For the best experience, open
https://m.punjabitribuneonline.com
on your mobile browser.
Advertisement

ਭਾਦੋਂ ਦੇ ਛਰਾਟੇ, ਕਿਤੇ ਵਾਧੇ ਕਿਤੇ ਘਾਟੇ

08:42 AM Sep 07, 2024 IST
ਭਾਦੋਂ ਦੇ ਛਰਾਟੇ  ਕਿਤੇ ਵਾਧੇ ਕਿਤੇ ਘਾਟੇ
Advertisement

ਜੱਗਾ ਸਿੰਘ ਆਦਮਕੇ

ਹਰ ਖਿੱਤੇ ਵਿੱਚ ਸਾਲ ਦੇ ਵੱਖ ਵੱਖ ਮਹੀਨਿਆਂ ਦਾ ਆਪਣਾ ਆਪਣਾ ਮੱਹਤਵ ਹੁੰਦਾ ਹੈ। ਸਬੰਧਤ ਖਿੱਤੇ ਦਾ ਬਹੁਤ ਕੁਝ ਇਨ੍ਹਾਂ ਮਹੀਨਿਆ ਨਾਲ ਜੁੜਿਆ ਹੋਇਆ ਹੁੰਦਾ ਹੈ। ਕੁਝ ਇਸੇ ਤਰ੍ਹਾਂ ਹੀ ਪੰਜਾਬੀ ਜਨ ਜੀਵਨ ਵਿੱਚ ਵੀ ਦੇਸੀ ਮਹੀਨਿਆਂ ਦਾ ਵਿਸ਼ੇਸ਼ ਮਹੱਤਵ ਹੈ। ਮੋਟੇ ਰੂਪ ਵਿੱਚ ਇਨ੍ਹਾਂ ਮਹੀਨਿਆਂ ਨਾਲ ਮੌਸਮ ਅਤੇ ਰੁੱਤਾਂ ਵਿੱਚ ਆਉਂਦੀ ਤਬਦੀਲੀ ਜੁੜੀ ਹੋਈ ਹੈ। ਹਰ ਮਹੀਨੇ ਦਾ ਆਪਣਾ ਸੱਭਿਆਚਾਰਕ ਅਤੇ ਸਮਾਜਿਕ ਪੱਖਾਂ ਤੋਂ ਮਹੱਤਵ ਹੈ। ਇਨ੍ਹਾਂ ਮਹੀਨਿਆਂ ਵਿੱਚੋਂ ਸਾਉਣ ਤੇ ਭਾਦੋਂ ਬਰਸਾਤਾਂ ਦੇ ਮਹੀਨੇ ਹੋਣ ਕਾਰਨ ਹੋਰ ਵੀ ਮਹੱਤਵ ਰੱਖਣ ਵਾਲੇ ਹਨ।
ਭਾਦੋਂ ਦੇਸੀ ਸਾਲ ਦਾ ਛੇਵਾਂ ਮਹੀਨਾ ਹੈ। ਜਿੱਥੇ ਸਾਉਣ ਮਹੀਨੇ ਵਿੱਚ ਨਮੀ ਭਰਪੂਰ ਮੌਨਸੂਨੀ ਪੌਣਾਂ ਕਾਰਨ ਨਿੱਕੀ ਨਿੱਕੀ ਕਣੀ ਦੀਆਂ ਬਰਸਾਤਾਂ ਜਨ ਜੀਵਨ, ਬਨਸਪਤੀ ਨੂੰ ਵੱਖਰੀ ਰੰਗੀਨੀ ਪ੍ਰਦਾਨ ਕਰਨ ਲਈ ਵਰਦਾਨ ਸਾਬਤ ਹੁੰਦੀਆਂ ਹਨ, ਉੱਥੇ ਭਾਦੋਂ ਮਹੀਨੇ ਮੌਨਸੂਨੀ ਪੌਣਾਂ ਵਾਪਸ ਮੁੜਨੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਬਰਸਾਤਾਂ ਵਿੱਚ ਕੁਝ ਵਿਰਾਮ ਲੱਗਦਾ ਹੈ। ਜਿਹੜੀ ਬਰਸਾਤ ਹੁੰਦੀ ਹੈ, ਉਹ ਵੀ ਸਾਉਣ ਨਾਲੋਂ ਕੁਝ ਵੱਖਰੀ ਕਿਸਮ ਦੀ ਹੁੰਦੀ ਹੈ। ਕਈ ਵਾਰ ਉਮੀਦ ਅਨੁਸਾਰ ਬਰਸਾਤ ਨਹੀਂ ਹੁੰਦੀ ਅਤੇ ਕਈ ਵਾਰ ਉਮੀਦ ਜਾਂ ਕਿਸੇ ਭਵਿੱਖਬਾਣੀ ਦੇ ਉਲਟ ਅਚਾਨਕ ਹੀ ਤੇਜ਼ ਕਣੀਆਂ ਵਾਲਾ ਮੀਂਹ ਪੈਣਾ ਸ਼ੁਰੂ ਹੁੰਦਾ ਹੈ। ਅਜਿਹਾ ਹੋਣ ਕਾਰਨ ਕਹਾਵਤ ਪ੍ਰਸਿੱਧ ਹੈ ‘ਭਾਦੋਂ ਦੇ ਛਰਾਟੇ, ਗੁੰਨ੍ਹੇ ਰਹਿ ਗਏ ਆਟੇ’। ਇਸ ਦੇ ਨਾਲ ਨਾਲ ਇਸ ਸਮੇਂ ਵਿਸ਼ਾਲ ਖੇਤਰ ਵਿੱਚ ਇੱਕੋ ਸਮੇਂ ਮੀਂਹ ਪੈਣ ਦੀ ਬਜਾਏ ਟੁੱਟਵਾਂ ਮੀਂਹ ਪੈਂਦਾ ਹੈ। ਅਜਿਹਾ ਹੋਣ ਕਾਰਨ ਪ੍ਰਸਿੱਧ ਹੈ ‘ਭਾਦੋਂ ਦੇ ਛਰਾਟੇ, ਕਿਤੇ ਵਾਧੇ ਕਿਤੇ ਘਾਟੇ।’ ਇਸ ਸਮੇਂ ਕਈ ਵਾਰ ਕਿਸੇ ਵਿਸ਼ੇਸ਼ ਥਾਂ ਦੇ ਇੱਕ ਪਾਸੇ ਧੁੱਪ ਖਿੜੀ ਹੁੰਦੀ ਹੈ ਅਤੇ ਦੂਸਰੇ ਪਾਸੇ ਮੀਂਹ ਪੈ ਰਿਹਾ ਹੁੰਦਾ ਹੈ। ਭਾਦੋਂ ਦੇ ਇਸ ਵਰਤਾਰੇ ਨੂੰ ‘ਗਿੱਦੜ ਗਿੱਦੜੀ ਦਾ ਵਿਆਹ’ ਦੇ ਰੂਪ ਵਿੱਚ ਬਿਆਨਿਆ ਜਾਂਦਾ ਹੈ।
ਇਸ ਦੇ ਨਾਲ ਨਾਲ ਭਾਦੋਂ ਮਹੀਨੇ ਪਿੰਡੇ ਵਿੱਚ ਖੁੱਭਣ ਵਾਲੀ ਤੇਜ਼ ਧੁੱਪ ਪੈਂਦੀ ਹੈ। ਅਜਿਹਾ ਹੋਣ ਕਾਰਨ ਹੀ ਭਾਦੋਂ ਦੇ ਇਸ ਸੁਭਾਅ ਦਾ ਵਰਣਨ ਲੋਕ ਬੋਲੀ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ:
ਸਾਉਣ ਮਹੀਨੇ ਲੱਗਦੀਆਂ ਝੜੀਆਂ
ਭਾਦੋਂ ਧੁੱਪ ਕੜਾਕੇ

