For the best experience, open
https://m.punjabitribuneonline.com
on your mobile browser.
Advertisement

ਭਾਜਪਾ ਨੇ ਜਾਣ-ਬੁੱਝ ਕੇ ਪੈਦਾ ਕੀਤਾ ਜਲ ਸੰਕਟ

10:23 AM Jun 18, 2024 IST
ਭਾਜਪਾ ਨੇ ਜਾਣ ਬੁੱਝ ਕੇ ਪੈਦਾ ਕੀਤਾ ਜਲ ਸੰਕਟ
ਵਜ਼ੀਰਾਬਾਦ ਟ੍ਰੀਟਮੈਂਟ ਪਲਾਂਟ ਦਾ ਦੌਰਾ ਕਰਦੇ ਹੋਏ ਜਲ ਮੰਤਰੀ ਆਤਿਸ਼ੀ। -ਫੋਟੋ: ਪੀਟੀਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 17 ਜੂਨ
ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਅੱਜ ਦੋਸ਼ ਲਾਇਆ ਕਿ ਦਿੱਲੀ ਵਿੱਚ ਪਾਣੀ ਦਾ ਸੰਕਟ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਜਾਣਬੁੱਝ ਕੇ ਪੈਦਾ ਕੀਤਾ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਜੈ ਨੇ ਭਾਜਪਾ ’ਤੇ ਕੌਮੀ ਰਾਜਧਾਨੀ ਦੇ ਨਿਵਾਸੀਆਂ ਖ਼ਿਲਾਫ਼ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਪਿਆਸੇ ਨੂੰ ਪਾਣੀ ਦੇਣ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਅਤੇ ਪਾਣੀ ਨੂੰ ਰੋਕਣ ਤੋਂ ਵੱਡਾ ਕੋਈ ਪਾਪ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ, “ਦਿੱਲੀ ਵਿੱਚ ਪਿਛਲੇ ਕਈ ਦਿਨਾਂ ਤੋਂ ਭਾਜਪਾ ਦੀ ਸਰਪ੍ਰਸਤੀ ਵਿੱਚ ਪਾਣੀ ਦਾ ਸੰਕਟ ਹੈ। ਜਦੋਂ ਮੈਂ ਇਹ ਕਹਿ ਰਿਹਾ ਹਾਂ ਕਿ ਇਹ ਭਾਰਤੀ ਜਨਤਾ ਪਾਰਟੀ ਵੱਲੋਂ ਪੈਦਾ ਕੀਤਾ ਗਿਆ ਦਾ ਸੰਕਟ ਹੈ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਭਾਜਪਾ ਦੇ ਲੋਕ ਚਾਹੁੰਦੇ ਹਨ ਕਿ ਦਿੱਲੀ ਦੇ ਲੋਕਾਂ ਨੂੰ ਪਾਣੀ ਨਾ ਮਿਲੇ ਅਤੇ ਇਸ ਲਈ ਭਾਜਪਾ ਦੇ ਲੋਕ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਕਿ ਕਿਸੇ ਵੀ ਤਰ੍ਹਾਂ ਦਿੱਲੀ ਵਿੱਚ ਪਾਣੀ ਦਾ ਸੰਕਟ ਪੈਦਾ ਹੋ ਜਾਵੇ।’’ ‘ਆਪ’ ਆਗੂ ਨੇ ਕਿਹਾ ਕਿ ਦਿੱਲੀ ਨੂੰ ਹਰਿਆਣਾ ਤੋਂ ਪਾਣੀ ਮਿਲਦਾ ਹੈ ਅਤੇ ਜਦੋਂ ਭਾਜਪਾ ਸ਼ਾਸਿਤ ਸੂਬਾ ਲੋੜੀਂਦਾ ਪਾਣੀ ਨਹੀਂ ਦਿੰਦਾ ਤਾਂ ਪਾਣੀ ਦੀ ਕਮੀ ਹੁੰਦੀ ਹੈ। ਉਨ੍ਹਾਂ ਕਿਹਾ, ‘‘ਦਿੱਲੀ ਵਿੱਚ ਪਾਣੀ ਘੱਟ ਰਿਹਾ ਹੈ ਕਿਉਂਕਿ ਸਾਨੂੰ ਹਰਿਆਣਾ ਤੋਂ ਲੋੜੀਂਦਾ ਪਾਣੀ ਨਹੀਂ ਮਿਲ ਰਿਹਾ। ਇਸ ਕਾਰਨ ਦਿੱਲੀ ਵਿੱਚ ਪਾਣੀ ਦਾ ਸੰਕਟ ਪੈਦਾ ਹੋ ਗਿਆ ਹੈ।’’ ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਦਿੱਲੀ ਨੂੰ ਆਪਣਾ ਬਣਦਾ ਹਿੱਸਾ ਦੇਣ ਲਈ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਉਸ ਦਾ ਬਣਦਾ ਹੱਕ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ, ‘‘ਅਸੀਂ ਹਰਿਆਣਾ ਦੇ ਲੋਕਾਂ ਲਈ ਪਾਣੀ ਦਾ ਹਿੱਸਾ ਨਹੀਂ ਮੰਗ ਰਹੇ, ਅਸੀਂ ਦਿੱਲੀ ਦੇ ਹਿੱਸੇ ਦਾ ਪਾਣੀ ਮੰਗ ਰਹੇ ਹਾਂ, ਤੁਸੀਂ ਉਹ ਵੀ ਨਹੀਂ ਦੇਣਾ ਚਾਹੁੰਦੇ। ਦੂਜੀ ਗੱਲ ਜਦੋਂ ਅਸੀਂ ਉਪ ਰਾਜਪਾਲ (ਦਿੱਲੀ) ਨੂੰ ਸ਼ਿਕਾਇਤ ਕਰਦੇ ਹਾਂ ਤਾਂ ਉਹ ਸ਼ਿਕਾਇਤਾਂ ਦਾ ਨਿਬੇੜਾ ਕਰਨ ਦੀ ਬਜਾਏ ਸਿਆਸੀ ਬਿਆਨ ਜਾਰੀ ਕਰਦੇ ਰਹਿੰਦੇ ਹਨ।’’ ‘ਆਪ’ ਆਗੂ ਨੇ ਦਾਅਵਾ ਕੀਤਾ ਕਿ ਭਾਜਪਾ ਦਿੱਲੀ ਵਿੱਚ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਹੀਂ ਸਗੋਂ ਪਾਣੀ ਦੇ ਸੰਕਟ ਨੂੰ ਵਧਾਉਣ ਲਈ ਕੰਮ ਕਰ ਰਹੀ ਹੈ।

