ਨਗਰ ਨਿਗਮ ਦੀ ਮੀਟਿੰਗ ’ਚ ਭਾਜਪਾ ਤੇ ‘ਆਪ’ ਕੌਂਸਲਰ ਖਹਿਬੜੇ
ਮੁਕੇਸ਼ ਕੁਮਾਰ
ਚੰਡੀਗੜ੍ਹ, 29 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਦੀ ਮਾੜੀ ਵਿੱਤੀ ਹਾਲਤ ਨੂੰ ਸੁਧਾਰਨ ਲਈ ਕੌਂਸਲਰਾਂ ਦੇ ਸੁਝਾਵਾਂ ਨੂੰ ਲੈ ਕੇ ਅੱਜ ਮੇਅਰ ਕੁਲਦੀਪ ਕੁਮਾਰ ਵੱਲੋਂ ਬੁਲਾਈ ਗਈ ਨਗਰ ਨਿਗਮ ਦੀ ਮੀਟਿੰਗ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਇੱਕ ਮਹਿਲਾ ਕੌਂਸਲਰ ਅਤੇ ਇੱਕ ਨਾਮਜ਼ਦ ਮਹਿਲਾ ਕੌਂਸਲਰ ਵਿਚਾਲੇ ਭਖਵੀਂ ਬਹਿਸ ਹੋਈ। ਮੀਟਿੰਗ ਵਿੱਚ ਸਮੂਹ ਕੌਂਸਲਰਾਂ ਨੇ ਨਿਗਮ ਦੀ ਵਿੱਤੀ ਹਾਲਤ ਸੁਧਾਰਨ ਲਈ ਆਪਣੇ-ਆਪਣੇ ਸੁਝਾਅ ਦਿੱਤੇ। ਇਸ ਸਮੇਂ ਦੌਰਾਨ ਮੀਟਿੰਗ ਵਿੱਚ ਜਦੋਂ ‘ਆਪ’ ਕੌਂਸਲਰ ਪ੍ਰੇਮ ਲਤਾ ਨੇ ਨਾਮਜ਼ਦ ਕੌਂਸਲਰ ਗੀਤਾ ਚੌਹਾਨ ਪ੍ਰਤੀ ਅਪਸ਼ਬਦ ਬੋਲੇ ਤਾਂ ਭਾਜਪਾ ਕੌਂਸਲਰਾਂ ਨੇ ਮੀਟਿੰਗ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ।
ਭਾਜਪਾ ਦੇ ਸਾਰੇ ਕੌਂਸਲਰ ਆਪਣੀਆਂ ਸੀਟਾਂ ਤੋਂ ਉੱਠ ਕੇ ਮੇਅਰ ਦੇ ਸਾਹਮਣੇ ਚਲੇ ਗਏ ਅਤੇ ‘ਆਪ’ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮੰਗ ਕੀਤ ਕਿ ਪ੍ਰੇਮਲਤਾ ਤੋਂ ਆਪਣੇ ਵਤੀਰੇ ਲਈ ਮੁਆਫ਼ੀ ਮੰਗੇ। ਇਸ ਤੋਂ ਬਾਅਦ ਭਾਜਪਾ ਕੌਂਸਲਰਾਂ ਨੇ ਮੇਅਰ ਦੀ ਸੀਟ ਅੱਗੇ ਧਰਨਾ ਲਾਉਂਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੇਅਰ ਨੇ ਹੰਗਾਮੇ ਨੂੰ ਲੈ ਕੇ ਚਾਹ ਦੇ ਸਮੇਂ ਦਾ ਐਲਾਨ ਕਰ ਦਿੱਤਾ। ਚਾਹ ਦੀ ਬਰੇਕ ਤੋਂ ਬਾਅਦ ਸ਼ੁਰੂ ਹੋਈ ਮੀਟਿੰਗ ਵਿੱਚ ਵੀ ਭਾਜਪਾ ਕੌਂਸਲਰ ਪ੍ਰੇਮਲਤਾ ਨਾਮਜ਼ਦ ਕੌਂਸਲਰ ਗੀਤਾ ਤੋਂ ਮੁਆਫ਼ੀ ਦੀ ਮੰਗ ’ਤੇ ਅੜੇ ਰਹੇ। ਮੇਅਰ ਨੇ ਕਿਹਾ ਕਿ ਗੀਤਾ ਚੌਹਾਨ ਦੇ ਪੱਖ ਤੋਂ ਵੀ ਗਲਤ ਸ਼ਬਦ ਬੋਲੇ ਗਏ ਹਨ ਅਤੇ ਪ੍ਰੇਮ ਲਤਾ ਦੇ ਪੱਖ ਤੋਂ ਵੀ, ਇਸ ਲਈ ਦੋਵਾਂ ਨੂੰ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਹਨ ਅਤੇ ਭਵਿੱਖ ਵਿਚ ਅਜਿਹੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕਰੀਬ ਇੱਕ ਘੰਟੇ ਦੀ ਬਹਿਸ ਤੋਂ ਬਾਅਦ ਬਾਕੀ ਸਾਰੇ ਕੌਂਸਲਰਾਂ ਨੇ ਪ੍ਰੇਮ ਲਤਾ ਅਤੇ ਗੀਤਾ ਚੌਹਾਨ ਨੂੰ ਇੱਕ ਦੂਜੇ ਨੂੰ ਜੱਫੀ ਪਾ ਕੇ ਗਿਲਾ ਸ਼ਿਕਵਾ ਦੂਰ ਕਰਨ ਲਈ ਮਨਾ ਲਿਆ ਅਤੇ ਮਾਮਲਾ ਸ਼ਾਂਤ ਹੋਇਆ।