Advertisement

ਵੱਡੇ ਘਰਾਂ ਨੇ ਕੀਤਾ ਤਿਹੌਲਾ
ਖੰਡ ਘਿਓ ਖੂਬ ਰਲ਼ਾ ਕੇ

ਮਾੜਿਆਂ ਘਰਾਂ ਨੇ ਕੀਤੀ ਗੋਈ
ਗੁੜ ਦੀ ਰੋੜੀ ਪਾ ਕੇ।
ਭਾਦੋਂ ਮਹੀਨੇ ਹਵਾ ਵਿੱਚ ਵਧੇਰੇ ਨਮੀ ਅਤੇ ਤੇਜ਼ ਧੁੱਪ ਕਾਰਨ ਪੈਦਾ ਹੋਏ ਹੁੰਮਸ ਕਾਰਨ ਵੱਖਰੀ ਕਿਸਮ ਦੀ ਗਰਮੀ ਹੁੰਦੀ ਹੈ। ਅਜਿਹਾ ਹੋਣ ਕਾਰਨ ਪ੍ਰਸਿੱਧ ਹੈ ਕਿ ਭਾਦੋਂ ਮਹੀਨੇ ਦੀ ਅਜਿਹੀ ਗਰਮੀ ਕਾਰਨ ਖੇਤੀਬਾੜੀ ਦਾ ਕੰਮ ਕਰਨ ਵਾਲੇ ਗਰਮੀ ਤੋਂ ਤੰਗ ਆ ਕੇ ਸੰਨਿਆਸ ਲੈ ਲੈਂਦੇ ਹਨ, ਪਰ ਅਸਲ ਵਿੱਚ ਇਸ ਦਾ ਅਰਥ ਖੇਤਾਂ ਵਿੱਚ ਹਰੀਆਂ ਭਰੀਆਂ ਫ਼ਸਲਾਂ ਦੀ ਸਾਂਭ ਸੰਭਾਲ ਲਈ ਹੁੰਮਸ ਤੇ ਭੜਧਾਅ ਵਾਲੀ ਗਰਮੀ ਵਿੱਚ ਸੰਨਿਆਸੀ ਵਾਂਗ ਕਰਮ ਕਮਾਉਂਦੇ ਹੋਣ ਤੋਂ ਹੈ। ਬਰਸਾਤਾਂ ਕਾਰਨ ਚਿੱਕੜ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ, ਕੜਕਦੀ ਧੁੱਪ ਅਤੇ ਹੁੰਮਸ ਵਿੱਚ ਫ਼ਸਲਾਂ ਦੀ ਗੋਡੀ ਆਦਿ ਕਿਸੇ ਸਾਧੂ ਦੇ ਭਗਤੀ ਕਰਨ ਤੋਂ ਕਿਸੇ ਤਰ੍ਹਾਂ ਘੱਟ ਨਹੀਂ ਹੁੰਦਾ। ਅਜਿਹਾ ਹੋਣ ਕਾਰਨ ਇਸ ਮਹੀਨੇੇ ਪ੍ਰਤੀ ਪ੍ਰਸਿੱਧ ਹੈ;
ਭਾਦੋਂ ਮਹੀਨੇ ਦੇ ਵੱਟ
ਸਾਧ ਬਣਾ ਤੇ ਜੱਟ।
