ਭਾਜਪਾ ਨੇ ਕੇਜਰੀਵਾਲ ਦੇ ਮੁਕਾਬਲੇ ਪਰਵੇਸ਼ ਵਰਮਾ ਨੂੰ ਉਤਾਰਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜਨਵਰੀ
ਭਾਜਪਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ 29 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੁਕਾਬਲੇ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਪਰਵੇਸ਼ ਵਰਮਾ ਨੂੰ ਟਿਕਟ ਦਿੱਤੀ ਹੈ। ‘ਆਪ’ ਅਤੇ ਕਾਂਗਰਸ ਦੇ ਮੁਕਾਬਲੇ ਭਾਜਪਾ ਨੇ ਸਿੱਖ ਉਮੀਦਵਾਰਾਂ ਨੂੰ ਪਹਿਲ ਦਿੱਤੀ ਹੈ। ਪਾਰਟੀ ਨੇ ਗਾਂਧੀ ਨਗਰ ਸੀਟ ਤੋਂ ਮੌਜੂਦਾ ਵਿਧਾਇਕ ਅਨਿਲ ਵਾਜਪਾਈ ਦੀ ਥਾਂ ਅਰਵਿੰਦਰ ਸਿੰਘ ਲਵਲੀ ਨੂੰ ਟਿਕਟ ਦਿੱਤੀ ਹੈ। ਮਨਜਿੰਦਰ ਸਿੰਘ ਸਿਰਸਾ ਰਾਜੌਰੀ ਗਾਰਡਨ ਸੀਟ ਤੋਂ ਉਮੀਦਵਾਰ ਹੋਣਗੇ। ਉਹ ਪਹਿਲਾਂ ਇਸ ਹਲਕੇ ਤੋਂ ਭਾਜਪਾ ਕੌਂਸਲਰ ਅਤੇ ਵਿਧਾਇਕ ਰਹਿ ਚੁੱਕੇ ਹਨ। ਕਾਂਗਰਸ ਨੇ ਨਵੀਂ ਦਿੱਲੀ ਸੀਟ ਤੋਂ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਪੁੱਤਰ ਸੰਦੀਪ ਦੀਕਸ਼ਿਤ ਨੂੰ ਪਹਿਲਾਂ ਹੀ ਉਮੀਦਵਾਰ ਐਲਾਨਿਆ ਹੋਇਆ ਹੈ। ਇਸ ਤਰ੍ਹਾਂ ਇਸ ਸੀਟ ’ਤੇ ਸਾਬਕਾ ਮੁੱਖ ਮੰਤਰੀ ਅਤੇ ਦੋ ਸਾਬਕਾ ਮੁੱਖ ਮੰਤਰੀਆਂ ਦੇ ਪੁੱਤਰਾਂ ਵਿਚਾਲੇ ਮੁਕਾਬਲਾ ਹੋਵੇਗਾ। ਭਾਜਪਾ ਨੇ ਮੁੱਖ ਮੰਤਰੀ ਆਤਿਸ਼ੀ ਖ਼ਿਲਾਫ਼ ਕਾਲਕਾਜੀ ਤੋਂ ਇੱਕ ਹੋਰ ਸਾਬਕਾ ਸੰਸਦ ਮੈਂਬਰ ਰਮੇਸ਼ ਬਿਧੂੜੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਦੁਸ਼ਯੰਤ ਗੌਤਮ ਕਰੋਲ ਬਾਗ ਤੋਂ ਚੋਣ ਲੜਨਗੇ।
‘ਆਪ’ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਕੈਲਾਸ਼ ਗਹਿਲੋਤ ਨੂੰ ਬਿਜਵਾਸ ਤੋਂ ਟਿਕਟ
‘ਆਪ’ ਸਰਕਾਰ ਤੋਂ ਅਸਤੀਫਾ ਦੇ ਕੇ ਭਾਜਪਾ ’ਚ ਸ਼ਾਮਲ ਹੋਏ ਸਾਬਕਾ ਮੰਤਰੀ ਕੈਲਾਸ਼ ਗਹਿਲੋਤ ਨੂੰ ਬਿਜਵਾਸਨ ਅਤੇ ਰਾਜਕੁਮਾਰ ਆਨੰਦ ਨੂੰ ਪਟੇਲ ਨਗਰ ਤੋਂ ਟਿਕਟ ਦਿੱਤੀ ਗਈ ਹੈ। ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਕਾਂਗਰਸ ਦੇ ਤਤਕਾਲੀ ਸੂਬਾ ਪ੍ਰਧਾਨ ਤੇ ਸਾਬਕਾ ਮੰਤਰੀ ਅਰਵਿੰਦਰ ਸਿੰਘ ਲਵਲੀ ਨੂੰ ਗਾਂਧੀਨਗਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸੇ ਤਰ੍ਹਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਤਰਵਿੰਦਰ ਸਿੰਘ ਮਰਵਾਹ ਨੂੰ ਜੰਗਪੁਰਾ ਤੋਂ ਮਨੀਸ਼ ਸਿਸੋਦੀਆ ਦੇ ਮੁਕਾਬਲੇ ਉਤਾਰਿਆ ਗਿਆ ਹੈ। ਰਾਜਕੁਮਾਰ ਚੌਹਾਨ ਨੂੰ ਮੰਗੋਲਪੁਰੀ ਤੋਂ ਟਿਕਟ ਮਿਲੀ ਹੈ। ਚੌਹਾਨ ਵੀ ਕਾਂਗਰਸ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਹਨ।