For the best experience, open
https://m.punjabitribuneonline.com
on your mobile browser.
Advertisement

ਬਿੱਟੂ ਨੇ ‘ਆਪ’ ਵਿਧਾਇਕਾਂ ਖ਼ਿਲਾਫ਼ ਮੋਰਚਾ ਖੋਲ੍ਹਿਆ

08:14 AM Mar 15, 2024 IST
ਬਿੱਟੂ ਨੇ ‘ਆਪ’ ਵਿਧਾਇਕਾਂ ਖ਼ਿਲਾਫ਼ ਮੋਰਚਾ ਖੋਲ੍ਹਿਆ
ਨਗਰ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕਰਦੇ ਹੋਏ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ।
Advertisement

ਗਗਨਦੀਪ ਅਰੋੜਾ
ਲੁਧਿਆਣਾ, 14 ਮਾਰਚ
ਨਗਰ ਨਿਗਮ ਲੁਧਿਆਣਾ ਦੇ ਦਫ਼ਤਰ ਨੂੰ ਤਾਲਾ ਲਗਾਉਣ ਦੇ ਮਾਮਲੇ ਵਿੱਚ ਜ਼ਮਾਨਤ ’ਤੇ ਰਿਹਾਅ ਹੋ ਕੇ ਆਏ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਹੁਣ ਮੌਜੂਦਾ ‘ਆਪ’ ਵਿਧਾਇਕਾਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇਸ ਸਬੰਧੀ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਤੋਂ ਮੰਗ ਕੀਤੀ ਹੈ ਕਿ ਨਗਰ ਨਿਗਮ ਵੱਲੋਂ ਸੀਲ ਕੀਤੀਆਂ ਗਈਆਂ ਦੁਕਾਨਾਂ ਦੀਆਂ ਸੀਲ ਤੋੜਨ ਦੇ ਮਾਮਲੇ ਵਿੱਚ ਵਿਧਾਇਕ ਗੁਰਪ੍ਰੀਤ ਗੋਗੀ ਤੇ ਵਿਧਾਇਕ ਰਾਜਿੰਦਰ ਕੌਰ ਛੀਨਾ ਖ਼ਿਲਾਫ਼ ਕੇਸ ਦਰਜ ਕਰਵਾਇਆ ਜਾਵੇ। ਉਨ੍ਹਾਂ ਨੇ ਲਿਖਤੀ ਸ਼ਿਕਾਇਤ ਕੀਤੀ ਕਿ ਨਗਰ ਨਿਗਮ ਨੇ ਜਿਨ੍ਹਾਂ ਦੁਕਾਨਾਂ ਨੂੰ ਸੀਲ ਕੀਤਾ ਸੀ, ਉਨ੍ਹਾਂ ਦੁਕਾਨਾਂ ਦੀਆਂ ਇਨ੍ਹਾਂ ਦੋਵਾਂ ਵਿਧਾਇਕਾਂ ਨੇ ਆਪਣੇ-ਆਪਣੇ ਇਲਾਕੇ ਵਿੱਚ ਸ਼ਰੇਆਮ ਸੀਲ ਤੋੜ ਦਿੱਤੀਆਂ। ਇਸ ਸਬੰਧੀ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਮਾਡਲ ਟਾਊਨ ਇਲਾਕੇ ਵਿੱਚ ਜੋ ਦੁਕਾਨਾਂ ਸੀਲ ਕੀਤੀਆਂ ਗਈਆਂ ਸਨ, ਉਨ੍ਹਾਂ ਨੂੰ ਨਗਰ ਨਿਗਮ ਤੋਂ ਸਿੱਧੇ ਤਰੀਕੇ ਖੁੱਲ੍ਹਵਾਉਣ ਦੀ ਬਜਾਏ ਵਿਧਾਇਕ ਗੁਰਪ੍ਰੀਤ ਗੋਗੀ ਨੇ ਸ਼ਰੇਆਮ ਧੱਕੇਸ਼ਾਹੀ ਕਰਦੇ ਹੋਏ ਖੁਦ ਹੀ ਦੁਕਾਨਾਂ ਦੀਆਂ ਸੀਲਾਂ ਤੋੜ ਦਿੱਤੀਆਂ। ਉਨ੍ਹਾਂ ਨੇ ਦੋਸ਼ ਲਗਾਏ ਕਿ ਇਸੇ ਤਰ੍ਹਾਂ ਵਿਧਾਇਕ ਛੀਨਾ ਨੇ ਦੁਕਾਨਾਂ ਦੀਆਂ ਸੀਲਾਂ ਤੋੜੀਆਂ ਸਨ। ਉਨ੍ਹਾਂ ਕਿਹਾ ਕਿ ਵਿਧਾਇਕਾਂ ਦੀਆਂ ਇਨ੍ਹਾਂ ਹਰਕਤਾਂ ਦੇ ਬਾਵਜੂਦ ਨਗਰ ਨਿਗਮ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸੇ ਤਰ੍ਹਾਂ ਪੁਲੀਸ ਕਮਿਸ਼ਨਰ ਨੇ ਵੀ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਿਗਮ ਕਮਿਸ਼ਨਰ ਨੂੰ ਸਾਫ਼ ਤੌਰ ’ਤੇ ਕਹਿ ਦਿੱਤਾ ਕਿ ਅਗਰ ਨਗਰ ਨਿਗਮ ਨੇ ਮੌਜੂਦਾ ਵਿਧਾਇਕਾਂ ਖ਼ਿਲਾਫ਼ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਨਾ ਕੀਤੀ ਤਾਂ ਉਹ ਨਗਰ ਨਿਗਮ ਦੇ ਦਫ਼ਤਰਾਂ ਦੇ ਬਾਹਰ ਧਰਨਾ ਲਗਾਉਣਗੇ। ਉਧਰ, ਵਿਧਾਇਕ ਗੋਗੀ ਨੇ ਕਿਹਾ ਕਿ ਉਨ੍ਹਾਂ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ਬਿੱਟੂ ਨੂੰ ਸਿਰਫ਼ ‘ਆਪ’ ਦੇ ਵਿਧਾਇਕ ਹੀ ਨਜ਼ਰ ਆਉਂਦੇ ਹਨ।

