ਭਾਜਪਾ ਨੇ ਹਰ ਵਰਗ ਨੂੰ ਸਨਮਾਨ ਦਿੱਤਾ: ਅਨੁਰਾਗ ਠਾਕੁਰ
ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 2 ਅਕਤੂਬਰ
ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਸਭਾ ਮੈਂਬਰ ਅਨੁਰਾਗ ਠਾਕੁਰ ਨੇ ਅੱਜ ਪਿੰਡ ਸਲਪਾਣੀ ਵਿੱਚ ਸ਼ਾਹਬਾਦ ਵਿਧਾਨ ਸਭਾ ਤੋਂ ਭਾਜਪਾ ਉਮੀਦਵਾਰ ਸੁਭਾਸ਼ ਕਲਸਾਣਾ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਸ੍ਰੀ ਠਾਕੁਰ ਨੇ ਕਿਹਾ ਕਿ ਭਾਜਪਾ ਵਿੱਚ ਹੀ ਇਹ ਸੰਭਵ ਹੈ ਕਿ ਕਿਸੇ ਆਮ ਵਰਕਰ ਨੂੰ ਸੰਸਦ ਮੈਂਬਰ ਅਤੇ ਫਿਰ ਮੁੱਖ ਮੰਤਰੀ ਵਰਗਾ ਵੱਡਾ ਅਹੁਦਾ ਦਿੱਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸੈਣੀ ਵਰਗੇ ਕਈ ਚਿਹਰੇ ਹਨ, ਜਿਨ੍ਹਾਂ ਨੂੰ ਭਾਜਪਾ ਨੇ ਉਨ੍ਹਾਂ ਦੀ ਮਿਹਨਤ ਤੇ ਲਗਨ ਨੂੰ ਦੇਖਦਿਆਂ ਵੱਡੇ ਅਹੁਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਟੀਮ ਨੇ ਹਮੇਸ਼ਾ ਦਲਿਤ ਨੇਤਾਵਾਂ ਦਾ ਅਪਮਾਨ ਕੀਤਾ ਹੈ। ਅਸ਼ੋਕ ਤੰਵਰ ਹੋਵੇ ਜਾਂ ਕੁਮਾਰੀ ਸ਼ੈਲਜਾ, ਕਾਂਗਰਸ ਨੇ ਸਾਰਿਆਂ ਦਾ ਅਪਮਾਨ ਕੀਤਾ ਹੈ, ਜਦੋਂਕਿ ਭਾਜਪਾ ਨੇ ਹਮੇਸ਼ਾ ਹਰ ਵਰਗ ਦਾ ਸਨਮਾਨ ਕੀਤਾ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਭਾਜਪਾ ਦੇ ਕਾਰਜਕਾਲ ਦੌਰਾਨ ਸਿੱਖ ਕੌਮ ਸਣੇ 1984 ਦੇ ਪੀੜਤਾਂ ਨੂੰ ਇਨਸਾਫ਼ ਮਿਲਿਆ ਹੈ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਭਾਜਪਾ ਨੇ ਕਿਸਾਨਾਂ ਲਈ ਕਈ ਵੱਡੇ ਐਲਾਨ ਵੀ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਝੋਨੇ ਦੀ ਫਸਲ ਦਾ ਜੋ ਮੁੱਲ ਮਿਲਣਾ ਹੈ, ਉਸ ਤੋਂ ਬਾਅਦ ਕਿਸਾਨਾਂ ਦੇ ਚਿਹਰੇ ਖਿੜ ਜਾਣਗੇ। ਇਸ ਮੌਕੇ ਭਾਜਪਾ ਦੇ ਯੂਥ ਸੂਬਾਈ ਪ੍ਰਧਾਨ ਰਾਹੁਲ ਰਾਣਾ, ਭਾਜਪਾ ਦੀ ਸੂਬਾਈ ਕਾਰਜਕਾਰਨੀ ਮੈਂਬਰ ਬੀਬੀ ਕਰਤਾਰ ਕੌਰ, ਅਮਰਜੀਤ ਸਿੰਘ ਡਾਂਗੀ, ਧੁਰਾਲਾ ਮੰਡਲ ਦੇ ਪ੍ਰਧਾਨ ਸਹਿਦੇਵ ਮਲਾਣ, ਨਲਵੀ ਮੰਡਲ ਪ੍ਰਧਾਨ ਸਰਵਜੀਤ ਕਲਸਾਣੀ, ਦਰਸ਼ਨ ਰਾਣਾ, ਸਚਿਨ ਔਜਲਾ, ਰਾਹੁਲ ਰਾਣਾ, ਸਰਪੰਚ ਜਤਿੰਦਰ ਬਲਿਆਣ, ਭੂਸ਼ਨ ਸ਼ਰਮਾ, ਗੌਤਮ ਰਾਣਾ, ਨਿਰਮਲ ਸਿੰਘ ਵਿਰਕ, ਸੁਰੇਸ਼ ਕਾਜਲ, ਨਰੇਸ਼ ਕਸ਼ਯਪ ਅਤੇ ਮਲਕੀਤ ਢਕਾਲਾ ਹਾਜ਼ਰ ਸਨ।