ਭਾਦੋਂ ਦੀ ਧੁੱਪ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਜਿਹੜੀ ਕਾਫ਼ੀ ਪਰੇਸ਼ਾਨ ਕਰਦੀ ਹੈ। ਇਹ ਕੁਝ ਉਸੇ ਤਰ੍ਹਾਂ ਮਹਿਸੂਸ ਹੁੰਦੀ ਹੈ ਜਿਵੇਂ ਕਿਸੇ ਨੂੰ ਉਸ ਦੀ ਮਤਰੇਈ ਮਾਂ ਦੇ ਝਿੜਕੇ ਹੋਣ ’ਤੇ ਹੁੰਦੀ ਹੈ। ਭਾਦੋਂ ਦੀਆਂ ਤੇਜ਼ ਧੁੱਪਾਂ ਸਬੰਧੀ ਅਜਿਹੇ ਪੱਖ ਕਾਰਨ ਕਈ ਕਹਾਵਤਾਂ ਕੁਝ ਇਸ ਤਰ੍ਹਾਂ ਮਿਲਦੀਆਂ ਹਨ;
ਭਾਦੋਂ ਦੀ ਤਿੜਕੀ, ਮਤਰੇਈ ਦੀ ਝਿੜਕੀ।
ਸਾਉਣ ਭਾਦੋਂ ਭਾਵੇਂ ਦੋਵੇਂ ਹੀ ਮਹੀਨੇ ਬਰਸਾਤਾਂ ਦੇ ਮਹੀਨੇ ਹਨ, ਪਰ ਇਨ੍ਹਾਂ ਵਿੱਚ ਇੱਕ ਪ੍ਰਮੁੱਖ ਵਖਰੇਵਾਂ ਸਾਉਣ ਮਹੀਨੇ ਦੀਆਂ ਬਹਾਰਾਂ ਵਿੱਚ ਕੁੜੀਆਂ ਦੇ ਪੇਕੇ ਪਿੰਡ ਤੀਆਂ ਮਨਾਉਣ ਦੀ ਖ਼ੁਸ਼ੀ ਵਿੱਚ ਆਉਣਾ ਅਤੇ ਦੂਸਰੇ ਪਾਸੇ ਭਾਦੋਂ ਮਹੀਨੇ ਪੇਕੇ ਪਿੰਡ ਦੀ ਸਰਦਾਰੀ ਛੱਡ ਕੇ ਮੁੜ ਸਹੁਰੇ ਪਿੰਡ ਜਾਣ ਦਾ ਵਰਤਾਰਾ ਵੀ ਜੁੜਿਆ ਹੋਇਆ ਹੈ। ਅਜਿਹਾ ਹੋਣ ਕਾਰਨ ਸਾਉਣ ਮਿਲਾਪ ਕਰਵਾਉਣ ਵਾਲਾ ਅਤੇ ਭਾਦੋਂ ਸਹੇਲੀਆਂ ਵਿੱਚ ਵਿਛੋੜੇ ਪਾਉਣ ਵਾਲਾ ਸਾਬਤ ਹੁੰਦਾ ਹੈ। ਅਜਿਹਾ ਹੋਣ ਕਾਰਨ ਕੁੜੀਆਂ ਵੱਲੋਂ ਤੀਆਂ ਦੇ ਅਖੀਰਲੇ ਦਿਨ ਪਾਈ ਜਾਂਦੀ ਬੋਲੀ ਵਿੱਚ ਇਸ ਵਰਤਾਰੇ ਸਬੰਧੀ ਕਿਹਾ ਕੁਝ ਇਸ ਤਰ੍ਹਾਂ ਮਿਲਦਾ ਹੈ;
* ਸਾਉਣ ਵੀਰ ’ਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ

