਵਿੱਚ 2600 ਕਰੋੜ ਰੁਪਏ ਤੋਂ ਵੱਧ ਚੰਦਾ ਮਿਲਿਆ
ਨਵੀਂ ਦਿੱਲੀ, 26 ਦਸੰਬਰ
ਦੇਸ਼ ਵਿੱਚ ਸੱਤਾਧਾਰੀ ਧਿਰ ਭਾਜਪਾ ਨੂੰ 2023-24 ਦੌਰਾਨ 2,604.74 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਹੈ ਜਦਕਿ ਵਿਰੋਧੀ ਪਾਰਟੀ ਕਾਂਗਰਸ ਨੂੰ 281.38 ਕਰੋੜ ਰੁਪਏ ਮਿਲੇ ਹਨ। ਚੋਣ ਕਮਿਸ਼ਨ ਵੱਲੋਂ ਜਨਤਕ ਕੀਤੀ ਗਈ ਦੋਵੇਂ ਪਾਰਟੀਆਂ ਦੀ ਚੰਦਾ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।
ਰਿਪੋਰਟ ਵਿੱਚ ਸੂਚੀਬੱਧ ਚੰਦਾ ਲੋਕ ਸਭਾ ਚੋਣ ਤੋਂ ਪਹਿਲਾਂ 31 ਮਾਰਚ 2024 ਤੱਕ ਪ੍ਰਾਪਤ ਹੋਇਆ ਸੀ। ਭਾਜਪਾ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 740 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਣ ਦਾ ਐਲਾਨ ਕੀਤਾ ਸੀ ਜਦਕਿ ਕਾਂਗਰਸ ਨੇ 2018-19 ਵਿੱਚ 146 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਸੀ। ਇਸ ਮੁਤਾਬਕ 2023-24 ਦੌਰਾਨ ਭਾਜਪਾ ਨੂੰ ਪਰੂਡੈਂਟਅ ਇਲੈਕਟੋਰਲ ਟਰੱਸਟ ਤੋਂ 723 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਜਦਕਿ ਟ੍ਰਿਊਂਫ ਇਲੈਕਟੋਰਲ ਟਰੱਸਟ ਤੋਂ 127 ਕਰੋੜ ਰੁਪਏ ਤੋਂ ਵੱਧ ਅਤੇ ਆਈਂਜ਼ਿਗਾਰਟਿਗ ਇਲੈਕਟੋਰਲ ਟਰੱਸਟ ਤੋਂ 17 ਲੱਖ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ।
ਰਿਪੋਰਟ ਮੁਤਾਬਕ ਕਾਂਗਰਸ ਨੂੰ ਪਰੂਡੈਂਟ ਇਲੈਕਟੋਰਲ ਟਰੱਸਟ ਤੋਂ 150 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਜੋ ਪਾਰਟੀ ਨੂੰ ਚੰਦਾ ਦੇਣ ਵਾਲਾ ਇਕਮਾਤਰ ਟਰੱਸਟ ਸੀ। ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਨੂੰ 1.38 ਲੱਖ ਰੁਪਏ ਦਾ ਅਜਿਹਾ ਚੰਦਾ ਮਿਲਿਆ, ਜਿਸ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਕੇਸੀ ਵੈਣੂਗੋਪਾਲ ਅਤੇ ਦਿਗਵਿਜੈ ਸਿੰਘ ਸਣੇ ਹੋਰ ਚੋਟੀ ਦੇ ਆਗੂਆਂ ਤੋਂ ਪ੍ਰਾਪਤ ਚੰਦਾ ਵੀ ਸ਼ਾਮਲ ਹੈ। ‘ਹਮਾਰੇ ਨੇਤਾ ਕੋ ਹੈਪੀ ਬਰਥਡੇਅ--ਜੇਕੇਬੀ’ ਸਿਰਲੇਖ ਅਧੀਨ ਕਾਂਗਰਸ ਨੂੰਕਈ ਚੰਦੇ ਦਿੱਤੇ ਗਏ। ਭਾਜਪਾ ਤੇ ਕਾਂਗਰਸ ਵੱਲੋਂ ਐਲਾਨੇ ਚੰਦੇ ਵਿੱਚ ਚੋਣ ਬਾਂਡ ਰਾਹੀਂ ਪ੍ਰਾਪਤ ਚੰਦਾ ਸ਼ਾਮਲ ਨਹੀਂ ਹੈ, ਕਿਉਂਕਿ ਇਨ੍ਹਾਂ ਨੂੰ ਪਾਰਟੀ ਦੀ ਸਾਲਾਨਾ ਅਕਾਊਂਟ ਰਿਪੋਰਟ ਵਿੱਚ ਐਲਾਨਿਆ ਜਾਣਾ ਹੁੰਦਾ ਹੈ, ਨਾ ਕਿ ਚੰਦਾ ਵੇਰਵੇ ’ਚ।
ਆਮ ਆਦਮੀ ਪਾਰਟੀ ਜੋ ਕਿ ਇਕ ਮਾਨਾਤਾ ਪ੍ਰਾਪਤ ਕੌਮੀ ਪਾਰਟੀ ਹੈ, ਨੂੰ ਵੀ ਵਿੱਤੀ ਵਰ੍ਹੇ ਦੌਰਾਨ 11.06 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਹੈ। ਇਕ ਹੋਰ ਮਾਨਤਾ ਪ੍ਰਾਪਤ ਕੌਮੀ ਪਾਰਟੀ, ਸੀਪੀਆਈ-ਐੱਮ ਨੂੰ ਵੀ 7.64 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਹੈ। ਰਿਪੋਰਟ ਮੁਤਾਬਕ ਪੂਰਬ-ਉੱਤਰ ਦੀ ਇਕਮਾਤਰ ਮਾਨਤਾ ਪ੍ਰਾਪਤ ਕੌਮੀ ਪਾਰਟੀ ਨੈਸ਼ਨਲ ਪੀਪਲਜ਼ ਪਾਰਟੀ (ਐੱਨਪੀਪੀ) ਨੂੰ 14.85 ਲੱਖ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ।
ਵੇਦਾਂਤਾ, ਭਾਰਤੀ ਏਅਰਟੈੱਲ, ਮੁਥੁਟ, ਜਿੰਦਲ ਸਮੂਹ ਅਤੇ ਟੀਵੀਐੱਸ ਮੋਟਰਜ਼ ਵਰਗੇ ਵੱਡੇ ਕਾਰਪੋਰੇਟ ਸਮੂਹਾਂ ਵੱਲੋਂ ਖਰੀਦੇ ਗਏ ਚੋਣ ਬਾਂਡਾਂ ਦੀ ਵੀ ਭਾਜਪਾ ਪ੍ਰਮੁੱਖ ਲਾਭਪਾਤਰੀ ਸੀ। -ਪੀਟੀਆਈ