For the best experience, open
https://m.punjabitribuneonline.com
on your mobile browser.
Advertisement

ਭਾਜਪਾ ਨੇ ਬ੍ਰਿਜਭੂਸ਼ਨ ਦੇ ਪੁੱਤਰ ਨੂੰ ਕੈਸਰਗੰਜ ਤੋਂ ਉਮੀਦਵਾਰ ਐਲਾਨਿਆ

07:00 AM May 03, 2024 IST
ਭਾਜਪਾ ਨੇ ਬ੍ਰਿਜਭੂਸ਼ਨ ਦੇ ਪੁੱਤਰ ਨੂੰ ਕੈਸਰਗੰਜ ਤੋਂ ਉਮੀਦਵਾਰ ਐਲਾਨਿਆ
Advertisement

ਨਵੀਂ ਦਿੱਲੀ: ਭਾਜਪਾ ਨੇ ਉੱਤਰ ਪ੍ਰਦੇਸ਼ ਦੀ ਕੈਸਰਗੰਜ ਸੀਟ ਤੋਂ ਕਰਣ ਭੂਸ਼ਨ ਸਿੰਘ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਕਰਣ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਤੇ ਕੈਸਰਗੰਜ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਣ ਸਿੰਘ ਦਾ ਪੁੱਤਰ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਕੈਸਰਗੰਜ ਸੀਟ ਤੋਂ ਉਮੀਦਵਾਰ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ। ਭਾਜਪਾ ਨੇ ਬ੍ਰਿਜਭੂਸ਼ਨ ਦੀ ਥਾਂ ਉਨ੍ਹਾਂ ਦੇ ਪੁੱਤਰ ਨੂੰ ਟਿਕਟ ਦੇ ਕੇ ਇਨ੍ਹਾਂ ਕਿਆਸਾਂ ਦਾ ਭੋਗ ਪਾ ਦਿੱਤਾ ਹੈ। ਬ੍ਰਿਜਭੂਸ਼ਨ ਮਹਿਲਾ ਪਹਿਲਵਾਨਾਂ ਨੂੰ ਜਿਨਸੀ ਤੰਗ ਪ੍ਰੇਸ਼ਾਨ ਕਰਨ ਦੇ ਫੌਜਦਾਰੀ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਪਾਰਟੀ ਨੇ ਗਾਂਧੀ ਪਰਿਵਾਰ ਦਾ ਗੜ੍ਹ ਮੰਨੀ ਜਾਂਦੀ ਰਾਏ ਬਰੇਲੀ ਸੀਟ ਤੋਂ ਦਿਨੇਸ਼ ਪ੍ਰਤਾਪ ਸਿੰਘ ਨੂੰ ਚੋਣ ਪਿੜ ਵਿਚ ਉਤਾਰਨ ਦਾ ਫੈਸਲਾ ਕੀਤਾ ਹੈ। ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਲਗਾਤਾਰ ਪੰਜ ਵਾਰ ਇਸ ਸੰਸਦੀ ਸੀਟ ਤੋਂ ਚੋਣ ਜਿੱਤੇ ਹਨ। ਸੋਨੀਆ ਗਾਂਧੀ ਹੁਣ ਰਾਜ ਸਭਾ ਤੋਂ ਸੰਸਦ ਮੈਂਬਰ ਹਨ ਤੇ ਕਾਂਗਰਸ ਨੇ ਅਜੇ ਤੱਕ ਇਸ ਸੀਟ ਤੋਂ ਉਮੀਦਵਾਰ ਨਹੀਂ ਐਲਾਨਿਆ।

Advertisement

ਭਾਜਪਾ ਵੱਲੋਂ ਉਮੀਦਵਾਰ ਐਲਾਨੇ ਜਾਣ ਮਗਰੋਂ ਕਰਨ ਭੂਸ਼ਨ ਸਿੰਘ ਦਾ ਅਯੁੱਧਿਆ ਦੇ ਹਨੂਮਾਨਗੜ੍ਹੀ ’ਚ ਸਵਾਗਤ ਕਰਦੇ ਹੋਏ ਉਨ੍ਹਾਂ ਦੇ ਹਮਾਇਤੀ। -ਫੋਟੋ: ਪੀਟੀਆਈ