* ਭਾਦੋਂ ਕੜਕ ਚੜ੍ਹੀ
ਕੁੜੀਆਂ ਦੇ ਪੈਣ ਵਿਛੋੜੇ

* ਚੰਦਰੀ ਭਾਦੋਂ ਕਾਹਦੀ ਚੜ੍ਹੀ
ਕੁੜੀਆਂ ਦੇ ਘਰ ਆਪਣੇ ਵੱਲ ਚਾਲੇ।
ਹੋਰਨਾਂ ਪੱਖਾਂ ਦੇ ਨਾਲ ਨਾਲ ਵੱਖ ਵੱਖ ਮਹੀਨਿਆਂ ਨਾਲ ਬਹੁਤ ਸਾਰੇ ਲੋਕ ਵਿਸ਼ਵਾਸ ਜੁੜੇ ਹੋਏ ਹਨ। ਦੂਸਰੇ ਮਹੀਨਿਆਂ ਵਾਂਗ ਭਾਦੋਂ ਦੇ ਮਹੀਨੇ ਸਬੰਧੀ ਬਹੁਤ ਸਾਰੇ ਲੋਕ ਵਿਸ਼ਵਾਸ ਵੀ ਮਿਲਦੇ ਹਨ;
ਮਾਘਣ ਮੱਝ ਮਾੜੀ
ਭਾਦੋਂ ਗਾਂ ਮਾੜੀ।
ਸਾਉਣ ਭਾਦੋਂ ਬਰਸਾਤਾਂ ਦੀ ਰੁੱਤ ਕਾਰਨ ਨਮੀ ਹੋਣ ਕਾਰਨ ਸੂਖਮ ਜੀਵਾਂ ਦੀਆਂ ਗਤੀਵਿਧੀਆਂ ਵੀ ਤੇਜ਼ ਹੋ ਜਾਂਦੀਆਂ ਹਨ। ਇਸ ਨਾਲ ਕਈ ਸਰੀਰਕ ਸਮੱਸਿਆਵਾਂ ਪੈਦਾ ਹੋਣ ਦਾ ਵੀ ਡਰ ਹੁੰਦਾ ਹੈ। ਅਜਿਹਾ ਹੋਣ ਕਾਰਨ ਖਾਣ ਪੀਣ ਨਾਲ ਸਬੰਧਤ ਪਰਹੇਜ਼ ਆਦਿ ਸਬੰਧੀ ਲੋਕ ਸਿਆਣਪਾਂ ਕੁਝ ਇਸ ਤਰ੍ਹਾਂ ਮਿਲਦੀਆਂ ਹਨ;
* ਸਾਉਣ ਕੜ੍ਹੀ, ਭਾਦੋਂ ਵੜੀ।
* ਭਾਦੋਂ ਛੋਲੇ ਵੈਸਾਖ ਵਿੱਚ ਚੌਲ ਚੰਗੇ
ਮਾਘ ਖਿਚੜੀ ਦਾ ਆਹਰ ਬੇਲੀ।
ਭਾਵੇਂ ਭਾਦੋਂ ਦਾ ਮਹੀਨਾ ਕਈ ਵਾਰ ਕਈ ਕਈ ਦਿਨਾਂ ਦੀਆਂ ਝੜੀਆਂ, ਹੁੰਮਸ ਅਤੇ ਕਦੇ ਕੜਾਕੇ ਦੀ ਧੁੱਪ ਭਰਪੂਰ ਹੁੰਦਾ ਹੈ, ਪਰ ਫਿਰ ਵੀ ਸਾਉਣੀ ਦੀ ਫ਼ਸਲ ਆਉਣ ਦਾ ਸਮਾਂ ਨੇੜੇ ਹੋਣ ਦੇ ਨਾਲ ਨਾਲ ਦੁੱਧ ਦੀ ਵੀ ਬਹੁਤਾਤ ਹੁੰਦੀ ਹੈ। ਅਜਿਹਾ ਹੋਣ ਕਾਰਨ ਇਸ ਸਮੇਂ ਵਿਆਹ ਵੀ ਕੀਤੇ ਜਾਂਦੇ ਸਨ। ਇਸ ਦੇ ਨਾਲ ਇਸ ਸਮੇਂ ਮੁਕਲਾਵੇ ਵੀ ਦਿੱਤੇ ਜਾਂਦੇ ਸਨ। ਇਸ ਮਹੀਨੇ ਦੇ ਅਜਿਹੇ ਪੱਖ ਦਾ ਜ਼ਿਕਰ ਗੀਤਾਂ ਤੇ ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈੈ;
* ਕਾਰੀਗਰ ਨੂੰ ਦਿਓ ਵਧਾਈ
ਚਰਖਾ ਜਿਹਨੇ ਬਣਾਇਆ
ਰੰਗਲੇ ਮੁੁੰਨੇ ਰੰਗਲੀਆਂ ਮੁੰਨੀਆਂ
ਗੋਲ ਮਝੇਰੂ ਪਾਇਆ

ਮੇਖਾਂ ਲਾਈਆਂ ਵਿੱਚ ਸੁਨਹਿਰੀ
ਹੀਰਿਆਂ ਜੜਤ ਜੜਾਇਆ
ਬੀੜਿਆਂ ਦੇ ਨਾਲ ਖਹੇ ਦਮਕੜਾ
ਤਕਲਾ ਫਿਰੇ ਸਵਾਇਆ
ਕੱਤ ਲੈ ਕੁੜੀਏ ਨੀਂ
ਤੇਰਾ ਵਿੱਚ ਭਾਦੋਂ ਵਿਆਹ ਆਇਆ।

