ਪਾਰਟੀ ਵਿੱਚ ਨਵੇਂ ਮੈਂਬਰ ਸ਼ਾਮਲ ਕਰਨ ਲਈ ਭਾਜਪਾ ਸਰਗਰਮ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 26 ਨਵੰਬਰ
ਭਾਜਪਾ ਵੱਲੋਂ ਪਾਰਟੀ ਦੇ ਵਿਸਥਾਰ ਲਈ ਰਾਸ਼ਟਰੀ ਮੈਂਬਰਸ਼ਿਪ ਅਭਿਆਨ 2024 ਵੱਡੇ ਪੱਧਰ ’ਤੇ ਚਲਾਇਆ ਜਾ ਰਿਹਾ ਹੈ ਤੇ ਨਵੇਂ ਲੋਕਾਂ ਨੂੰ ਪਾਰਟੀ ਦਾ ਮੈਂਬਰ ਬਣਾਇਆ ਜਾ ਰਿਹਾ ਹੈ। 2 ਸਤੰਬਰ ਤੋਂ ਸ਼ੁਰੂ ਹੋਈ ਇਸ ਮੁਹਿੰਮ ਤਹਿਤ 10 ਕਰੋੜ ਨਵੇਂ ਮੈਂਬਰ ਬਣਾਉਣ ਦਾ ਟੀਚਾ ਮਿਥਿਆ ਗਿਆ ਸੀ ਤੇ ਇਸ ਮੁਹਿੰਮ ਦੇ ਤਹਿਤ ਪਾਰਟੀ ਦੇ ਸਰਗਰਮ ਵਰਕਰਾਂ ਨੇ ਸਿਰਫ 18 ਦਿਨਾਂ ਵਿਚ ਦੇਸ਼ ਭਰ ਵਿੱਚ 4 ਕਰੋੜ ਨਵੇਂ ਮੈਂਬਰ ਭਾਜਪਾ ਵਿੱਚ ਸ਼ਾਮਲ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਹਰਿਆਣਾ ਵਿਚ ਭਾਜਪਾ ਨੇ 50 ਲੱਖ ਨਵੇਂ ਮੈਂਬਰ ਜੋੜਨ ਦਾ ਟੀਚਾ ਮਿਥਿਆ ਹੈ। ਇਸ ਮੁਹਿੰਮ ਦੇ ਤਹਿਤ ਸੂਬੇ ਦੇ ਹਰ ਬੂਥ ਪੱਧਰ ਤੇ 250 ਨਵੇਂ ਮੈਂਬਰ ਪਾਰਟੀ ਵਿੱਚ ਸ਼ਾਮਲ ਕੀਤੇ ਜਾਣਗੇ। ਇਹ ਪ੍ਰਗਟਾਵਾ ਮੁੱਖ ਮੰਤਰੀ ਦਫਤਰ ਕੁਰੂਕਸ਼ੇਤਰ ਦੇ ਇੰਚਾਰਜ ਕੈਲਾਸ਼ ਸੈਣੀ ਨੇ ਬਾਬੈਨ ਵਿੱਚ ਲਾਡਵਾ ਵਿਧਾਨ ਸਭਾ ਦੇ ਪਿੰਡਾਂ ਵਿਚ ਚਲਾਈ ਗਈ ਵਿਸ਼ੇਸ਼ ਮੈਂਬਰਸ਼ਿਪ ਮੁਹਿੰਮ ਦਾ ਨਿਰੀਖਣ ਕਰਨ ਉਪਰੰਤ ਪ੍ਰਗਟਾਏ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪਾਰਟੀ ਵਰਕਰ ਪੂਰੀ ਲਗਨ ਤੇ ਉਤਸ਼ਾਹ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂਬਰਸ਼ਿਪ ਮੁਹਿੰਮ ਰਾਹੀਂ ਸੂਬੇ ਦੇ ਲੋਕਾਂ ਨੂੰ ਸਰਕਾਰ ਦੀਆਂ ਨੀਤੀਆਂ, ਸਕੀਮਾਂ ਤੇ ਲੋਕ ਭਲਾਈ ਦੇ ਕੰਮਾਂ ਤੋਂ ਜਾਣੂੰ ਕਰਵਾਇਆ ਜਾਏਗਾ। ਇਸ ਮੌਕੇ ਉਨ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਉੱਚੇਚੇ ਤੌਰ ’ਤੇ ਜ਼ਿਕਰ ਕੀਤਾ। ਭਾਜਪਾ ਮੰਡਲ ਪ੍ਰਧਾਨ ਜਸਵਿੰਦਰ ਜੱਸੀ, ਸਾਬਕਾ ਪ੍ਰਧਾਨ ਸੁਰੇਸ਼ ਕਸ਼ਯਪ ,ਸੋਮ ਨਾਥ ਸੈਣੀ ਤੋਂ ਇਲਾਵਾ ਕਈ ਭਾਜਪਾ ਵਰਕਰ ਮੌਜੂਦ ਸਨ।