Advertisement

ਬਿੱਟੂ ਵੱਲੋਂ ਹਲਕਾ ਪੂਰਬੀ ਦੇ ਵਿਕਾਸ ਕਾਰਜਾਂ ਦਾ ਦੌਰਾ

ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਇਸੇ ਦੌਰਾਨ ਹਲਕਾ ਪੂਰਬੀ ’ਚ ਪਿਛਲੀ ਕਾਂਗਰਸ ਸਰਕਾਰ ਸਮੇਂ ਸ਼ੁਰੂ ਕੀਤੇ ਗਏ ਵੱਖ-ਵੱਖ ਵਿਕਾਸ ਕਾਰਜਾਂ ਦਾ ਅੱਜ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਜ਼ਿਲ੍ਹਾ ਪ੍ਰਧਾਨ ਸੰਜੈ ਤਲਵਾੜ ਤੇ ਉਨ੍ਹਾਂ ਦੀ ਟੀਮ ਨੇ ਦੌਰਾ ਕੀਤਾ। ਟੀਮ ਨੇ ਤਾਜਪੁਰ ਰੋਡ ਡੇਅਰੀ ਕੰਪਲੈਕਸ ’ਚ ਕਰੀਬ 2.50 ਕਰੋੜ ਰੁਪਏ ਦੀ ਲਾਗਤ ਨਾਲ 4850 ਗਜ਼ ਥਾਂ ’ਚ ਤਿਆਰ ਕੀਤਾ ਜਾ ਰਿਹਾ ਸਤਿਗੁਰੂ ਰਵਿਦਾਸ ਮਹਾਰਾਜ ਕਮਿਊਨਿਟੀ ਸੈਂਟਰ, ਮਹਾਤਮਾ ਇਨਕਲੇਵ ’ਚ ਕਰੀਬ 5 ਕਰੋੜ ਰੁਪਏ ਦੀ ਲਾਗਤ ਨਾਲ 2 ਏਕੜ ਥਾਂ ’ਤੇ ਨਵੇਂ ਬਣ ਰਹੇ ਸਰਕਾਰੀ ਸਕੂਲ, ਟਿੱਬਾ ਥਾਣੇ ਦੀ ਲਗਪਗ 50 ਲੱਖ ਦੀ ਲਾਗਤ ਨਾਲ ਬਣ ਰਹੀ ਬਿਲਡਿੰਗ, ਟਿੱਬਾ ਥਾਣੇ ਦੇ ਸਾਹਮਣੇ ਲਗਪਗ 3 ਹਜ਼ਾਰ ਵਰਗ ਗਜ਼ ਥਾਂ ’ਚ ਬਣ ਰਹੇ ਨਵੇਂ 66 ਕੇਵੀ ਸਬ ਸਟੇਸ਼ਨ, ਟਿੱਬਾ ਰੋਡ ’ਤੇ 2 ਏਕੜ ’ਚ 50 ਲੱਖ ਦੀ ਲਾਗਤ ਨਾਲ ਬਣ ਰਹੇ ਕਬਰਿਸਤਾਨ, ਟਿੱਬਾ ਰੋਡ ’ਤੇ ਹਿੰਦੂ ਸਿੱਖ ਸਮਾਜ ਲਈ 2 ਏਕੜ ਜਗ੍ਹਾਂ ’ਚ ਲਗਪਗ 85 ਲੱਖ ਰੁਪਏ ਦੀ ਲਾਗਤ ਨਾਲ ਬਣੇ ਸਮਸ਼ਾਨਘਾਟ ਤਿਆਰ ਕੀਤਾ ਗਿਆ ਹੈ।

Advertisement
Author Image

joginder kumar

View all posts

Advertisement
Advertisement
×