For the best experience, open
https://m.punjabitribuneonline.com
on your mobile browser.
Advertisement

ਭਾਜਪਾ ਵੱਲੋਂ ਕੇਜਰੀਵਾਲ ਸਰਕਾਰ ’ਤੇ ਨੌਂ ਸਾਲਾਂ ’ਚ ਨੌਂ ਘੁਟਾਲੇ ਕਰਨ ਦਾ ਦੋਸ਼

09:02 AM Feb 19, 2024 IST
ਭਾਜਪਾ ਵੱਲੋਂ ਕੇਜਰੀਵਾਲ ਸਰਕਾਰ ’ਤੇ ਨੌਂ ਸਾਲਾਂ ’ਚ ਨੌਂ ਘੁਟਾਲੇ ਕਰਨ ਦਾ ਦੋਸ਼
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਫਰਵਰੀ
ਦਿੱਲੀ ਪ੍ਰਦੇਸ਼ ਭਾਜਪਾ ਵੱਲੋਂ ਕੇਜਰੀਵਾਲ ਸਰਕਾਰ ’ਤੇ ਆਪਣੇ ਨੌਂ ਸਾਲਾਂ ਦੇ ਕਾਰਜਕਾਲ ਦੌਰਾਨ 9 ਘੁਟਾਲੇ ਕਰਨ ਦਾ ਦੋਸ਼ ਲਾਇਆ ਹੈ। ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਜਦੋਂ ਕੇਜਰੀਵਾਲ ਸਰਕਾਰ ਭ੍ਰਿਸ਼ਟਾਚਾਰ ਤੇ ਕੁਸ਼ਾਸਨ ਦੇ 9 ਸਾਲ ਪੂਰੇ ਕਰ ਰਹੀ ਹੈ, ਇਸ ਸਰਕਾਰ ਦੇ 9 ਵੱਡੇ ਘੁਟਾਲੇ ਇਸ ਦੀ ਪਛਾਣ ਬਣ ਗਏ ਹਨ। ਸ੍ਰੀ ਸਚਦੇਵਾ ਨੇ ਕਿਹਾ, ‘ਅੱਜ ਮੈਂ ਦਿੱਲੀ ਵਿੱਚ ‘ਆਪ’ ਦੇ ਸ਼ਾਸਨ ਦੀ ਹਨੇਰੀ ਨੀਂਹ ’ਤੇ ਰੋਸ਼ਨੀ ਪਾਉਣ ਲਈ ਮਜਬੂਰ ਹਾਂ। ਨੌਂ ਗੜਬੜ ਵਾਲੇ ਸਾਲਾਂ ਵਿੱਚ, ਅਸੀਂ ਪਾਰਦਰਸ਼ਤਾ ਦੀ ਕ੍ਰਾਂਤੀ ਨਹੀਂ ਦੇਖੀ, ਪਰ ਘੁਟਾਲਿਆਂ ਦੀ ਇੱਕ ਲੜੀ ਦੇਖੀ ਹੈ, ਜਿਸ ਨੇ ਸਾਫ਼-ਸੁਥਰੇ ਪ੍ਰਸ਼ਾਸਨ ਦੇ ਭਰਮ ਨੂੰ ਤੋੜ ਦਿੱਤਾ ਹੈ।’ ਉਨ੍ਹਾਂ ਕਿਹਾ ਕਿ ਮਾੜੇ ਵਿੱਤੀ ਪ੍ਰਬੰਧ ਤੋਂ ਲੈ ਕੇ ਭਾਈ-ਭਤੀਜਾਵਾਦ ਤੱਕ ‘ਆਪ’ ਦੇ ਕਾਰਜਕਾਲ ਵਿੱਚ 9 ਵੱਡੇ ਘੁਟਾਲੇ ਹੋਏ ਹਨ, ਜਿਨ੍ਹਾਂ ਦੀ ਕੋਈ ਜਵਾਬਦੇਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾੜੀ ਕੁਆਲਿਟੀ ਦੀਆਂ ਦਵਾਈਆਂ ਅਤੇ ਨਕਲੀ ਲੈਬ ਟੈਸਟਿੰਗ ਪਹਿਲਾ ਘੁਟਾਲਾ ਹੈ। ਇਸ ਤੋਂ ਬਿਨਾਂ ਦਿੱਲੀ ਜਲ ਬੋਰਡ ਦੇ ਪ੍ਰਾਜੈਕਟਾਂ ਵਿੱਚ ਜ਼ਿਆਦਾ ਕੀਮਤ ਵਾਲੇ ਠੇਕੇ, ਕੇਜਰੀਵਾਲ ਦੀ ਰਿਹਾਇਸ਼ ਦੀ ਮਹਿੰਗੀ ਮੁਰੰਮਤ, ‘ਆਪ’ ਦਾ ਦਿੱਲੀ ਵਕਫ ਬੋਰਡ ਭਰਤੀ ਘੁਟਾਲਾ, ਸਤੇਂਦਰ ਜੈਨ ਦੀ ਆਮਦਨ ਤੋਂ ਵੱਧ ਜਾਇਦਾਦ ਦਾ ਘੁਟਾਲਾ, ਪੈਨਿਕ ਬਟਨ ਘੁਟਾਲਾ, ਦਿੱਲੀ ਸਕੂਲ ਕਲਾਸਰੂਮ ਉਸਾਰੀ ਘੁਟਾਲਾ, ਆਬਕਾਰੀ ਨੀਤੀ ਘੁਟਾਲਾ ਤੇ ਡੀਟੀਸੀ ਬੱਸ ਖਰੀਦ ਘੁਟਾਲਾ ਅਹਿਮ ਹਨ। ਉਨ੍ਹਾਂ ਕਿਹਾ ਹੈ ਕਿ ਦਿੱਲੀ ਵਿੱਚ ‘ਆਪ’ ਦੇ 9 ਸਾਲਾਂ ਦੇ ਸ਼ਾਸਨ ਦੌਰਾਨ ਸਾਹਮਣੇ ਆਏ ਘੁਟਾਲਿਆਂ ਦੀ ਸੂਚੀ ਧੋਖਾਧੜੀ ਤੇ ਭ੍ਰਿਸ਼ਟਾਚਾਰ ਦੀ ਤਸਵੀਰ ਪੇਸ਼ ਕਰਦੀ ਹੈ।

Advertisement

Advertisement
Author Image

Advertisement
Advertisement
×