ਹਰੇਕ ਬੂਥ ’ਤੇ ਦਸ ਫ਼ੀਸਦੀ ਵੋਟਾਂ ਵਧਾਉਣ ਭਾਜਪਾ ਕਾਰਕੁਨ: ਸ਼ਾਹ
ਨਾਗਪੁਰ, 24 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਭਾਜਪਾ ਕਾਰਕੁਨਾਂ ਤੇ ਆਗੂਆਂ ਨੂੰ ਕਿਹਾ ਕਿ ਉਹ ਅਗਾਮੀ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੌਰਾਨ ਹਰੇਕ ਬੂਥ ’ਤੇ ਘੱਟੋ-ਘੱਟ ਦਸ ਫੀਸਦ ਵੋਟਾਂ ਵਧਾਉਣਾ ਯਕੀਨੀ ਬਣਾਉਣ। ਅਮਿਤ ਸ਼ਾਹ ਨੇ ਨਾਗਪੁਰ ਦੇ ਰੇਸ਼ਿਮਬਾਗ ਇਲਾਕੇ ਦੇ ਸੁਰੇਸ਼ ਭੱਟ ਹਾਲ ਵਿੱਚ ਵਿਦਰਭ ਖੇਤਰ ਦੇ ਸਾਰੇ 62 ਸੂਬਾਈ ਵਿਧਾਨ ਸਭਾ ਹਲਕਿਆਂ ਦੇ ਭਾਜਪਾ ਦੇ ਮੁੱਖ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ। ਪਾਰਟੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਸੱਤਾਧਾਰੀ ਮਹਾਯੁਤੀ ਗੱਠਜੋੜ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰਨ ਦੀ ਨਸੀਹਤ ਵੀ ਦਿੱਤੀ। ਇਸ ਮੀਟਿੰਗ ਵਿੱਚ ਮੌਜੂਦ ਭਾਜਪਾ ਦੇ ਇੱਕ ਆਗੂ ਨੇ ਇਹ ਜਾਣਕਾਰੀ ਦਿੱਤੀ। ਸ਼ਾਹ ਨੇ ਕਿਹਾ ਕਿ ਵਕਫ (ਸੋਧ) ਬਿੱਲ 2024 ਛੇਤੀ ਹੀ ਸੰਸਦ ਵਿੱਚ ਪਾਸ ਕੀਤਾ ਜਾਵੇਗਾ। ਸ਼ਾਹ ਨੇ ਦੇਸ਼ ਨੂੰ ਮਜ਼ਬੂਤ, ਖੁਸ਼ਹਾਲ ਅਤੇ ਸੁਰੱਖਿਅਤ ਬਣਾਉਣ ਦੇ ਸੰਕਲਪ ਬਾਰੇ ਬੋਲਦਿਆਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਕਈਆਂ ਪ੍ਰਾਪਤੀਆਂ ਗਿਣਾਈਆਂ ਜਿਨ੍ਹਾਂ ਵਿੱਚ ਜੰਮੂ ਕਸ਼ਮੀਰ ਵਿੱਚ ਧਾਰਾ 370 ਮਨਸੂਖ਼ ਕਰਨਾ, ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਅਤੇ ਤੀਹਰਾ ਤਲਾਕ ਰੱਦ ਕਰਨਾ ਸ਼ਾਮਲ ਹਨ। ਸਾਬਕਾ ਰਾਜਸਭਾ ਮੈਂਬਰ ਅਨਿਲ ਬੌਂਡ ਨੇ ਦੱਸਿਆ ਕਿ ਸ਼ਾਹ ਨੇ ਅਗਾਮੀ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਸਫਲਤਾ ਵਿੱਚ ਵਿਦਰਭ ਖੇਤਰ ਦੀ ਭੂਮਿਕਾ ’ਤੇ ਮੁੱਖ ਜ਼ੋਰ ਦਿੱਤਾ। -ਪੀਟੀਆਈ