ਭਾਜਪਾ ਤੇ ਕਾਂਗਰਸ ਸਿਆਸੀ ਲਾਹਾ ਲੈਣ ਲਈ ਪੱਬਾਂ ਭਾਰ
ਮੁਕੇਸ਼ ਕੁਮਾਰ
ਚੰਡੀਗੜ੍ਹ, 18 ਅਗਸਤ
ਚੰਡੀਗੜ੍ਹ ਪ੍ਰਸ਼ਾਸਕ ਵੱਲੋਂ ਮੁੜ ਵਸੇਬਾ ਕਲੋਨੀਆਂ ਦੇ ਵਸਨੀਕਾਂ ਨੂੰ ਮਕਾਨਾਂ ਨੂੰ ਸਰਵੇਖਣ ਕਰਨ ਬਾਅਦ ਮਾਲਕਾਨਾ ਹੱਕ ਦੇਣ ਅਤੇ ਪਿੰਡ ਵਿੱਚ ਲਾਲ ਡੋਰੇ ਤੋਂ ਬਾਹਰ ਦੀਆਂ ਉਸਾਰੀਆਂ ਨੂੰ ਪੱਕੀਂ ਕਰਨ ਦੀ ਪ੍ਰੀਕਿਰਿਆ ਸਬੰਧੀ ਦਿੱਤੇ ਭਰੋਸੇ ਮਗਰੋਂ ਪਾਰਟੀਆਂ ਸਿਆਸੀ ਲਾਹਾ ਲੈਣ ਲਈ ਪੱਬਾਂ ਭਾਰ ਹੋ ਗਈਆਂ ਹਨ। ਚੰਡੀਗੜ੍ਹ ਭਾਜਪਾ ਪ੍ਰਧਾਨ ਅਰੁਣ ਸੂਦ ਨੇ ਅੱਜ ਇੱਥੇ ਸੈਕਟਰ 33 ਸਥਿਤ ਪਾਰਟੀ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਲੰਘੇ ਦਿਨ ਪਾਰਟੀ ਦਾ ਵਫ਼ਦ ਚੰਡੀਗੜ੍ਹ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਿਆ ਸੀ। ਭਾਜਪਾ ਦੀ ਮੰਗ ਨੂੰ ਸਵੀਕਾਰ ਕਰਦਿਆਂ ਪ੍ਰਸ਼ਾਸਕ ਨੇ ਮੁੜ ਵਸੇਬੇ ਅਧੀਨ ਅਲਾਟ ਕੀਤੇ ਗਏ ਇਨ੍ਹਾਂ ਮਕਾਨਾਂ ਦਾ ਸਰਵੇਖਣ ਕਰਕੇ ਜੀਪੀਏ ਦੇ ਆਧਾਰ ’ਤੇ ਇਨ੍ਹਾਂ ਮਕਾਨਾਂ ਦੀ ਮਾਲਕੀਅਤ ਦਾ ਦਾਅਵਾ ਕਰਨ ਵਾਲਿਆਂ ਨੂੰ ਮਾਲਿਕਾਨਾ ਹੱਕ ਦੇਣ ਦਾ ਭਰੋਸਾ ਦਿੱਤਾ ਸੀ। ਚੰਡੀਗੜ੍ਹ ਭਾਜਪਾ ਪ੍ਰਧਾਨ ਨੇ ਕਿਹਾ ਕਿ ਪਾਰਟੀ ਅੱਜ ਸਲਾਹਕਾਰ ਪ੍ਰੀਸ਼ਦ ਦੀ ਮੀਟਿੰਗ ਵਿੱਚ ਇਸ ਸਬੰਧੀ ਐਲਾਨ ਹੋਣ ’ਤੇ ਇਸ ਦਾ ਸਵਾਗਤ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਪਿੰਡ ਦੇ ਲਾਲ ਡੋਰੇ ਦੇ ਬਾਹਰ ਸਾਰੀਆਂ ਉਸਾਰੀਆਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਨੂੰ ਵੀ ਸ਼ੁਰੂ ਕਰਨਾ ਚੰਡੀਗੜ੍ਹ ਦੇ ਪੇਂਡੂ ਇਲਾਕਿਆਂ ਦੇ ਲੋਕਾਂ ਲਈ ਇੱਕ ਸੁਪਨੇ ਦੇ ਸੱਚ ਹੋਣ ਵਾਂਗ ਹੈ। ਉਧਰ, ਚੰਡੀਗੜ੍ਹ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ ਵੀ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਪ੍ਰਸ਼ਾਸਕ ਨੇ ਅੱਜ ਸਲਾਹਕਾਰ ਪਰਿਸ਼ਦ ਦੀ ਬੈਠਕ ਵਿੱਚ ਮੁੜਵਸੇਬਾ ਕਾਲੋਨੀਆਂ ਨੂੰ ਲੈ ਕੇ ਜੋ ਭਰੋਸਾ ਦਿੱਤਾ ਹੈ ਉਹ ਮੁੜ ਵਸੇਬਾ ਕਾਲੋਨੀਆਂ ਦੇ ਵਸਨੀਕ ਦੀ ਇੱਕ ਵੱਡੀ ਜਿੱਤ ਹੈ। ਉਨ੍ਹਾਂ ਦੱਸਿਆ ਇਹ ਮਾਮਲਾ ਚੰਡੀਗੜ੍ਹ ਕਾਂਗਰਸ ਨੇ ਬੀਤੇ ਦਿਨ ਅਤੇ ਅੱਜ ਸਲਾਹਕਾਰ ਕੌਂਸਲ ਦੀ ਮੀਟਿੰਗ ਵਿੱਚ ਵੀ ਚੁੱਕਿਆ ਸੀ। ਇਸ ’ਤੇ ਪ੍ਰਸ਼ਾਸਕ ਨੇ ਤੁਰੰਤ ਮੁੜ-ਵਸੇਬਾ ਕਲੋਨੀਆਂ ਦੇ ਵਾਸੀਆਂ ਲਈ ਇਹ ਰਾਹਤ ਭਰਿਆ ਭਰੋਸਾ ਦਿੱਤਾ। ਲੱਕੀ ਨੇ ਪ੍ਰਸ਼ਾਸਕ ਦਾ ਧੰਨਵਾਦ ਕੀਤਾ।