Advertisement

ਸੰਜੈ ਸਿੰਘ

ਉਨ੍ਹਾਂ ਕਿਹਾ, ‘‘ਇਹ ਸੰਕਟ ਭਾਜਪਾ ਦੇ ਉਪ ਰਾਜਪਾਲ, ਹਰਿਆਣਾ ਸਰਕਾਰ ਅਤੇ ਵੱਲੋਂ ਪੈਦਾ ਕੀਤਾ ਗਿਆ ਹੈ। ਜੇ ਦਿੱਲੀ ਨੂੰ ਆਪਣੇ ਹਿੱਸੇ ਦਾ ਪਾਣੀ ਮਿਲਣਾ ਸ਼ੁਰੂ ਹੋ ਜਾਵੇ ਤਾਂ ਪਾਣੀ ਦੀ ਸਮੱਸਿਆ ਘੱਟ ਸਕਦੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਭਾਜਪਾ ਦਿੱਲੀ ਦੇ ਲੋਕਾਂ ਲਈ ਜਵਾਬਦੇਹ ਹੈ।’’ ਜ਼ਿਕਰਯੋਗ ਹੈ ਕਿ ਕੌਮੀ ਰਾਜਧਾਨੀ ਦੇ ਕਈ ਹਿੱਸਿਆਂ ’ਚ ਪਾਣੀ ਦੀ ਕਮੀ ਹੈ। ਪਾਣੀ ਦੀ ਸਪਲਾਈ ਘੱਟ ਜਾਂ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ ਅਤੇ ਪਾਣੀ ਦੇ ਪ੍ਰਾਈਵੇਟ ਟੈਂਕਰਾਂ ਤੋਂ ਪਾਣੀ ਲੈ ਰਹੇ ਹਨ।

