ਬਜਟ ’ਚ ਭਾਜਪਾ ਨੇ ਪੰਜਾਬ ਨੂੰ ਸੁੱਕਾ ਰੱਖ ਕੇ ਧ੍ਰੋਹ ਕਮਾਇਆ: ਜੀਦਾ
ਸ਼ਗਨ ਕਟਾਰੀਆ
ਬਠਿੰਡਾ, 1 ਫਰਵਰੀ
ਸ਼ੂਗਰਫ਼ੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ ਵਿੱਚ ਭਾਜਪਾ ਨੇ ਪੰਜਾਬ ਰਾਜ ਨੂੰ ਹਾਸ਼ੀਏ ’ਤੇ ਰੱਖ ਕੇ ਖੁਦ ਨੂੰ ਇੱਕ ਵਾਰ ਫਿਰ ਪੰਜਾਬ ਵਿਰੋਧੀ ਹੋਣ ਦਾ ਪ੍ਰਮਾਣ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਬਜਟ ਵਿਚ ਜਿੱਥੇ ਹੋਰ ਸੂਬਿਆਂ ਲਈ ਵੱਡੇ ਐਲਾਨ ਕਰਦਿਆਂ ਖਾਸ ਤੋਹਫ਼ੇ ਦਿੱਤੇ ਗਏ, ਉੱਥੇ ਆਰਥਿਕਤਾ ਦੀ ਲੜਾਈ ਲੜਦਿਆਂ ਸ਼ਹਾਦਤਾਂ ਪਾਉਣ ਵਾਲੇ ਪੰਜਾਬੀਆਂ ਦੇ ਕਿਸੇ ਵੀ ਵਰਗ ਲਈ ਕੇਂਦਰ ਸਰਕਾਰ ਨੇ ਕੱਖ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਪੰਜਾਬੀਆਂ ਨੂੰ ਨਫ਼ਰਤ ਕਰਦੀ ਹੈ ਅਤੇ ਪੰਜਾਬ ਨੂੰ ਹਰ ਪੱਖੋਂ ਖੋਰਾ ਲਾ ਕੇ, ਖ਼ਤਮ ਕਰਨਾ ਚਾਹੁੰਦੀ ਹੈ।
ਚੇਅਰਮੈਨ ਜੀਦਾ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਨਾਲ ਦਗਾ ਕਮਾ ਕੇ ਕਾਰਪੋਰੇਟ ਘਰਾਣਿਆਂ ਨੂੰ ਸਿੱਧੇ ਅਸਿੱਧੇ ਤੌਰ ’ਤੇ ਫਾਇਦੇ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਭਾਜਪਾ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗੀ ਅਤੇ ਸਮਾਂ ਆਉਣ ’ਤੇ ਸਾਬਕ ਜ਼ਰੂਰ ਸਿਖਾਵੇਗੀ।
‘ਆਪ’ ਪੰਜਾਬ ਦੇ ਮੁੱਖ ਬੁਲਾਰੇ ਨੀਲ ਗਰਗ ਨੇ ਆਪਣੇ ਐਕਸ ਹੈਂਡਲ ’ਤੇ ਲਿਖ਼ਿਆ ਹੈ ‘ਬਜਟ ’ਚ ਬਿਹਾਰ, ਬਿਹਾਰ ਅਤੇ ਸਿਰਫ ਬਿਹਾਰ। ਲੱਗਦਾ ਹੈ ਚੋਣਾਂ ਦਾ ਮੌਸਮ ਆ ਗਿਆ ਹੈ, ਤਾਂ ਹੀ ਅਚਾਨਕ ਬਿਹਾਰ ਲਈ ਸੌਗਾਤਾਂ ਦੀ ਵਰਖਾ ਹੋ ਰਹੀ ਹੈ। ਪਰ ਸਵਾਲ ਇਹ ਹੈ, ਬਾਕੀ ਰਾਜਾਂ ਦਾ ਕੀ ਹੈ? ਕੀ ਵਿਕਾਸ ਸਿਰਫ ਚੋਣ ਹਿਤਾਂ ਦੇ ਹਿਸਾਬ ਨਾਲ ਹੋਵੇਗਾ? ਪੰਜਾਬ ਦੇ ਕਿਸਾਨ ਦਾ ਜ਼ਿਕਰ ਕਿੱਥੇ ਹੈ? ਪੰਜਾਬ ਦੇ ਉਦਯੋਗਪਤੀਆਂ ਦਾ ਭਵਿੱਖ ਕਿੱਥੇ ਹੈ?’