ਤ੍ਰਿਣਮੂਲ ਕਾਂਗਰਸ ਨੇ ਬ੍ਰਿਜਭੂਸ਼ਨ ਦੀ ਥਾਂ ਉਸ ਦੇ ਪੁੱਤਰ ਨੂੰ ਟਿਕਟ ਦਿੱਤੇ ਜਾਣ ਨੂੰ ‘ਸ਼ਰਮਨਾਕ’ ਕਰਾਰ ਦਿੱਤਾ ਹੈ। ਪਾਰਟੀ ਦੀ ਰਾਜ ਸਭਾ ਮੈਂਬਰ ਸਾਗਰਿਕਾ ਘੋਸ਼ ਨੇ ਕਿਹਾ ਕਿ ਸਾਫ਼ ਹੈ ਕਿ ਭਾਜਪਾ ਬ੍ਰਿਜਭੂਸ਼ਨ ਸਿੰਘ ਵੱਲੋਂ ਕੀਤੇ ‘ਜਿਨਸੀ ਦੁਰਾਚਾਰ’ ਦੀ ਨਿਖੇਧੀ ਕਰਨ ਲਈ ਵੀ ਤਿਆਰ ਨਹੀਂ ਹੈ। ਭਾਜਪਾ ਨੇ ਬ੍ਰਿਜਭੂਸ਼ਨ ਨੂੰ ਭਾਵੇਂ ਟਿਕਟ ਨਹੀਂ ਦਿੱਤੀ, ਪਰ ਸੀਟ ਪਰਿਵਾਰ ਦੇ ਕਿਸੇ ਜੀਅ ਕੋਲ ਰਹਿਣ ਤੋਂ ਇਕ ਗੱਲ ਸਾਫ਼ ਹੈ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਸਾਬਕਾ ਪ੍ਰਧਾਨ ਤੇ ਛੇ ਵਾਰ ਸੰਸਦ ਮੈਂਬਰ ਰਿਹਾ ਆਗੂ ਅਜੇ ਵੀ ਖਿੱਤੇ ਤੇ ਪਾਰਟੀ ਵਿਚ ਅਸਰ-ਰਸੂਖ ਰੱਖਦਾ ਹੈ। ਮਹਿਲਾ ਪਹਿਲਵਾਨਾਂ ਵੱਲੋਂ ਲਾਏ ਦੋਸ਼ਾਂ ਮਗਰੋਂ ਬ੍ਰਿਜਭੂਸ਼ਨ ਨੂੰ ਕੁਸ਼ਤੀ ਫੈਡਰੇਸ਼ਨ ਦੀ ਪ੍ਰਧਾਨਗੀ ਤੋਂ ਲਾਂਭੇ ਹੋਣਾ ਪਿਆ ਸੀ। ਦਿੱਲੀ ਪੁਲੀਸ ਇਸ ਮਾਮਲੇ ਵਿਚ ਸਿੰਘ ਖਿਲਾਫ਼ ਕੋਰਟ ਵਿਚ ਦੋਸ਼ ਪੱਤਰ ਦਾਖਲ ਕਰ ਚੁੱਕੀ ਹੈ। ਬ੍ਰਿਜਭੂਸ਼ਨ ਯੂਪੀ ਦੇ ਗੌਂਡਾ ਤੇ ਨੇੜਲੇ ਜ਼ਿਲ੍ਹਿਆਂ ਵਿਚ ਕਈ ਸਿੱਖਿਆ ਸੰਸਥਾਵਾਂ ਚਲਾਉਂਦਾ ਹੈ ਤੇ ਇਥੇ ਉਸ ਦੇ ਸਮਰਥਕਾਂ ਦਾ ਇਕ ਵੱਡਾ ਆਧਾਰ ਹੈ, ਜੋ ਉਸ ਨੂੰ ਸਿਆਸੀ ਤੌਰ ’ਤੇ ਮਜ਼ਬੂਤ ਰੱਖਦਾ ਹੈ। ਉਧਰ ਯੂਪੀ ਸਰਕਾਰ ’ਚ ਮੰਤਰੀ ਦਿਨੇਸ਼ ਪ੍ਰਤਾਪ ਸਿੰਘ ਨੇ ਪੰਜ ਸਾਲ ਪਹਿਲਾਂ (2019 ’ਚ) ਵੀ ਰਾਏ ਬਰੇਲੀ ਸੰਸਦੀ ਸੀਟ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜੀ ਸੀ। ਇਨ੍ਹਾਂ ਦੋਵਾਂ ਸੀਟਾਂ ’ਤੇ 20 ਮਈ ਨੂੰ ਪੰਜਵੇਂ ਗੇੜ ਤਹਿਤ ਵੋਟਾਂ ਪੈਣੀਆਂ ਹਨ। ਇਸ ਗੇੜ ਲਈ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ 3 ਮਈ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×