ਭਾਜਪਾ ਦੀ ਕੇਂਦਰ ਸਰਕਾਰ ਸਿੱਖਾਂ ਦੀ ਹਿਤੈਸ਼ੀ: ਅਨੁਰਾਗ ਠਾਕੁਰ
ਰਵਿੰਦਰ ਰਵੀ
ਧਨੌਲਾ, 12 ਨਵੰਬਰ
ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਵੱਲੋਂ ਬਰਨਾਲਾ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਕਸਬਾ ਧਨੌਲਾ ਦੇ ਬਾਜ਼ਾਰਾਂ ਤੇ ਘਰ-ਘਰ ਜਾ ਕੇ ਪ੍ਰਚਾਰ ਕੀਤਾ। ਅਨੁਰਾਗ ਠਾਕੁਰ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਕਾਂਗਰਸ ਪਾਰਟੀ ਆਪਸ ਵਿੱਚ ਰਲੀਆਂ ਮਿਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ’ਚ ਰੋਜ਼ਾਨਾ ਵਪਾਰੀਆਂ ਤੋਂ ਗੈਂਗਸਟਰ ਫ਼ਿਰੌਤੀਆਂ ਮੰਗ ਰਹੇ ਹਨ। ਰੋਜ਼ਾਨਾ ਕਤਲ ਅਤੇ ਲੁੱਟਾਂ-ਖੋਹਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਨੇ ਆਯੂਸ਼ਮਾਨ ਯੋਜਨਾ ਅਤੇ ਰਾਸ਼ਨ ਯੋਜਨਾ ਤਹਿਤ ਮੁਫ਼ਤ ਸਿਹਤ ਅਤ ਅਨਾਜ ਦੀ ਸਹੂਲਤ ਦਿੱਤੀ ਪਰ ਪੰਜਾਬ ਸਰਕਾਰ ਨੇ ਦੋਵੇਂ ਸੇਵਾਵਾਂ ਬੰਦ ਕਰਕੇ ਗਰੀਬ ਲੋਕਾਂ ਦੇ ਇਹ ਹੱਕ ਵੀ ਖੋਹ ਲਏ। ਅਨੁਰਾਗ ਠਾਕੁਰ ਨੇ ਕਿਹਾ ਕਿ ਆਪ ਸਰਕਾਰ ਦੇ ਰਾਜ ਵਿੱਚ ਪੰਜਾਬ ਵਿੱਚ ਨਸ਼ਾ ਕਈ ਗੁਣਾ ਵਧ ਗਿਆ ਹੈ। ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਲਿਆਂ ਨੇ ਸ਼ਰਾਬ ਦੀ ਦਲਾਲੀ ’ਚ ਮੂੰਹ ਕਾਲਾ ਕਰਵਾਇਆ। ਦਿੱਲੀ ਦੇ ਉਪ ਮੁੱਖ ਮੰਤਰੀ ਤੇ ਮੁੱਖ ਮੰਤਰੀ ਜੇਲ੍ਹ ਕੱਟ ਕੇ ਜ਼ਮਾਨਤ ’ਤੇ ਬਾਹਰ ਆਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ 1984 ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਪਰ ਭਾਜਪਾ ਦੀ ਸਰਕਾਰ ਨੇ ਇਸ ਲਈ ਸਪੈਸ਼ਲ ਐਸਆਈਟੀ ਬਣਾ ਕੇ ਸਿੱਖ ਕਤਲੇਆਮ ਦੇ ਦੋਸ਼ੀਆਂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗਿਆਂ ਨੂੰ ਸਜ਼ਾਵਾਂ ਦਵਾਉਣ ਦੇ ਪ੍ਰਬੰਧ ਕੀਤੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਨੇ ਸਿੱਖਾਂ ਦੀ ਹਿਤੈਸ਼ੀ ਸਰਕਾਰ ਹੈ ਜਿਸਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਵਾਇਆ ਗੁਰੂ ਗੋਬਿੰਦ ਸਿੰਘ ਦਾ 350 ਸਾਲਾ ਅਤੇ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਮਨਾਏ।