For the best experience, open
https://m.punjabitribuneonline.com
on your mobile browser.
Advertisement

ਬਿੱਟੂ ਨੂੰ ਕੇਂਦਰੀ ਮੰਤਰੀ ਮੰਡਲ ’ਚ ਥਾਂ ਮਿਲਣ ’ਤੇ ਭਾਜਪਾਈ ਬਾਗ਼ੋ-ਬਾਗ਼

07:38 AM Jun 10, 2024 IST
ਬਿੱਟੂ ਨੂੰ ਕੇਂਦਰੀ ਮੰਤਰੀ ਮੰਡਲ ’ਚ ਥਾਂ ਮਿਲਣ ’ਤੇ ਭਾਜਪਾਈ ਬਾਗ਼ੋ ਬਾਗ਼
ਭਾਜਪਾ ਵਰਕਰ ਲੁਧਿਆਣਾ ਵਿੱਚ ਖੁਸ਼ੀ ਮਨਾਉਂਦੇ ਹੋਏ। -ਫੋਟੋ: ਇੰਦਰਜੀਤ ਵਰਮਾ
Advertisement

ਗੁਰਿੰਦਰ ਸਿੰਘ
ਲੁਧਿਆਣਾ, 9 ਜੂਨ
ਦੇਸ਼ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦੀ ਤੀਜੀ ਵਾਰ ਸਰਕਾਰ ਬਣਨ ਅਤੇ ਸਾਬਕਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਕੇਂਦਰੀ ਰਾਜ ਮੰਤਰੀ ਬਣਨ ’ਤੇ ਭਾਜਪਾ ਵਰਕਰਾਂ ਨੇ ਖ਼ੁਸ਼ੀਆਂ ਮਨਾਈਆਂ ਅਤੇ ਭੰਗੜੇ ਪਾ ਕੇ ਲੱਡੂ ਵੰਡੇ।
ਭਾਜਪਾ ਆਗੂ ਅਤੇ ਵਰਕਰ ਘੰਟਾ ਘਰ ਚੌਕ ਵਿੱਚ ਇਕੱਠੇ ਹੋਏ ਜਿੱਥੇ ਉਨ੍ਹਾਂ ਦੀਪ ਮਾਲਾ ਕਰ ਕੇ ਲੱਡੂ ਵੰਡੇ ਅਤੇ ਭੰਗੜੇ ਪਾ ਕੇ ਖੁਸ਼ੀਆਂ ਮਨਾਈਆਂ। ਆਗੂਆਂ ਨੇ ਸਾਬਕਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਬਣਾਉਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਲੁਧਿਆਣਾ ਨੂੰ 12 ਸਾਲ ਬਾਅਦ ਕੇਂਦਰੀ ਮੰਤਰੀ ਮੰਡਲ ਵਿੱਚ ਥਾਂ ਮਿਲੀ ਹੈ। ਇਸ ਤੋਂ ਪਹਿਲਾਂ ਸਾਲ 2012 ਵਿੱਚ ਮਨੀਸ਼ ਤਿਵਾੜੀ ਨੂੰ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਵਿੱਚ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਸੀ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਦੇਸ਼ ਦੀ ਜਨਤਾ ਨੇ ਪਿਛਲੇ 10 ਸਾਲਾਂ ਦੌਰਾਨ ਮੋਦੀ ਸਰਕਾਰ ਵੱਲੋਂ ਕੀਤੇ ਕੰਮਾਂ ਨੂੰ ਦੇਖਦਿਆਂ ਮੁੜ ਫ਼ਤਵਾ ਦਿੱਤਾ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਦੇਸ਼ ਦੀ ਤਰੱਕੀ ਅਤੇ ਵਿਕਾਸ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਸਨ। ਨਰਿੰਦਰ ਮੋਦੀ ਪਿਛਲੇ ਸਮੇਂ ਦੌਰਾਨ ਰਹਿ ਗਏ ਕੰਮਾਂ ਨੂੰ ਪੂਰਾ ਕਰ ਕੇ ਨਵਾਂ ਇਤਿਹਾਸ ਰਚਣਗੇ।
ਇਸ ਮੌਕੇ ਪੁਸ਼ਪਿੰਦਰ ਸਿੰਗਲ, ਪ੍ਰੇਮ ਮਿੱਤਲ, ਕਮਲਜੀਤ ਸਿੰਘ ਕੜਵਲ, ਵਿਪਨ ਸੂਦ ਕਾਕਾ, ਪਰਮਿੰਦਰ ਮਹਿਤਾ, ਨਿਰਮਲ ਸਿੰਘ ਐੱਸਐੱਸ, ਮਹੇਸ਼ ਸ਼ਰਮਾ, ਨਾਵਲ ਜੈਨ, ਡਾ. ਸਤੀਸ਼ ਕੁਮਾਰ, ਨੀਰਜ ਵਰਮਾ, ਸੰਜੀਵ ਚੌਧਰੀ, ਸੀਮਾ ਸ਼ਰਮਾ, ਜਸਵਿੰਦਰ ਸਿੰਘ ਸੰਧੂ, ਸੁਖਦੇਵ ਸਿੰਘ ਗਿੱਲ ਅਤੇ ਰਜੇਸ਼ ਮਿਸ਼ਰਾ ਤੋਂ ਇਲਾਵਾ ਵੱਖ-ਵੱਖ ਮੰਡਲਾਂ ਦੇ ਪ੍ਰਧਾਨ ਸੈੱਲਾਂ ਦੇ ਚੇਅਰਮੈਨ ਅਤੇ ਹੋਰ ਆਗੂ ਹਾਜ਼ਰ ਸਨ।
ਇਸ ਦੌਰਾਨ ਭਾਜਪਾ ਆਗੂ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਹੇਠ ਕਮਲ ਦੇ ਫੁੱਲ ਵਾਲਾ ਕੇਸਰੀ ਰੰਗ ਦਾ ਕੇਕ ਕੱਟ ਕੇ ਖ਼ੁਸ਼ੀਆਂ ਮਨਾਈਆਂ ਗਈਆਂ।

Advertisement

ਪੰਜਾਬ ਦੇ ਲਟਕਦੇ ਮਸਲੇ ਹੱਲ ਕਰਵਾਉਣਗੇ ਬਿੱਟੂ: ਟਿੱਕਾ

ਸੀਨੀਅਰ ਭਾਜਪਾ ਆਗੂ ਅਮਰਜੀਤ ਸਿੰਘ ਟਿੱਕਾ ਦੀ ਅਗਵਾਈ ਹੇਠ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਚੌਕ, ਮਾਡਲ ਟਾਊਨ ਐਕਸਟੈਨਸ਼ਨ ਵਿੱਚ ਵੀ ਲੱਡੂ ਵੰਡ ਕੇ ਖੁਸ਼ੀਆਂ ਮਨਾਈਆਂ ਗਈਆਂ। ਇਸ ਮੌਕੇ ਸ੍ਰੀ ਟਿੱਕਾ ਨੇ ਸਾਬਕਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਮੰਤਰੀ ਬਣਨ ’ਤੇ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਰਵਨੀਤ ਬਿੱਟੂ ਨੂੰ ਵੀ ਮੁਬਾਰਕਬਾਦ ਦਿੱਤੀ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਭਾਜਪਾ ਸਰਕਾਰ ਵਿੱਚ ਮੰਤਰੀ ਬਣ ਕੇ ਬਿੱਟੂ ਪੰਜਾਬ ਦੇ ਲਟਕ ਰਹੇ ਮਸਲੇ ਹੱਲ ਕਰਵਾਉਣ ਲਈ ਆਪਣਾ ਵੱਡਾ ਯੋਗਦਾਨ ਪਾਉਣਗੇ।

Advertisement
Author Image

Advertisement
Advertisement
×