ਭਾਜਪਾ ਜ਼ਿਲ੍ਹਾ ਕੋਰ ਕਮੇਟੀ ਵੱਲੋਂ ਮੀਟਿੰਗ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 22 ਅਕਤੂਬਰ
ਭਾਜਪਾ ਦੀ ਜ਼ਿਲ੍ਹਾ ਕੋਰ ਕਮੇਟੀ ਦੀ ਮੀਟਿੰਗ ਪ੍ਰਧਾਨ ਰਜਨੀਸ਼ ਧੀਮਾਨ ਦੀ ਪ੍ਰਧਾਨਗੀ ਹੇਠ ਭਾਜਪਾ ਦਫ਼ਤਰ ਦੁੱਗਰੀ ਵਿੱਚ ਹੋਈ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਨਗਰ ਨਿਗਮ ਚੋਣਾਂ ਸਬੰਧੀ ਪੰਜਾਬ ਸਰਕਾਰ ਨੂੰ ਲਗਾਈ ਫਟਕਾਰ ’ਤੇ ਚਰਚਾ ਕੀਤੀ ਗਈ। ਇਸ ਮੌਕੇ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ‘ਆਪ’ ਸਰਕਾਰ ਪਿਛਲੇ ਦੋ ਸਾਲਾਂ ਤੋਂ ਨਗਰ ਨਿਗਮ ਚੋਣਾਂ ਕਰਵਾਉਣ ਤੋਂ ਟਾਲਾ ਵੱਟ ਰਹੀ ਹੈ ਜਿਸ ਨੂੰ ਦੇਖਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਗਰ ਨਿਗਮ ਚੋਣਾਂ 31 ਦਸੰਬਰ ਤੋਂ ਪਹਿਲਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਦਾਲਤ ਨੇ ਸੂਬੇ ਦੀ ਨਵੇਂ ਸਿਰੇ ਤੋਂ ਸੀਮਾਬੰਦੀ ਕੀਤੇ ਬਿਨਾਂ ਹੀ ਚੋਣਾਂ ਕਰਵਾਉਣ ਲਈ 15 ਦਿਨਾਂ ਦੀ ਸਮਾਂ ਸੀਮਾ ਤੈਅ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਭਾਜਪਾ ਵਰਕਰਾਂ ਨੂੰ ਕਮਰਕੱਸੇ ਕਰ ਕੇ ਤਿਆਰ ਬਰ ਤਿਆਰ ਰਹਿਣ ਲਈ ਵੀ ਕਿਹਾ। ਇਸ ਮੌਕੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਸੂਬਾ ਮੀਤ ਪ੍ਰਧਾਨ ਜਤਿੰਦਰ ਮਿੱਤਲ, ਸਕੱਤਰ ਰੇਣੂ ਥਾਪਰ, ਜੀਵਨ ਗੁਪਤਾ, ਪ੍ਰਵੀਨ ਬਾਂਸਲ, ਡਾ. ਸੁਭਾਸ਼ ਵਰਮਾ, ਪੁਸ਼ਪਿੰਦਰ ਸਿੰਗਲ, ਨਰਿੰਦਰ ਸਿੰਘ ਮੱਲੀ, ਸਾਬਕਾ ਵਿਧਾਇਕ ਪ੍ਰੇਮ ਮਿੱਤਲ, ਜਗਮੋਹਨ ਸ਼ਰਮਾ ਅਤੇ ਡਾ. ਸਤੀਸ਼ ਕੁਮਾਰ ਹਾਜ਼ਰ ਸਨ।