ਭਾਜਪਾ ਨੇ ਵਿਕਾਸ ਨਹੀਂ, ਘੁਟਾਲੇ ਕੀਤੇ: ਸ਼ੈਲਜਾ
ਪ੍ਰਭੂ ਦਿਆਲ
ਸਿਰਸਾ, 21 ਅਗਸਤ
ਆਲ ਇੰਡੀਆ ਕਾਂਗਰਸ ਕਮੇਟੀ ਦੀ ਕੌਮੀ ਜਨਰਲ ਸਕੱਤਰ ਤੇ ਸਿਰਸਾ ਤੋਂ ਲੋਕ ਸਭਾ ਮੈਂਬਰ ਕੁਮਾਰੀ ਸ਼ੈਲਜਾ ਨੇ ਆਖਿਆ ਕਿ ਇਹ ਹਰਿਆਣਾ ਦੀ ਭਾਜਪਾ ਸਰਕਾਰ ਵਿਕਾਸ ਦੇ ਨਾਂ ’ਤੇ ਘੁਟਾਲਿਆਂ ਦੀ ਸਰਕਾਰ ਹੈ। ਪਿਛਲੇ 10 ਸਾਲਾਂ ’ਚ ਭਾਜਪਾ ਦੀ ਸਰਕਾਰ ’ਚ ਹਰਿਆਣਾ ’ਚ ਇਕ ਤੋਂ ਬਾਅਦ ਇਕ ਘੁਟਾਲੇ ਹੁੰਦੇ ਰਹੇ ਪਰ ਕਿਸੇ ’ਤੇ ਕੋਈ ਕਾਰਵਾਈ ਨਹੀਂ ਹੋਈ। ਜੇ ਹਰਿਆਣਾ ’ਚ ਕਾਂਗਰਸ ਦੀ ਸਰਕਾਰ ਬਣੀ ਤਾਂ ਇੱਕ-ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ ਅਤੇ ਘੁਟਾਲਿਆਂ ਵਿੱਚ ਸ਼ਾਮਲ ਆਗੂਆਂ ਤੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਰਕਾਰ ਵਿੱਚ ਘੁਟਾਲਿਆਂ ਤੋਂ ਸਿਵਾਏ ਕੁਝ ਨਹੀਂ ਹੋਇਆ। ਪਿਛਲੇ ਦਸ ਸਾਲਾਂ ਵਿੱਚ ਭ੍ਰਿਸ਼ਟਾਚਾਰ ਵਿੱਚ ਵਾਧਾ ਹੀ ਹੋਇਆ ਹੈ। ਸੰਸਦ ਮੈਂਬਰ ਨੇ ਕਿਹਾ ਕਿ ਕਦੇ ਕਰਨਾਲ, ਫਰੀਦਾਬਾਦ ਅਤੇ ਗੁਰੂਗ੍ਰਾਮ ਨੂੰ ਸਮਾਰਟ ਸਿਟੀ ਬਣਾਉਣ ਦੇ ਨਾਂ ’ਤੇ ਅਤੇ ਕਦੇ ਵਿਕਾਸ ਕਾਰਜਾਂ ਦੇ ਨਾਂ ’ਤੇ ਸੂਬੇ ’ਚ ਘੁਟਾਲੇ ਹੋ ਰਹੇ ਹਨ। ਉਨ੍ਹਾਂ ਸ਼ਹਿਰਾਂ ਦੀ ਹਾਲਤ ਜਿੱਥੇ ਵਿਕਾਸ ਦੇ ਨਾਂ ’ਤੇ ਕਰੋੜਾਂ ਰੁਪਏ ਕਾਗਜ਼ਾਂ ’ਤੇ ਖਰਚ ਕੀਤੇ ਗਏ ਹਨ, ਉਨ੍ਹਾਂ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ। ਜੇ ਵਿਕਾਸ ਦੇ ਨਾਂ ’ਤੇ ਕੁਝ ਰਕਮ ਖਰਚ ਕੀਤੀ ਗਈ ਹੁੰਦੀ ਤਾਂ ਇਹ ਕਿਤੇ ਨਾ ਕਿਤੇ ਨਜ਼ਰ ਆਉਣੀ ਸੀ। ਇਸੇ ਤਰ੍ਹਾਂ ਸੂਬੇ ਵਿੱਚ ਨੌਕਰੀਆਂ ਦੇ 47 ਪੇਪਰ ਲੀਕ ਹੋਏ ਹਨ। ਭ੍ਰਿਸ਼ਟਾਚਾਰ ਤੋਂ ਬਿਨਾਂ ਇਹ ਸੰਭਵ ਨਹੀਂ ਸੀ। ਜੇ ਨੌਕਰੀਆਂ ਵਿੱਚ ਭ੍ਰਿਸ਼ਟਾਚਾਰ ਨਾ ਹੁੰਦਾ ਤਾਂ ਇੱਕ ਤੋਂ ਬਾਅਦ ਇੱਕ ਪੇਪਰ ਲੀਕ ਨਾ ਹੁੰਦੇ। ਕੁਮਾਰੀ ਸ਼ੈਲਜਾ ਨੇ ਕਿਹਾ ਕਿ ਸੂਬੇ ’ਚ ਪ੍ਰਾਪਰਟੀ ਆਈਡੀ ਦੇ ਨਾਂ ’ਤੇ ਵੱਡਾ ਘਪਲਾ ਹੋਇਆ ਹੈ। ਸਰਵੇ ਕਰਨ ਵਾਲੀ ਏਜੰਸੀ ਨੂੰ ਗਲਤ ਸਰਵੇ ਕਰਨ ਤੋਂ ਬਾਅਦ ਵੀ ਰਾਸ਼ੀ ਜਾਰੀ ਕਰ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਘੁਟਾਲਿਆਂ ਰਾਹੀਂ ਕਿਵੇਂ ਖੁਰਦ-ਬੁਰਦ ਕੀਤਾ ਗਿਆ ਹੈ, ਇਸ ਦੀ ਜਾਂਚ ਕਾਂਗਰਸ ਦੀ ਸਰਕਾਰ ਬਣਨ ’ਤੇ ਕੀਤੀ ਜਾਵੇਗੀ। ਹੁਣ ਸੂਬੇ ਦੇ ਲੋਕ ਭਾਜਪਾ ਸਰਕਾਰ ਤੋਂ ਤੰਗ ਆ ਚੁੱਕੇ ਹਨ ਅਤੇ ਵਿਧਾਨ ਸਭਾ ਦੀਆਂ ਚੋਣਾਂ ’ਚ ਇਸ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨਗੇ।