ਧਰਮ ਤੇ ਜਾਤੀਆਂ ਨੂੰ ਲੜਾ ਕੇ ਸਿਆਸਤ ਕਰਦੀ ਹੈ ਭਾਜਪਾ: ਅਖਿਲੇਸ਼
ਲਖਨਊ, 12 ਅਕਤੂਬਰ
ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਸੱਤਾਧਾਰੀ ਭਾਜਪਾ ’ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਭਾਜਪਾ ਦੇ ਲੋਕ ਧਰਮ ਤੇ ਜਾਤੀਆਂ ਨੂੰ ਲੜਾ ਕੇ ਸਿਆਸਤ ਕਰਨਾ ਚਾਹੁੰਦੇ ਹਨ। ਅਖਿਲੇਸ਼ ਅੱਜ ਇੱਥੇ ਗੋਮਤੀ ਨਗਰ ਸਥਿਤ ਡਾ. ਰਾਮ ਮਨੋਹਰ ਲੋਹੀਆ ਪਾਰਕ ਵਿੱਚ ਸਮਾਜਵਾਦੀ ਚਿੰਤਕ ਡਾ. ਰਾਮ ਮਨੋਹਰ ਲੋਹੀਆ ਦੀ 57ਵੀਂ ਬਰਸੀ ’ਤੇ ਸ਼ਰਧਾਂਜਲੀ ਦੇਣ ਮਗਰੋਂ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘‘ਭਾਜਪਾ ਦੀਆਂ ਨੀਤੀਆਂ ਤਬਾਹਕੁਨ ਹਨ। ਸੰਵਿਧਾਨ ਰਾਹੀਂ ਬਣੀ ਹਰ ਚੀਜ਼ ਨੂੰ ਇਹ ਪਲਟਣਾ ਚਾਹੁੰਦੇ ਹਨ। ਇਹ ਉਹ ਲੋਕ ਹਨ ਜੋ ਨਫ਼ਰਤ ਦੀ ਸਿਆਸਤ ਕਰਦੇ ਹਨ। ਉਹ ਭੇਦ-ਭਾਵ ਕਰਦੇ ਹਨ। ਇਹ ਉਹ ਲੋਕ ਹਨ ਜੋ ਧਰਮ ਤੇ ਜਾਤੀਆਂ ਨੂੰ ਲੜਾ ਕੇ ਸਿਆਸਤ ਕਰਨਾ ਚਾਹੁੰਦੇ ਹਨ।’’ ਅਖਿਲੇਸ਼ ਨੇ ਲੋਹੀਆ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ, ‘‘ਅਸੀਂ ਉਨ੍ਹਾਂ ਦੇ ਸੁਪਨਿਆਂ ਦਾ ਸਮਾਜਵਾਦੀ ਭਾਰਤ ਬਣਾਉਣ ਦਾ ਸੁਪਨਾ ਪੂਰਾ ਕਰਨ ਦਾ ਅਹਿਦ ਲੈਂਦੇ ਹਾਂ।’’ ਉਨ੍ਹਾਂ ਕਿਹਾ ਕਿ ਮਹਿੰਗਾਈ ਅਤੇ ਗਰੀਬੀ ਡਾਕਟਰ ਲੋਹੀਆ ਦੀ ਕੀਮਤ ਨਿਰਧਾਰਣ ਨੀਤੀ ਰਾਹੀਂ ਖ਼ਤਮ ਕੀਤੀ ਜਾ ਸਕਦੀ ਹੈ। ਉਨ੍ਹਾਂ ਸਪਤ ਕ੍ਰਾਂਤੀ ਰਾਹੀਂ ਸਮਾਜ ’ਚ ਖੁਸ਼ਹਾਲੀ ਦਾ ਰਾਹ ਦਿਖਾਇਆ ਸੀ। ਇਸ ਮੌਕੇ ਉੱਤਰ ਪ੍ਰਦੇਸ਼ ਅਤੇ ਹੋਰ ਸੂਬਿਆਂ ’ਚ ਸਮਾਜਵਾਦੀ ਪਾਰਟੀ ਦੇ ਦਫ਼ਤਰਾਂ ’ਤੇ ਲੋਹੀਆ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਅਖਿਲੇਸ਼ ਨੇ ਕਿਹਾ ਕਿ ਦੇਸ਼ ਦੀ ਕਰੰਸੀ ਡਿੱਗਣ ਦਾ ਅਰਥ ਹੈ ਕਿ ਅਰਥਚਾਰਾ ਨਿਘਾਰ ਵੱਲ ਹੈ। -ਪੀਟੀਆਈ