Advertisement

ਆਤਿਸ਼ੀ ਵੱਲੋਂ ਵਜ਼ੀਰਾਬਾਦ ਬੈਰਾਜ ਦਾ ਦੌਰਾ

ਨਵੀਂ ਦਿੱਲੀ: ਦਿੱਲੀ ਦੇ ਜਲ ਮੰਤਰੀ ਆਤਿਸ਼ੀ ਨੇ ਅੱਜ ਵਜ਼ੀਰਾਬਾਦ ਬੈਰਾਜ ਦਾ ਦੌਰਾ ਕੀਤਾ ਅਤੇ ਹਰਿਆਣਾ ਸਰਕਾਰ ਨੂੰ ਯਮੁਨਾ ਵਿੱਚ ਪਾਣੀ ਛੱਡਣ ਦੀ ਅਪੀਲ ਕੀਤੀ। ਆਤਿਸ਼ੀ ਨੇ ਕਿਹਾ ਕਿ ਵਜ਼ੀਰਾਬਾਦ ਬੈਰਾਜ ਨੂੰ ਹਰਿਆਣਾ ਤੋਂ ਪਾਣੀ ਮਿਲਦਾ ਹੈ, ਜੋ ਚੰਦਰਵਾਲ, ਓਖਲਾ ਅਤੇ ਵਜ਼ੀਰਾਬਾਦ ਦੇ ਵਾਟਰ ਟ੍ਰੀਟਮੈਂਟ ਪਲਾਂਟਾਂ ਨੂੰ ਜਾਂਦਾ ਹੈ। ਹਰਿਆਣਾ ਸਰਕਾਰ ਵੱਲੋਂ ਯਮੁਨਾ ਵਿੱਚ ਪਾਣੀ ਨਾ ਛੱਡੇ ਜਾਣ ਕਾਰਨ ਪਾਣੀ ਦਾ ਪੱਧਰ 674.5 ਫੁੱਟ ਤੋਂ 668 ਫੁੱਟ ਪਹੁੰਚ ਗਿਆ ਹੈ। ਇਸ ਨਾਲ ਵਾਟਰ ਟ੍ਰੀਟਮੈਂਟ ਪਲਾਂਟ ਵਿੱਚ ਪਾਣੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਜੇ ਪਾਣੀ ਨਹੀਂ ਮਿਲੇਗਾ ਤਾਂ ਵਾਟਰ ਟਰੀਟਮੈਂਟ ਪਲਾਂਟ ਕਿਵੇਂ ਕੰਮ ਕਰਨਗੇ। ਉਨ੍ਹਾਂ ਕਿਹਾ , ‘‘ਮੈਂ ਹਰਿਆਣਾ ਸਰਕਾਰ ਨੂੰ ਮੁੜ ਅਪੀਲ ਕਰਦੀ ਹਾਂ ਕਿ ਉਹ ਯਮੁਨਾ ਨਦੀ ਵਿੱਚ ਬਣਦਾ ਪਾਣੀ ਛੱਡਣ। ਦਿੱਲੀ ਦੇ ਲੋਕ ਪਹਿਲਾਂ ਹੀ ਬਹੁਤ ਪ੍ਰੇਸ਼ਾਨ ਹਨ।’’ ਉਨ੍ਹਾਂ ਕਿਾਹ ਕਿ ਵਜ਼ੀਰਾਬਾਦ ਬੈਰਾਜ ਵਿੱਚ ਪਾਣੀ ਘੱਟ ਹੋਣ ਕਾਰਨ ਇੱਥੇ ਮੌਜੂਦ ਵਾਟਰ ਟ੍ਰੀਟਮੈਂਟ ਪਲਾਂਟ, ਜਿਸ ਵਿੱਚ 134 ਐੱਮਜੀਡੀ ਤੱਕ ਪਾਣੀ ਸਾਫ ਹੋ ਸਕਦਾ ਹੈ, ਉਥੇ ਸਿਰਫ 86 ਐੱਮਜੇਡੀ ਪਾਣੀ ਸਾਫ ਹੋ ਰਿਹਾ ਹੈ। ਪਾਣੀ ਨਾ ਮਿਲਣ ਕਾਰਨ ਪਲਾਂਟ ਵਿੱਚ ਕਈ ਫਿਲਟਰ ਬੰਦ ਪਏ ਹਨ। ਜੇ ਹਰਿਆਣਾ ਸਰਕਾਰ ਨੇ ਪਾਣੀ ਨਾ ਛੱਡਿਆ ਤਾਂ ਸਮੱਸਿਆ ਹੋਰ ਵਧੇਗੀ। ਉਧਰ ਆਤਿਸ਼ੀ ਵੱਲੋਂ ਸ਼ਹਿਰ ਦੇ ਪੁਲੀਸ ਕਮਿਸ਼ਨਰ ਸੰਜੈ ਅਰੋੜਾ ਨੂੰ ਪੱਤਰ ਲਿਖ ਕੇ ਪਾਣੀ ਦੀਆਂ ਪਾਈਪਲਾਈਨਾਂ ਨੇੜੇ ਗਸ਼ਤ ਵਧਾਉਣ ਦੀ ਕੀਤੀ ਗਈ ਬੇਨਤੀ ਮਗਰੋਂ ਅੱਜ ਦਿੱਲੀ ਪੁਲੀਸ ਅਧਿਕਾਰੀਆਂ ਨੇ ਦੱਖਣ-ਪੂਰਬੀ ਦਿੱਲੀ ਦੇ ਹਜ਼ਰਤ ਨਿਜ਼ਾਮੂਦੀਨ ਖੇਤਰ ਵਿੱਚ ਦਿੱਲੀ ਜਲ ਬੋਰਡ ਪਾਈਪਲਾਈਨਾਂ ਦਾ ਨਿਰੀਖਣ ਕੀਤਾ। -ਪੀਟੀਆਈ

Advertisement
Author Image

Advertisement