ਕੌਂਸਲਰਾਂ ਨੇ ਨਿਗਮ ਦੀ ਵਿੱਤੀ ਹਾਲਤ ਸੁਧਾਰਨ ਲਈ ਸੁਝਾਅ ਦਿੱਤੇ
ਮੀਟਿੰਗ ਦੌਰਾਨ ਨਗਰ ਨਿਗਮ ਦੀ ਵਿੱਤੀ ਹਾਲਤ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕੌਂਸਲਰ ਜਸਵੀਰ ਸਿੰਘ ਲਾਡੀ ਨੇ 17 ਕਰੋੜ ਦੇ ਸੋਲਰ ਪਲਾਂਟ ਦੇ ਪ੍ਰਾਜੈਕਟ ਉੱਤੇ ਸਵਾਲ ਚੁੱਕੇ। ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਕਿਹਾ ਕਿ ਚੰਡੀਗੜ੍ਹ ਸ਼ਹਿਰ ਦੇ ਨਾਲ ਦੋ ਸ਼ਹਿਰ ਲੱਗਦੇ ਹਨ, ਜਿਨ੍ਹਾਂ ਦੀਆਂ ਕਾਰਪੋਰੇਸ਼ਨਾਂ ਸ਼ਹਿਰ ਵਿੱਚ ਵੱਡੀਆਂ ਵੱਡੀਆਂ ਇਸ਼ਤਿਹਾਰਬਾਜ਼ੀਆਂ ਤੋਂ ਪੈਸੇ ਕਮਾਉਂਦੀਆਂ ਹਨ। ਉਨ੍ਹਾਂ ਆਖਿਆ ਕਿ ਚੰਡੀਗੜ੍ਹ ਵਿੱਚ ਅਜਿਹਾ ਕਿਉਂ ਨਹੀਂ ਹੋ ਸਕਦਾ। ਭਾਜਪਾ ਕੌਂਸਲਰ ਕੰਵਰਜੀਤ ਸਿੰਘ ਨੇ ਹਾਊਸ ਵਿੱਚ ਬੋਲਦਿਆਂ ਕਿਹਾ ਕਿ ਨਗਰ ਨਿਗਮ ਕੋਲ ਸਹੀ ਤਰੀਕੇ ਨਾਲ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਹੋ ਰਿਹਾ ਹੈ। ਉਨ੍ਹਾਂ ਸਾਲ 2004 ਤੋਂ ਲੈ ਕੇ ਸਾਲ 2024 ਤੱਕ ਦੇ ਟੈਕਸ ਦੀ ਜਾਂਚ ਦੀ ਮੰਗ ਵੀ ਕੀਤੀ। ਨਾਮਜ਼ਦ ਕੌਂਸਲਰ ਸਤਿੰਦਰ ਸਿੰਘ ਸਿੱਧੂ ਨੇ ਚੰਡੀਗੜ੍ਹ ਦੇ ਪਿੰਡਾਂ ਦੀਆਂ ਜ਼ਮੀਨਾਂ ਦੀ ਸੀਐੱਲਯੂ ਦਾ ਮੁੱਦਾ ਚੁੱਕਿਆ ਅਤੇ ਪੰਜਾਬ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਸੂਬਾ ਸਰਕਾਰ ਨੂੰ ਸੀਐੱਲਯੂ ਤੋਂ ਆਮਦਨ ਆ ਰਹੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ। ਭਾਜਪਾ ਕੌਂਸਲਰ ਸੌਰਭ ਜੋਸ਼ੀ ਨੇ ਪਿੰਡਾਂ ਦੀਆਂ ਖਾਲੀ ਪਈਆਂ ਜ਼ਮੀਨਾਂ ਨੂੰ ਲੀਜ਼ ਜਾਂ ਕਿਰਾਏ ’ਤੇ ਦੇ ਕੇ ਮੁਨਾਫ਼ਾ ਕਮਾਉਣ ਦਾ ਸੁਝਾਅ ਦਿੱਤਾ ਤੇ ਸੈਕਟਰ 17, 15, 19, 34, 22 ’ਚ ਵੈਂਡਰਾਂ ਵੱਲੋਂ ਕਥਿਤ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਵੀ ਉਠਾਇਆ।