ਭਾਜਪਾ ਨੇ ਸਮਾਰਟ ਸਿਟੀ ਦੇ ਨਾਂ ’ਤੇ ਲੋਕਾਂ ਨਾਲ ਧੋਖਾ ਕੀਤਾ: ਵਿਜੈ ਪ੍ਰਤਾਪ
ਕੁਲਵਿੰਦਰ ਕੌਰ
ਫਰੀਦਾਬਾਦ, 23 ਸਤੰਬਰ
ਬੜਖਲ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵਿਜੈ ਪ੍ਰਤਾਪ ਸਿੰਘ ਨੇ ਦੋਸ਼ ਲਾਇਆ ਗਿਆ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਫਰੀਦਾਬਾਦ ਨੂੰ ਸਮਾਰਟ ਸਿਟੀ ਦੀ ਕੇਂਦਰੀ ਯੋਜਨਾ ਦਾ ਹਿੱਸਾ ਬਣਾਇਆ ਸੀ ਪਰ ਹਰਿਆਣਾ ਸਰਕਾਰ ਨੇ ਸਮਾਰਟ ਸਿਟੀ ਦੇ ਨਾਂ ’ਤੇ ਸ਼ਹਿਰ ਵਾਸੀਆਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਅੱਜ ਆਪਣੇ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਇਲਾਕਿਆਂ ਅੰਦਰ ਨੁੱਕੜ ਸਭਾਵਾਂ ਨੂੰ ਸੰਬੋਧਨ ਕੀਤਾ ਤੇ ਵਿਰੋਧੀ ਧਿਰ ਨੂੰ ਰਗੜੇ ਲਾਏ। ਉਨ੍ਹਾਂ ਕਿਹਾ ਕਿ ਕਦੇ ਭਜਨ ਲਾਲ ਦੀ ਸਰਕਾਰ ਵੇਲੇ ਇਸ ਸ਼ਹਿਰ ਦੀਆਂ ਝੁੱਗੀਆਂ ਦੇ ਇਲਾਕੇ ਦੇ ਵਿਕਾਸ ਲਈ ਫੰਡ ਕਾਇਮ ਕੀਤੇ ਗਏ ਸਨ ਪਰ ਹੁਣ ਸੈਕਟਰਾਂ ਦੇ ਇਲਾਕੇ ਤੇ ਕਲੋਨੀਆਂ ਹੀ ਮਾੜੀ ਹਾਲਤ ਵਿੱਚ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਨੇ ‘ਪ੍ਰਾਪਰਟੀ ਆਈਡੀ’ ਦੇ ਨਾਂ ’ਤੇ ਨਿਗਮ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਕਰਨ ਦਾ ਮੌਕਾ ਦਿੱਤਾ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲੋਕ ਨਿਗਮ ਦਫ਼ਤਰਾਂ ਵਿੱਚ ਚੱਕਰ ਲਾਉਣ ਕਾਰਨ ਬਹੁਤ ਖੁਆਰ ਹੋਏ। ਉਨ੍ਹਾਂ ਭਾਜਪਾ ਨੂੰ ਚੁਣੌਤੀ ਦਿੱਤੀ ਕਿ ਉਹ ਵਿਧਾਨ ਸਭਾ ਚੋਣਾਂ ਪ੍ਰਾਪਰਟੀ ਆਈਡੀ ਅਤੇ ਰਜਿਸਟਰੀ ਆਨਲਾਈਨ ਕਰਨ ਦੀ ਦਿੱਤੀ ਸਹੂਲਤ ਦੇ ਨਾਂ ’ਤੇ ਲੜਨ ਦੀ ਹਿੰਮਤ ਕਰਕੇ ਦਿਖਾਏ।
ਉਮੀਦਵਾਰ ਦੀ ਪਤਨੀ ਨੇ ਪਤੀ ਲਈ ਮੰਗੀਆਂ ਵੋਟਾਂ
ਇਸ ਦੌਰਾਨ ਕਾਂਗਰਸੀ ਉਮੀਦਵਾਰ ਵਿਜੈ ਪ੍ਰਤਾਪ ਸਿੰਘ ਦੀ ਪਤਨੀ ਵੈਨੁਕਾ ਪ੍ਰਤਾਪ ਖੁੱਲਰ ਵੱਲੋਂ ਐੱਨਆਈਟੀ ਫਰੀਦਾਬਾਦ ਦੇ ਨੰਬਰ 1, 2, 3 ਅਤੇ 5 ਨੰਬਰ ਦੇ ਵੱਖ-ਵੱਖ ਬਲਾਕਾਂ ਦੀਆਂ ਔਰਤਾਂ ਨਾਲ ਮੁਲਾਕਾਤਾਂ ਕੀਤੀਆਂ ਗਈਆਂ ਅਤੇ ਕਾਂਗਰਸ ਪਾਰਟੀ ਅਤੇ ਆਪਣੀ ਪਤੀ ਲਈ ਵੋਟਾਂ ਮੰਗੀਆਂ।