* ਤੀਆਂ ਤੀਜ ਦੀਆਂ
ਭਾਦੋਂ ਦੇ ਮੁਕਲਾਵੇ।
ਭਾਵੇਂ ਭਾਦੋਂ ਮਹੀਨਾ ਵੀ ਬਰਸਾਤਾਂ ਦਾ ਮਹੀਨਾ ਹੁੰਦਾ ਹੈ, ਪਰ ਕਈ ਵਾਰ ਇਹ ਮਹੀਨਾ ਬਰਸਾਤ ਤੋਂ ਸੱਖਣਾ ਚਲਾ ਜਾਂਦਾ ਹੈ। ਇਸ ਦੇ ਉਲਟ ਜੇਕਰ ਭਾਦੋਂ ਵਿੱਚ ਵੀ ਚੰਗੀ ਮਾਤਰਾ ਵਿੱਚ ਮੀਂਹ ਪੈ ਜਾਵੇ ਤਾਂ ਸਾਉਣ ਦੀਆਂ ਝੜੀਆਂ ਨਾਲ ਜਵਾਨ ਹੋਈਆਂ ਫ਼ਸਲਾਂ ਭਰਪੂਰ ਮਾਤਰਾ ਵਿੱਚ ਝਾੜ ਦਿੰਦੀਆਂ ਹਨ। ਅਜਿਹਾ ਹੋਣ ਕਾਰਨ ਭਾਦੋਂ ਦੇ ਮਹੀਨੇ ਦੀ ਬਰਸਾਤ ਦੇ ਮਹੱਤਵ ਨੂੰ ਟੱਪਿਆਂ ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਬਿਆਨ ਕੀਤਾ ਮਿਲਦਾ ਹੈ;
ਭਾਦੋਂ ਦੇ ਵਿੱਚ ਵਰਖਾ ਹੋਵੇ
ਕਾਲ ਪਿਛੋਕੜ ਬਹਿ ਕੇ ਰੋਵੇ
ਭਾਦੋਂ ਦੀ ਤੇਜ਼ ਧੁੱਪ ਜਿੱਥੇ ਹੋਰ ਪੱਖਾਂ ਤੋਂ ਆਪਣਾ ਪ੍ਰਭਾਵ ਪਾਉਂਦੀ ਹੈ, ਉੱਥੇ ਸਰੀਰ ਦੇ ਰੰਗ ਨੂੰ ਵੀ ਕਾਲਾ ਕਰਨ ਦਾ ਕੰਮ ਕਰਦੀ ਹੈ;
ਭਾਦੋਂ ਕਰੇ ਬਦਰੰਗ
ਗੋਰੇ ਤੋਂ ਕਾਲਾ ਹੋਵੇ ਰੰਗ
ਇਸ ਤਰ੍ਹਾਂ ਭਾਦੋਂ ਮਹੀਨੇ ਦੇ ਆਪਣੇ ਰੰਗ ਅਤੇ ਵਿਲੱਖਣਤਾ ਹੈ। ਕਦੇ ਖੁਸ਼ਕੀ, ਕਦੇ ਬਰਸਾਤਾਂ ਕਾਰਨ ਚਿੱਕੜ ਤੇ ਮੱਖੀ ਮੱਛਰ ਵਰਗੇ ਵਰਤਾਰੇ ਵਾਪਰਦੇ ਹਨ। ਭਾਦੋਂ ਮਹੀਨਾ ਬਰਸਾਤਾਂ, ਝੜੀਆਂ, ਕੜਾਕੇ ਦੀਆਂ ਧੁੱਪਾਂ, ਹੁੰਮਸ, ਲੋਕਾਂ ਦੇ ਕੰਮਾਂ ਕਾਰਾਂ ਦੇ ਰੁਝੇਵੇਂ ਆਦਿ ਅਨੇਕਾਂ ਪੱਖਾਂ ਨੂੰ ਆਪਣੇ ਅੰਦਰ ਸਮੇਟ ਕੇ ਆਪਣੀ ਵੱਖਰੀ ਪਹਿਚਾਣ ਬਣਾਉਂਦਾ ਹੈ।
ਸੰਪਰਕ: 81469-24800

Advertisement
Author Image

joginder kumar

View all posts

Advertisement