ਭਾਜਪਾ ਤੇ ‘ਆਪ’ ਨੇ ਦਲਿਤਾਂ ਦੇ ਵਿਕਾਸ ਲਈ ਕੁਝ ਨਹੀਂ ਕੀਤਾ: ਦੇਵੇਂਦਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਸਤੰਬਰ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇਵੇਂਦਰ ਯਾਦਵ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਵਿੱਚ ਅਨੁਸੂਚਿਤ ਜਾਤੀ, ਜਨਜਾਤੀ ਦੇ ਮੇਅਰ ਲਈ ਸੰਵਿਧਾਨ ਦੇ ਤਹਿਤ ਐੱਮਸੀਡੀ ਐਕਟ (ਸੈਕਸ਼ਨ 35) ਵਿੱਚ ਵਿਵਸਥਾ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਮੇਅਰ ਸ਼ੈਲੀ ਓਬਰਾਏ ਲਗਾਤਾਰ ਦਲਿਤ ਕੌਂਸਲਰ ਦੇ ਅਧਿਕਾਰਾਂ ਦੀ ਉਲੰਘਣਾ ਕਰਕੇ ਮੇਅਰ ਦੇ ਅਹੁਦੇ ’ਤੇ ਕਾਬਜ਼ ਹੈ ਤੇ ਹੁਣ ਨਿਗਮ ਦੀਆਂ ਸਥਾਈ ਕਮੇਟੀਆਂ ਅਤੇ ਵਾਰਡ ਕਮੇਟੀਆਂ ਦੀਆਂ ਚੋਣਾਂ ਵਿੱਚ ਵੀ ਦਲਿਤਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ ਹੈ। ਸ੍ਰੀ ਯਾਦਵ ਨੇ ਕਿਹਾ ਕਿ ਵਾਰਡ ਕਮੇਟੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਚੁਣੇ ਗਏ ਚੇਅਰਮੈਨ ਤੇ ਵਾਈਸ ਚੇਅਰਮੈਨਾਂ ਵਿੱਚ ਦਲਿਤ ਕੌਂਸਲਰਾਂ ਦੀ ਨੁਮਾਇੰਦਗੀ ਔਸਤ ਫ਼ੀਸਦ ਤੋਂ ਬਹੁਤ ਘੱਟ ਹੈ, ਜਦੋਂਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਦਲਿਤਾਂ ਨੂੰ ਯੋਗ ਨੁਮਾਇੰਦਗੀ ਦੇਣ ਦਾ ਜ਼ਿਕਰ ਕੀਤਾ ਹੈ। ਪਹਿਲੀ ਵਾਰ ਸੱਤਾ ਵਿੱਚ ਆਉਣ ਤੋਂ ਬਾਅਦ ਜਦੋਂ ਕੇਜਰੀਵਾਲ ਦੇ ਕੌਂਸਲਰ ਆਪਣੀ ਹੀ ਪਾਰਟੀ ਵਿੱਚੋਂ ਦਲਿਤ ਕੌਂਸਲਰ ਨੂੰ ਮੇਅਰ ਚੁਣਨ ’ਚ ਅਸਹਿਮਤੀ ਪ੍ਰਗਟਾਉਂਦੇ ਹਨ ਤਾਂ ਫਿਰ ਉਹ ਸਥਾਈ ਕਮੇਟੀ ਤੇ ਵਾਰਡ ਕਮੇਟੀਆਂ ਦੀਆਂ ਚੋਣਾਂ ’ਚ ਵਾਰਡ ਕਮੇਟੀਆਂ ਦਲਿਤ ਕੌਂਸਲਰਾਂ ਨੂੰ ਕਿਵੇਂ ਸੌਂਪਣਗੇ। ਉਨ੍ਹਾਂ ਕਿਹਾ ਕਿ ਉਹ ਭਾਜਪਾ ਤੋਂ ਪੁੱਛਣਾ ਚਾਹੁੰਦੇ ਹਨ ਕਿ ਤੁਹਾਡੀ ਪਾਰਟੀ ਨੇ ਕਿੰਨੇ ਦਲਿਤ ਕੌਂਸਲਰਾਂ ਨੂੰ ਸਥਾਈ ਕਮੇਟੀ ਤੇ ਵਾਰਡ ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰ ਨਾਮਜ਼ਦ ਕੀਤਾ। ਉਨ੍ਹਾਂ ਸਵਾਲ ਕੀਤਾ ਕਿ ਭਾਜਪਾ ਨੇ ਸ਼ੈਲੀ ਓਬਰਾਏ ਨੂੰ ਲਗਾਤਾਰ ਤੀਜੇ ਸਾਲ ਮੇਅਰ ਬਣਾਉਣ ਦਾ ਵਿਰੋਧ ਕਿਉਂ ਨਹੀਂ ਕੀਤਾ ਜਦਕਿ ਦਲਿਤ ਨੂੰ ਤੀਜੇ ਸਾਲ ਮੇਅਰ ਬਣਨਾ ਪੈਂਦਾ ਹੈ।