ਭਾਜਪਾ ਵੱਲੋਂ ਵਸੁੰਧਰਾ ਰਾਜੇ ਸਣੇ 83 ਹੋਰ ਉਮੀਦਵਾਰਾਂ ਦਾ ਐਲਾਨ
ਨਵੀਂ ਦਿੱਲੀ/ਜੈਪੁਰ, 21 ਅਕਤੂਬਰ
ਭਾਜਪਾ ਨੇ ਰਾਜਸਥਾਨ ਅਸੈਂਬਲੀ ਚੋਣਾਂ ਲਈ ਅੱਜ ਆਪਣੇ 83 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਅਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਝਾਲਰਾਪਟਨ ਹਲਕੇ ਤੋਂ ਟਿਕਟ ਦਿੱਤੀ ਹੈ।
ਭਾਜਪਾ ਨੇ 55 ਮੌਜੂਦਾ ਵਿਧਾਇਕਾਂ ਨੂੰ ਟਿਕਟਾਂ ਦਿੱਤੀਆਂ ਜਦਕਿ 9 ਨੂੰ ਦੁਬਾਰਾ ਉਮੀਦਵਾਰ ਨਹੀਂ ਬਣਾਇਆ ਗਿਆ। ਸੂਚੀ ’ਚ ਕਿਸੇ ਮੰਤਰੀ ਦਾ ਨਾਮ ਵੀ ਉਮੀਦਵਾਰ ਵਜੋਂ ਸ਼ਾਮਲ ਨਹੀਂ ਹੈ। ਅੱਜ ਐਲਾਨੇ 83 ਉਮੀਦਵਾਰਾਂ ਵਿੱਚੋਂ 10 ਮਹਿਲਾਵਾਂ ਹਨ। ਪਾਰਟੀ ਹੁਣ ਤੱਕ 124 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਵਸੁੰਧਰਾ ਰਾਜੇ ਦੇ ਸਮਰਥਕਾਂ ਜਨਿ੍ਹਾਂ ਵਿੱਚ ਸੂੁਬੇ ਦੇ ਸਾਬਕਾ ਮੰਤਰੀ ਸ਼ਾਮਲ ਹਨ, ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਹਨ। ਭਗਵਾਂ ਪਾਰਟੀ ਨੇ ਪੰਜ ਵਾਰ ਦੇ ਵਿਧਾਇਕ ਅਤੇ ਭਾਜਪਾ ਦੇ ਦਿੱਗਜ਼ ਨੇਤਾ ਭੈਰੋਂ ਸਿੰਘ ਸ਼ੇਖਾਵਤ ਦੇ ਜਵਾਈ ਨਰਪਤ ਸਿੰਘ ਰਾਜਵੀ ਨੂੰ ਚਿਤੌੜਗੜ੍ਹ ਹਲਕੇ ਤੋਂ ਮੈਦਾਨ ’ਚ ਉਤਾਰਨ ਦਾ ਫ਼ੈਸਲਾ ਕੀਤਾ ਹੈ।
ਪਾਰਟੀ ਨੇ ਪਹਿਲਾਂ ਰਾਜਵੀ ਨੂੰ ਉਨ੍ਹਾਂ ਦੀ ਵਿਦਿਆਧਰ ਨਗਰ ਸੀਟ ਤੋਂ ਮੁੜ ਉਮੀਦਵਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਪਾਰਟੀ ਦੇ ਵਰਕਰਾਂ ਦੇ ਇੱਕ ਧੜੇ ’ਚ ਰੋਸ ਫੈਲ ਗਿਆ ਸੀ। ਰਾਜਸਥਾਨ ਭਾਜਪਾ ਪ੍ਰਧਾਨ ਸਤੀਸ਼ ਪੂਨੀਆ ਨੂੰ ਅੰਬਰ ਹਲਕੇ ਤੋਂ ਜਦਕਿ ਵਿਧਾਨ ਸਭਾ ’ਚ ਪਾਰਟੀ ਦੇ ਨੇਤਾ ਰਾਜੇਂਦਰ ਰਾਠੌੜ ਨੂੰ ਚੁਰੂ ਹਲਕੇ ਦੀ ਥਾਂ ਤਾਰਾਨਗਰ ਤੋਂ ਉਮੀਦਵਾਰ ਐਲਾਨਿਆ ਗਿਆ ਹੈ।
ਪਿਛਲੇ ਮਹੀਨੇ ਭਾਜਪਾ ’ਚ ਸ਼ਾਮਲ ਹੋਈ ਨਾਗੌਰ ਤੋਂ ਸੰਸਦ ਮੈਂਬਰ ਜਯੋਤੀ ਮਿਰਧਾ ਨੂੰ ਨਾਗੌਰ ਹਲਕੇ ਜਦਕਿ ਜਦਕਿ ਸਾਬਕਾ ਸੰਸਦ ਮੈਂਬਰ ਸੰਤੋਸ਼ ਅਹਿਲਾਵਤ ਨੂੰ ਸੂਰਜਗੜ੍ਹ ਹਲਕੇ ਤੋਂ ਟਿਕਟਾਂ ਦਿੱਤੀਆਂ ਗਈਆਂ ਹਨ। -ਪੀਟੀਆਈ
ਮੱਧ ਪ੍ਰਦੇਸ਼ ’ਚ 92 ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ
ਭੋਪਾਲ: ਭਾਜਪਾ ਨੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਅੱਜ 92 ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਕੈਲਾਸ਼ ਵਿਜੈਵਰਗੀਆ ਦੇ ਬੇਟੇ ਅਤੇ ਇੰਦੌਰ-3 ਹਲਕੇ ਤੋਂ ਵਿਧਾਇਕ ਆਕਾਸ਼ ਵਿਜੈਵਰਗੀਆ ਨੂੰ ਛੱਡ ਦਿੱਤਾ ਗਿਆ ਹੈ। ਨਵੀਂ ਸੂਚੀ ਵਿੱਚ ਕਈ ਮੌਜੂਦਾ ਵਿਧਾਇਕਾਂ ਨੂੰ ਵੀ ਟਿਕਟ ਨਹੀਂ ਦਿੱਤੀ ਗਈ। ਸੂਚੀ ਵਿੱਚ 12 ਮਹਿਲਾ ਉਮੀਦਵਾਰਾਂ ਦੇ ਨਾਂ ਵੀ ਸ਼ਾਮਲ ਹਨ। ਸੱਤਾਧਾਰੀ ਪਾਰਟੀ ਸੂਬੇ ’ਚ 230 ਸੀਟਾਂ ਵਿੱਚੋਂ ਹੁਣ ਤੱਕ 228 ’ਤੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਮੱਧ ਪ੍ਰਦੇਸ਼ ’ਚ ਚੋਣਾਂ 17 ਨਵੰਬਰ ਨੂੰ ਹੋਣੀਆਂ ਹਨ ਅਤੇ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ। -ਪੀਟੀਆਈ