ਭਾਜਪਾ ਨੇ ਬਿੱਟੂ ਨੂੰ ਰਾਜਸਥਾਨ ਤੋਂ ਉਮੀਦਵਾਰ ਐਲਾਨਿਆ
ਨਵੀਂ ਦਿੱਲੀ, 20 ਅਗਸਤ
ਭਾਜਪਾ ਨੇ ਆਗਾਮੀ 3 ਸਤੰਬਰ ਨੂੰ ਹੋਣ ਵਾਲੀਆਂ ਰਾਜ ਸਭਾ ਜ਼ਿਮਨੀ ਚੋਣਾਂ ਲਈ ਕੇਂਦਰੀ ਮੰਤਰੀਆਂ ਰਵਨੀਤ ਸਿੰਘ ਬਿੱਟੂ ਨੂੰ ਰਾਜਸਥਾਨ ਅਤੇ ਜੌਰਜ ਕੁਰੀਅਨ ਨੂੰ ਮੱਧ ਪ੍ਰਦੇਸ਼ ਤੋਂ ਉਮੀਦਵਾਰ ਐਲਾਨਿਆ ਹੈ। ਇਸ ਤੋਂ ਇਲਾਵਾ ਪਾਰਟੀ ਨੇ ਬੀਜੇਡੀ ਤੇ ਕਾਂਗਰਸ ਛੱਡ ਕੇ ਭਾਜਪਾ ’ਚ ਆਈਆਂ ਮਹਿਲਾ ਆਗੂ ਮਮਤਾ ਮੋਹੰਤਾ ਤੇ ਕਿਰਨ ਚੌਧਰੀ ਨੂੰ ਕ੍ਰਮਵਾਰ ਉੜੀਸਾ ਅਤੇ ਹਰਿਆਣਾ ਤੋਂ ਉਮੀਦਵਾਰ ਬਣਾਇਆ ਹੈ।
ਭਗਵਾ ਪਾਰਟੀ ਨੇ ਅੱਜ 9 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਜਿਸ ਮੁਤਾਬਕ ਮਨਨ ਕੁਮਾਰ ਮਿਸ਼ਰਾ ਬਿਹਾਰ ਤੋਂ ਜਦਕਿ ਧੈਰਯਾਸ਼ਿਲ ਪਾਟਿਲ ਮਹਾਰਾਸ਼ਟਰ ਅਤੇ ਰਾਜੀਵ ਭੱਟਾਚਾਰੀਆ ਤ੍ਰਿਪੁਰਾ ਤੋਂ ਜ਼ਿਮਨੀ ਚੋਣ ਲੜਨਗੇ। ਭੱਟਾਚਾਰੀਆ ਭਾਜਪਾ ਦੀ ਤ੍ਰਿਪੁਰਾ ਇਕਾਈ ਦੇ ਪ੍ਰਧਾਨ ਹਨ। ਭਾਜਪਾ ਨੇ ਐੱਮ. ਰੰਜਨ ਦਾਸ ਅਤੇ ਸਾਬਕਾ ਕੇਂਦਰੀ ਮੰਤਰੀ ਰਾਮੇਸ਼ਵਰ ਤੇਲੀ ਨੂੰ ਅਸਾਮ ਤੋਂ ਉਮੀਦਵਾਰ ਬਣਾਇਆ ਹੈ। ਦੱਸਣਯੋਗ ਹੈ ਕਿ ਨੌਂ ਸੂੁਬਿਆਂ ’ਚ ਖਾਲੀ 12 ਰਾਜ ਸਭਾ ਸੀਟਾਂ ਲਈ ਚੋਣਾਂ 3 ਸਤੰਬਰ ਨੂੰ ਹੋਣੀਆਂ ਹਨ। ਇਨ੍ਹਾਂ ਵਿੱਚੋਂ 10 ਸੀਟਾਂ ਮੌਜੂਦਾ ਮੈਂਬਰਾਂ, ਜਿਨ੍ਹਾਂ ਵਿੱਚ ਕੇਂਦਰੀ ਮੰਤਰੀ ਪਿਊਸ਼ ਗੋਇਲ, ਸਰਬਾਨੰਦ ਸੋਨੋਵਾਲ ਅਤੇ ਜਯੋਤਿਰਦਿੱਤਿਆ ਸਿੰਧੀਆ ਸ਼ਾਮਲ ਹਨ, ਦੇ ਲੋਕ ਸਭਾ ਲਈ ਚੁਣੇ ਮਗਰੋਂ ਖਾਲੀ ਹੋਈਆਂ ਹਨ। ਤਿੰਲਗਾਨਾ ਤੇ ਉੜੀਸਾ ’ਚ ਦੋ ਸੀਟਾਂ ’ਤੇ ਜ਼ਿਮਨੀ ਚੋਣ ਹੋਣੀ ਹੈ। ਲੁਧਿਆਣਾ ਤੋਂ ਲੋਕ ਸਭਾ ਚੋਣ ਹਾਰੇ ਰਵਨੀਤ ਸਿੰਘ ਬਿੱਟੂ ਨੇ ਭਾਜਪਾ ਵੱਲੋਂ ਉਨ੍ਹਾਂ ਨੂੰ ਰਾਜਸਥਾਨ ਰਾਜ ਸਭਾ ਉਮੀਦਵਾਰ ਬਣਾਉਣ ਲਈ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਹੈ। ਬਿੱਟੂ ਨੇ ਐਕਸ ’ਤੇ ਲਿਖਿਆ, ‘‘ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਪਾਰਟੀ ਪ੍ਰਧਾਨ ਜੇਪੀ ਨੱਢਾ ਤੇ ਹੋਰ ਲੀਡਰਸ਼ਿਪ ਦਾ ਧੰਨਵਾਦੀ ਹਾਂ, ਜਿਨ੍ਹਾਂ ਮੈਨੂੰ ਰਾਜਸਥਾਨ ਤੋਂ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ।’ -ਪੀਟੀਆਈ/ਪੱਤਰ ਪ੍ਰੇਰਕ
ਕਿਰਨ ਚੌਧਰੀ ਵੱਲੋਂ ਵਿਧਾਨ ਸਭਾ ਮੈਂਬਰੀ ਤੋਂ ਅਸਤੀਫ਼ਾ
ਹਰਿਆਣਾ ਦੇ ਵਿਧਾਨ ਸਭਾ ਹਲਕਾ ਤੋਸ਼ਾਮ ਤੋਂ ਵਿਧਾਇਕ ਕਿਰਨ ਚੌਧਰੀ ਨੇ ਅੱਜ ਹਰਿਆਣਾ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉੱਧਰ ਭਾਜਪਾ ਨੇ ਸੂਬੇ ਦੇ ਵਿਧਾਇਕ ਦਲ ਦੀ ਮੀਟਿੰਗ ’ਚ ਕਿਰਨ ਚੌਧਰੀ ਨੂੰ ਹਰਿਆਣਾ ਤੋਂ ਰਾਜ ਸਭਾ ਦੀ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨ ਦਿੱਤਾ ਹੈ। ਇਹ ਪ੍ਰਗਟਾਵਾ ਹਰਿਆਣਾ ਦੇ ਖੇਤੀਬਾੜੀ ਮੰਤਰੀ ਕੰਵਰਪਾਲ ਗੁੱਜਰ ਨੇ ਮੀਟਿੰਗ ਤੋਂ ਬਾਅਦ ਕੀਤਾ। ਉਨ੍ਹਾਂ ਕਿਹਾ ਕਿ ਕਿਰਨ ਚੌਧਰੀ ਵੱਲੋਂ 21 ਅਗਸਤ ਬੁੱਧਵਾਰ ਨੂੰ ਰਾਜ ਸਭਾ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ’ਚ ਕਾਂਗਰਸ ਵੱਲੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਕਿਰਨ ਚੌਧਰੀ ਨੇ ਜੂਨ 2024 ’ਚ ਆਪਣੀ ਧੀ ਸ਼ਰੁਤੀ ਸਣੇ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਸੀ ਅਤੇ ਉਦੋਂ ਤੋਂ ਹੀ ਉਨ੍ਹਾਂ ਨੂੰ ਰਾਜ ਸਭਾ ’ਚ ਭੇਜਣ ਦੇ ਕਿਆਫ਼ੇ ਲੱਗ ਰਹੇ ਸਨ। ਇਸੇ ਦੇ ਚੱਲਦਿਆਂ ਤੋਸ਼ਾਮ ਤੋਂ ਵਿਧਾਇਕ ਕਿਰਨ ਚੌਧਰੀ ਨੇ ਅੱਜ ਸਵੇਰੇ ਚੰਡੀਗੜ੍ਹ ਸਥਿਤ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ, ਜਿਨ੍ਹਾਂ ਨੇ ਚੌਧਰੀ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਦੱਸਣਯੋਗ ਹੈ ਕਿ ਹਰਿਆਣਾ ਦੇ ਰਾਜ ਸਭਾ ਮੈਂਬਰ ਤੇ ਕਾਂਗਰਸੀ ਆਗੂ ਦੀਪੇਂਦਰ ਹੁੱਡਾ ਨੇ ਲੋਕ ਸਭਾ ਚੋਣਾਂ ’ਚ ਜਿੱਤ ਮਗਰੋਂ ਰਾਜ ਸਭਾ ਮੈਂਬਰ ਵਜੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਕਾਰਨ ਸੂਬੇ ’ਚ ਰਾਜ ਸਭਾ ਮੈਂਬਰ ਦੀ ਸੀਟ ਖਾਲੀ ਹੈ। ਇਸ ਸੀਟ ਦਾ ਕਾਰਜਕਾਲ ਅਪਰੈਲ 2026 ਤੱਕ ਹੈ। ਬਕਾਇਆ ਕਾਰਜਕਾਲ ਦਾ ਸਮਾਂ ਇੱਕ ਸਾਲ ਤੋਂ ਵੱਧ ਪਿਆ ਹੋਣ ਕਰਕੇ ਚੋਣ ਕਮਿਸ਼ਨ ਨੇ ਇਸ ਸੀਟ ’ਤੇ ਜ਼ਿਮਨੀ ਚੋਣ ਕਰਵਾਉਣ ਦਾ ਫੈਸਲਾ ਕੀਤਾ ਹੈ। ਜ਼ਿਮਨੀ ਚੋਣ 3 ਸਤੰਬਰ ਨੂੰ ਹੋਣੀ ਹੈ। ਇਸ ਲਈ ਨਾਮਜ਼ਦਗੀਆਂ 21 ਅਗਸਤ ਤੱਕ ਦਾਖਲ ਹੋਣੀਆਂ ਹਨ।
ਕਾਂਗਰਸ ਨਹੀਂ ਉਤਾਰੇਗੀ ਉਮੀਦਵਾਰ
ਕਾਂਗਰਸ ਨੇ ਹਰਿਆਣਾ ਤੋਂ ਰਾਜ ਸਭਾ ਜ਼ਿਮਨੀ ਚੋਣ ’ਚ ਉਮੀਦਵਾਰ ਨਾ ਉਤਾਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਪਿੱਛੇ ਕਾਰਨ ਕਾਂਗਰਸ ਕੋਲ ਸੂਬੇ ’ਚ ਵਿਧਾਇਕਾਂ ਦੀ ਗਿਣਤੀ ਦਾ ਘੱਟ ਹੋਣਾ ਦੱਸਿਆ ਜਾ ਰਿਹਾ ਹੈ। ਅਜਿਹੇ ਦੌਰਾਨ ਇਸ ਸੀਟ ਤੋਂ ਭਾਜਪਾ ਉਮੀਦਵਾਰ ਕਿਰਨ ਚੌਧਰੀ ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਹੈ। ਦੂਜੇ ਪਾਸੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦੋਸ਼ ਲਾਇਆ ਹੈ ਕਿ ਇਸ ਰਾਜ ਸਭਾ ਸੀਟ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਅਤੇ ਭਾਜਪਾ ਵਿਚਾਲੇ ਮਿਲੀਭੁਗਤ ਹੈ।