ਭਾਜਪਾ ਉਮੀਦਵਾਰ ਹਾਰ ਦੇਖ ਕੇ ਵੋਟਰਾਂ ਨੂੰ ਧਮਕੀਆਂ ਦੇਣ ਲੱਗੇ: ਅਰੋੜਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 22 ਸਤੰਬਰ
ਕਾਂਗਰਸੀ ਉਮੀਦਵਾਰ ਅਸ਼ੋਕ ਅਰੋੜਾ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਭਾਜਪਾ ਉਮੀਦਵਾਰ ਆਪਣੀ ਹਾਰ ਨੂੰ ਦੇਖਦੇ ਹੋਏ ਪ੍ਰੇਸ਼ਾਨ ਹਨ ਤੇ ਵੋਟਰਾਂ ’ਤੇ ਦਬਾਅ ਬਣਾਉਣ ਲਈ ਧਮਕੀਆਂ ਦੇ ਰਹੇ ਹਨ। ਧਮਕੀਆਂ ਦੇ ਮਾਮਲੇ ਵਿੱਚ ਜ਼ਿਲ੍ਹਾ ਪੁਲੀਸ ਕਪਤਾਨ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ। ਅਰੋੜਾ ਨੇ ਕਿਹਾ ਕਿ ਹਲਕੇ ਦੇ ਵੋਟਰ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਉਹ ਧਮਕੀਆਂ ਦੇਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਥਾਨੇਸਰ ਹਲਕੇ ਦੇ ਲੋਕਾਂ ਨੇ ਕਾਂਗਰਸ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਮਨ ਬਣਾ ਲਿਆ ਹੈ। ਅਰੋੜਾ ਨੇ ਅੱਜ ਅੰਬੇਡਕਰ ਚੌਕ, ਰੋਟਰੀ ਚੌਕ, ਗਊਸ਼ਾਲਾ ਬਾਜ਼ਾਰ, ਕ੍ਰਿਸ਼ਨਾ ਨਗਰ, ਕਰਨ ਕਲੋਨੀ, ਐੱਨਆਈਟੀ ਕੈਂਪਸ, ਲੋਟਸ ਗਰੀਨ ਸਿਟੀ ਆਦਿ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਅਰੋੜਾ ਨੇ ਕਿਹਾ ਕਿ ਭਾਜਪਾ ਉਮੀਦਵਾਰ ਥਾਨੇਸਰ ਵਿਚ 5 ਹਜਾਰ ਕਰੋੜ ਰੁਪਏ ਦੇ ਵਿਕਾਸ ਕਰਨ ਦਾ ਦਾਅਵਾ ਕਰ ਰਹੇ ਹਨ ਪਰ ਹਕੀਕਤ ਇਸ ਦੇ ਉਲਟ ਹੈ। ਸ਼ਹਿਰ ਦੀ ਸੀਵਰੇਜ ਸਿਸਟਮ ਬੰਦ ਪਿਆ ਹੈ, ਨਾਲਿਆਂ ਦੀ ਸਫਾਈ ਦੇ ਨਾਂ ’ਤੇ ਕਰੋੜਾਂ ਰੁਪਏ ਬਰਬਾਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਸ ਸ਼ਹਿਰ ਨੂੰ ਪਿੰਕ ਸਿਟੀ ਹੋਣ ਦਾ ਦਾਅਵਾ ਕੀਤਾ ਜਾਂਦਾ ਸੀ ਅੱਜ ਉਹ ਸ਼ਹਿਰ ਅਵਾਰਾ ਪਸ਼ੂਆਂ ਤੇ ਕੁੱਤਿਆਂ ਦਾ ਸ਼ਹਿਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਿਚ ਭ੍ਰਿਸ਼ਟਾਚਾਰ ਸਿਖਰਾਂ ’ਤੇ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਆ ਰਹੀ ਹੈ ਭਾਜਪਾ ਜਾ ਰਹੀ ਹੈ।
ਸੰਮੇਲਨ ਦੌਰਾਨ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ
ਨਰਾਇਣਗੜ੍ਹ (ਪੱਤਰ ਪ੍ਰੇਰਕ): ਨਰਾਇਣਗੜ੍ਹ ਦੇ ਮਿਲਨ ਪੈਲਸ ਵਿੱਚ ਅਨੁਸੂਚਿਤ ਜਾਤੀ ਵਰਕਰ ਸੰਮੇਲਨ ਕਰਵਾਇਆ ਗਿਆ। ਇਸ ਵਿੱਚ ਕਾਂਗਰਸ ਉਮੀਦਵਾਰ ਸ਼ੈਲੀ ਚੌਧਰੀ ਅਤੇ ਕਾਰਜਕਾਰੀ ਪ੍ਰਧਾਨ ਰਾਮ ਕਿਸ਼ਨ ਗੁੱਜਰ ਨੇ ਸ਼ਮੂਲੀਅਤ ਕੀਤੀ । ਪ੍ਰੋਗਰਾਮ ਵਿੱਚ ਪਹੁੰਚਣ ’ਤੇ ਸ਼ੈਲੀ ਚੌਧਰੀ ਅਤੇ ਰਾਮ ਕਿਸ਼ਨ ਗੁੱਜਰ ਦਾ ਸਵਾਗਤ ਕੀਤਾ ਗਿਆ ਅਤੇ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਭੇਟ ਕੀਤੀ ਗਈ। ਸਮਾਗਮ ਵਿੱਚ ਹਾਜ਼ਰ ਅਨੁਸੂਚਿਤ ਜਾਤੀ ਦੇ ਲੋਕਾਂ ਨੇ ਕਾਂਗਰਸ ਨੂੰ ਸਮਰਥਨ ਦਿੱਤਾ। ਸ਼ੈਲੀ ਚੌਧਰੀ ਅਤੇ ਰਾਮ ਕਿਸ਼ਨ ਗੁੱਜਰ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ’ਤੇ ਸਾਰੇ ਹੀ ਅਨੁਸੂਚਿਤ ਵਰਗ ਦੇ ਲੋਕਾਂ ਨੂੰ ਉੱਚਾ ਚੁੱਕਣ ਲਈ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਆਮ ਲੋਕਾਂ ਦਾ ਭਲਾ ਕਰ ਸਕਦੀ ਹੈ ਜਿਸ ਵਿੱਚ ਸਭ ਦੇ ਹਿੱਤ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਨਰਾਇਣਗੜ੍ਹ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਪਾਰਟੀ ਨੂੰ ਸਾਰੇ ਭਾਈਚਾਰਿਆਂ ਦਾ ਸਮਰਥਨ ਮਿਲ ਰਿਹਾ ਹੈ ਅਤੇ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਾਉਣ ਦੀ ਖ਼ਬਰ ਨਾਲ ਭਾਜਪਾ ਨੂੰ ਝਟਕਾ ਲੱਗਾ ਹੈ। ਉਨ੍ਹਾਂ ਅਨੁਸੂਚਿਤ ਜਾਤੀ ਭਾਈਚਾਰੇ ਵੱਲੋਂ ਕਾਂਗਰਸ ਪਾਰਟੀ ਨੂੰ ਸਮਰਥਨ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।